ਖਿਜ਼ਰਾਬਾਦ ਦੇ ਸਰਪੰਚ ਦੇ ਪਰਿਵਾਰ ਤੇ ਲੱਗੇ ਸ਼ਾਮਲਾਤ ਦੱਬਣ ਦੇ ਦੋਸ਼
ਪਰਿਵਾਰ ਦੇ ਮੈਂਬਰਾਂ ਨੇ ਦੋਸ਼ ਨਕਾਰੇ
ਚੰਡੀਗੜ੍ਹ 27 ਦਸੰਬਰ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ):


ਬਲਾਕ ਮਾਜਰੀ ਦੇ ਪਿੰਡ ਖਿਜਰਾਬਾਦ ਦੇ ਮੌਜੂਦਾ ਸਰਪੰਚ ਦੇ ਪਰਿਵਾਰ ‘ਤੇ ਪਿੰਡ ਦੇ ਹੀ ਕੁੱਝ ਵਸਨੀਕਾਂ ਨੇ ਸ਼ਾਮਲਾਤ ਜ਼ਮੀਨ ਦੱਬਣ ਦੇ ਦੋਸ਼ ਲਗਾਏ ਹਨ। ਪਿੰਡ ਵਾਸੀ ਗੁਰਮੀਤ ਸਿੰਘ, ਮਾਮਦੀਨ, ਤਰੁਨ ਬਾਂਸਲ ਤੇ ਗਗਨ ਸਮੇਤ ਹੋਰ ਮੈਂਬਰਾਂ ਨੇ ਇੱਕ ਪ੍ਰੇਸ ਕਾਨਫਰੰਸ ਵਿੱਚ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਸਰਪੰਚ ਦੇ ਪਰਿਵਾਰ ਵੱਲੋਂ ਪਿੰਡ ਦੀ ਹੀ ਸ਼ਾਮਲਾਤ ਜ਼ਮੀਨ ‘ਤੇ ਕਬਜ਼ਾ ਕੀਤਾ ਜਾ ਰਿਹਾ ਹੈ, ਜਦੋਂ ਕਿ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾਂ ਹੀ ਗਿਰਦਾਵਰੀ ਤਬਦੀਲ ਕਰਨ ਉਪਰੰਤ ਇਹ ਜ਼ਮੀਨ ਪੰਚਾਇਤ ਦੇ ਨਾਂ ਕੀਤੀ ਗਈ ਸੀ, ਜੋ ਗਿਰਦਾਵਰੀ ਪਹਿਲਾਂ ਸਰਪੰਚ ਦੇ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਂ ਤੇ ਚੱਲਦੀ ਸੀ। ਇਸ ਦੇ ਸਬੂਤ ਵਜੋਂ ਉਹਨਾਂ ਵੱਲੋਂ ਕਾਗਜ਼ ਵੀ ਦਿਖਾਏ ਗਏ ਹਨ ਪਰ ਸਰਪੰਚ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਇਸ ਜ਼ਮੀਨ ‘ਤੇ ਮਿਸਤਰੀ ਲਗਾ ਕੇ ਚਾਰਦਿਵਾਰੀ ਕਰ ਕੇ ਕਬਜ਼ਾ ਕੀਤਾ ਜਾ ਰਿਹਾ ਹੈ। ਪਿੰਡ ਦੇ ਬੱਸ ਅੱਡੇ ਕੋਲ ਇੱਕ ਕਨਾਲ ਜੋ ਜਗਾ ਹੈ, ਉਸਦੀ ਕੀਮਤ ਲੱਖਾਂ ਰੁਪਏ ਵਿਚ ਹੈ, ਇਸ ਸੰਬੰਧੀ ਉਪਰੋਕਤਾਂ ਨੇ ਲਿਖਤੀ ਸ਼ਿਕਾਇਤ ਸਬੰਧਤ ਵਿਭਾਗ ਨੂੰ ਵੀ ਦਿੱਤੀ ਹੈ, ਬਾਰੇ ਵੀ ਦੱਸਿਆ ਹੈ,ਪਰ ਸਰਪੰਚ ਮੌਜੂਦਾ ਸਰਕਾਰ ਦਾ ਹੋਣ ਕਰਕੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਉਹਨਾਂ ਕਿਹਾ ਜੇਕਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਵਾਂਗੇ। ਪਰ ਜਦੋਂ ਇਸ ਬਾਰੇ ਸਰਪੰਚ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਸਰਪੰਚ ਦੇ ਪਰਿਵਾਰ ਦੇ ਮੈਂਬਰਾਂ ਸਰਬਜੀਤ ਸਿੰਘ ਸਮੇਤ ਹੋਰ ਨੇ ਦੋਸ਼ ਨਕਾਰਦਿਆਂ ਕਿਹਾ ਕਿ ਇਹ ਜ਼ਮੀਨ ਸਾਡੀ ਆਪਣੀ ਹੀ ਹੈ ਜਿਸ ਤੇ ਤਕਰੀਬਨ ਚਾਲੀ ਪੰਜਾਹ ਸਾਲ ਤੋਂ ਵੱਧ ਦੇ ਉਹ ਕਾਬਜ਼ ਹਨ, ਉਹਨਾਂ ਕਿਹਾ ਜੇਕਰ ਕੋਈ ਇਹੋ ਜਿਹੀ ਗੱਲ ਹੋਈ ਤਾਂ ਉਹ ਆਪ ਇਹ ਕੰਮ ਬੰਦ ਕਰ ਦੇਣਗੇI ਸਰਬਜੀਤ ਸਿੰਘ ਨੇ ਕਿਹਾ ਕਿ ਸਾਡੇ ਪਰਿਵਾਰ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਜਿਹੜੇ ਸਾਡੇ ਤੇ ਅਜਿਹੇ ਦੋਸ਼ ਲਾਉਂਦੇ ਹਨ ਮੌਜੂਦਾ ਸਰਪੰਚ ਨੇ ਉਨ੍ਹਾਂ ਤੋਂ ਪੰਚਾਇਤੀ ਦੱਬੀਆ ਜਮੀਨਾਂ ਛਡਵਾਈਆਂ ਹਨ, ਜਦੋਂ ਕਿ ਸਾਡੇ ਕੋਲ ਇਸ ਜਗਾ ਦੇ ਸਾਰੇ ਕਾਗਜ਼ ਹਨ ਤੇ ਪੁਖਤਾ ਸਬੂਤ ਵੀ ਹਨ। ਪਰ ਮੌਕੇ ਤੇ ਉਨ੍ਹਾਂ ਕੋਲ ਕਾਗਜ਼ ਮੌਜੂਦ ਨਹੀਂ ਸੀ, ਉਹਨਾਂ ਇਹ ਵੀ ਕਿਹਾ ਕਿ ਜੇਕਰ ਇਹੋ ਜਿਹੀ ਗੱਲ ਹੈ ਤਾਂ ਅਸੀਂ ਸਰਕਾਰ ਦੇ ਉਲਟ ਨਹੀਂ ਜਾਵਾਂਗੇ। ਜਦੋਂ ਕਿ ਇਹ ਜ਼ਮੀਨ ਲਾਲ ਲਕੀਰ ਦੇ ਅੰਦਰ ਆਉਂਦੀ ਹੈ, ਜਿਸ ਵਿਚ ਅਸੀਂ ਆਪਣੇ ਬਜ਼ੁਰਗਾਂ ਦੇ ਸਮੇਂ ਤੋਂ ਹੀ ਕਾਬਜ਼ ਹਾਂ। ਜਾਣਕਾਰੀ ਅਨੁਸਾਰ ਦੋਵੇਂ ਧਿਰਾ ਜ਼ਮੀਨ ਸਬੰਧੀ ਦਸਤਾਵੇਜ਼ ਲਈ ਫਿਰਦੀਆਂ ਹਨ, ਦੇਖਣਾ ਹੋਵੇਗਾ ਕਿ ਪ੍ਰਸ਼ਾਸ਼ਨ ਕੀ ਕਾਰਵਾਈ ਕਰਦਾ ਹੈ।

