www.sursaanjh.com > News > ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ
ਐਸ.ਏ.ਐਸ. ਨਗਰ (ਸੁਰ ਸਾਂਝ ਬਿਊਰੋ-ਗੁਰਦਰਸ਼ਨ ਸਿੰਘ ਮਾਵੀ), 26 ਦਸੰਬਰ:
ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਵਿਚ ਪ੍ਰਧਾਨਗੀ ਮੰਡਲ ਵੱਲੋ ਸਤਵਿੰਦਰ ਸਿੰਘ ਮੜੌਲਵੀ ਦਾ ਨਾਵਲ “ਚਾਨਣ ਦਾ ਰਾਹੀ” ਲੋਕ ਅਰਪਣ ਕੀਤਾ ਗਿਆ। ਪਰੋਗਰਾਮ ਦੇ ਸ਼ੁਰੂ ਵਿਚ ਪ੍ਰਸਿੱਧ ਕਾਲਮ-ਨਵੀਸ ਹਰਬੀਰ ਭੰਵਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਦਵਿੰਦਰ ਕੌਰ ਢਿੱਲੋਂ ਨੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਿਆਨ ਕਰਦਾ ਗੀਤ ਸੁਰੀਲੀ ਆਵਾਜ਼ ਵਿਚ ਸੁਣਾਇਆ। ਬਲਵਿੰਦਰ ਸਿੰਘ ਢਿਲੋਂ ਨੇ ਬਾਬੂ ਰਜਬ ਅਲੀ ਦਾ ਬਹੱਤਰ-ਕਲਾ ਛੰਦ ਜੋ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖਿਆ ਸੀ, ਬੁਲੰਦ ਆਵਾਜ਼ ਵਿਚ ਸੁਣਾਇਆ। ਪ੍ਰਧਾਨਗੀ ਮੰਡਲ ਵਿਚ ਸ਼੍ਰੋਮਣੀ ਸਾਹਿਤਕਾਰ ਮਨਮੋਹਣ ਸਿੰਘ ਦਾਊਂ, ਲੇਖਕ ਸਤਵਿੰਦਰ ਮੜੌਲਵੀ, ਸੇਵੀ ਰਾਇਤ, ਡਾ: ਅਵਤਾਰ ਸਿੰਘ ਪਤੰਗ ਸੁਸ਼ੋਭਿਤ ਸਨ। ਸਟੇਜ ਦੀ ਕਾਰਵਾਈ ਕੇਂਦਰ ਦੇ ਜਨਰਲ ਸਕੱਤਰ ਗੁਰਦਰਸ਼ਨ ਸਿੰਘ ਮਾਵੀ ਨੇ ਸੁਚੱਜੇ ਢੰਗ ਨਾਲ਼ ਚਲਾਈ।
ਨਾਵਲ ਬਾਰੇ ਪਰਚਾ ਪੜ੍ਹਦਿਆਂ ਪ੍ਰੋ: ਜਗਰੂਪ ਸਿੰਘ ਜੀ ਨੇ ਕਿਹਾ ਕਿ ਹਰ ਲਿਖਤ ਵਿਚ ਸਤਿਅਮ, ਸ਼ਿਵ, ਸੁੰਦਰ, ਦਾ ਅਸੂਲ ਲਾਗੂ ਹੋਣਾ ਚਾਹੀਦਾ ਹੈ। ਨਾਵਲ ਇਕ ਡਰਾਈਵਰ ਦੀ ਕਹਾਣੀ ਦਰਸਾਉਂਦਾ ਹੈ ਜੋ ਆਦਰਸ਼ ਬਣ ਕੇ ਸਮਾਜ ਵਿਚ ਵਿਚਰਦਾ ਹੈ। ਡਾ: ਹਰਨੇਕ ਸਿੰਘ ਕਲੇਰ ਨੇ ਕਿਹਾ ਕਿ ਨਾਵਲ ਵਿਚ ਕੋਈ ਇਕ ਮੁੱਖ ਕਹਾਣੀ ਨਹੀਂ ਹੈ, ਸਗੋਂ ਵੱਖੋ ਵੱਖ ਕਹਾਣੀਆਂ ਦਾ ਸੰਗ੍ਰਹਿ ਹੈ। ਸਮਾਜ ਵਾਸਤੇ ਕੋਈ ਸੇਧ ਨਹੀਂ ਮਿਲਦੀ। ਨਾਵਲ ਬਾਰੇ ਡਾ: ਅਵਤਾਰ ਸਿੰਘ ਪਤੰਗ, ਸੇਵੀ ਰਾਇਤ, ਸਰਦਾਰਾ ਸਿੰਘ ਚੀਮਾ, ਹਰਬੰਸ ਸਿੰਘ ਸੋਢੀ, ਡਾ: ਰਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਲੇਖਕ ਨੇ ਕਿਹਾ ਕਿ ਜੇ ਕਿਸੇ ਲਿਖਤ ਨੂੰ ਲੇਖਕ ਦੇ ਨਜ਼ਰੀਏ ਤੋਂ ਪੜ੍ਹਿਆ ਜਾਵੇ ਤਾਂ ਪੜ੍ਹਨਾ ਰੌਚਿਕ ਹੋ ਜਾਂਦਾ ਹੈ। ਸਮਾਜ ਨੂੰ  ਚੰਗੇ ਉਸਾਰੂ ਸਾਹਿਤ ਦੀ ਬਹੁਤ ਲੋੜ ਹੈ। ਪ੍ਰਧਾਨਗੀ ਭਾਸ਼ਣ ਵਿਚ ਦਾਊਂ ਜੀ ਨੇ ਕਿਹਾ ਕਿ ਲੇਖਕ ਦਾ ਪਹਿਲਾ ਨਾਵਲ, ਸਫਲ ਹੈ। ਉਹ ਆਪਣੇ ਆਦਰਸ਼ਵਾਦ ਦੇ ਸੁਨੇਹੇ ਨੂੰ ਬੜੇ ਸਹਿਜ ਨਾਲ ਪਾਠਕਾਂ ਤੱਕ ਪੁੱਜਦਾ ਕਰ ਜਾਂਦਾ ਹੈ। ਇਸ ਵਿਚ ਵਾਤਾਵਰਣ, ਪਸ਼ੂ- ਪੰਛੀਆਂ ਅਤੇ ਪਾਣੀ ਦੀ ਸੰਭਾਲ ਬਾਰੇ ਵੀ ਫਿਕਰਬੰਦੀ ਨਜ਼ਰ ਆਉਂਦੀ ਹੈ। ਅੰਤ ਵਿਚ ਡਾ: ਪਤੰਗ ਜੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਵਰਨ ਸਿੰਘ, ਜੁਧਵੀਰ ਸਿੰਘ, ਗੁਰਨਾਮ ਕੰਵਰ, ਊਸ਼ਾ ਕੰਵਰ, ਅਜਾਇਬ ਔਜਲਾ, ਸੁਰਜੀਤ ਸਿੰਘ ਧੀਰ, ਸੁਰਜੀਤ ਸਿੰਘ ਜੀਤ, ਗੁਰਨਾਮ ਬਿਜਲੀ, ਸੁਰਿੰਦਰ ਕੌਰ ਬਾੜਾ, ਪਰਮਜੀਤ ਪਰਮ, ਬਹਾਦਰ ਸਿੰਘ ਗੋਸਲ, ਮਲਕੀਅਤ ਬਸਰਾ, ਸਤਵੀਰ ਕੌਰ, ਹਰਪ੍ਰੀਤ ਕੌਰ, ਗੁਰਮੀਤ ਸਿੰਘ ਤਰਕਸ਼ੀਲ, ਮੋਹਨ ਲਾਲ ਰਾਹੀ, ਹਰਜੀਤ ਸਿੰਘ, ਭੁਪਿੰਦਰ ਭਾਗੋਮਾਜਰਾ ਅਤੇ ਰਾਣਾ ਸੂਫੀ ਬੂਲਪੁਰੀ ਹਾਜ਼ਰ ਸਨ। 

Leave a Reply

Your email address will not be published. Required fields are marked *