ਨੂਰੀ ਝਲਕ / ਰਮਿੰਦਰ ਰੰਮੀ
ਉਸਨੂੰ ਯਾਦ ਕਰਦਿਆਂ
ਧਿਆਉਂਦਿਆਂ ਹੋਇਆ
ਮਦਹੋਸ਼ੀ ਦੇ ਆਲਮ ਵਿੱਚ
ਆਪ ਮੁਹਾਰੇ ਅੱਖਾਂ
ਬੰਦ ਹੋਣ ਲੱਗੀਆਂ
ਕੱਦ ਨੀਂਦ ਨੇ ਆਪਣੇ
ਆਗੋਸ਼ ਵਿੱਚ ਭਰ ਲਿਆ
ਪਤਾ ਹੀ ਨਾ ਲੱਗਾ
ਅਚਾਨਕ ਅੱਖਾਂ ਸਾਹਵੇਂ
ਨੂਰੀ ਝਲਕ ਨੇ ਦੀਦਾਰ ਦਿੱਤਾ
ਚਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ
ਉਸ ਤੇਜ ਪ੍ਰਕਾਸ਼ ਨੂੰ ਦੇਖ
ਅੱਖਾਂ ਚੁੰਧਿਆ ਗਈਆਂ
ਖ਼ੁਸ਼ੀ ਦੇ ਆਲਮ ਵਿੱਚ ਦੋਵੇਂ ਹੱਥ ਜੋੜ
ਝੁੱਕ ਕੇ ਸੀਸ ਨਿਵਾਇਆ
ਲਰਜ਼ਦੀ ਅਵਾਜ਼ ਵਿੱਚ ਬੁਦਬੁਦਾਈ
ਕਿੱਥੇ ਸਉ ਮੇਰੇ ਪ੍ਰੀਤਮ
ਮੈਂ ਮੁੱਦਤਾਂ ਤੋਂ ਭੱਟਕ ਰਹੀ ਹਾਂ
ਆਪ ਦੀ ਤਲਾਸ਼ ਵਿੱਚ
ਮੇਰੇ ਗੁਰਦੇਵ ਮੈਨੂੰ ਰਸਤਾ ਦਿਖਾਉ
ਮੈਂ ਥੱਕ ਚੁੱਕੀ ਹਾਂ
ਗੁਰਦੇਵ ਮੁਸਕਰਾਏ ਤੇ ਕਿਹਾ
ਤੈਨੂੰ ਭੱਟਕਣ ਦੀ ਲੋੜ ਨਹੀਂ
ਜੋ ਮੈਨੂੰ ਮੁਹੱਬਤ ਕਰਦੇ ਨੇ
ਮੈਂ ਵੀ ਉਹਨਾਂ ਨੂੰ ਬਹੁਤ ਮੁਹੱਬਤ ਕਰਦਾ ਹਾਂ ਮੈਂ ਤੇਰੇ ਨਾਲ ਹਾਂ ਹਮੇਸ਼ਾਂ ਤੇ
ਕਦੀ ਤੇਰਾ ਸਾਥ ਨਹੀਂ ਛੱਡਾਂਗਾ
ਕੋਈ ਵੀ ਦੁੱਖ ਹੁਣ ਤੈਨੂੰ
ਛੂਹ ਨਹੀਂ ਸਕੇਗਾ
ਮੰਤਰ ਮੁੱਗਧ ਮੈਂ ਆਪਣੇ
ਪ੍ਰੀਤਮ ਨੂੰ ਸੁਣਦੀ ਰਹੀ, ਦੇਖਦੀ ਰਹੀ
ਬਿਨਾ ਅੱਖ ਝਪਕੇ
ਉਸਦਾ ਤੇਜ ਜਲੌਅ ਦੇਖ
ਅੱਖਾਂ ਮੂੰਦ ਗਈਆਂ
ਲੂੰ ਲੂੰ ਰੁਸ਼ਨਾ ਗਿਆ
ਅਧਮੋਈ ਹੋਈ ਨੂੰ ਨਵਜੀਵਨ ਮਿਲ ਗਿਆ
ਆਪਣੇ ਪ੍ਰੀਤਮ ਦੀਆਂ ਗੱਲਾਂ ਸੁਣ
ਖ਼ੁਸ਼ੀ ਦੇ ਆਲਮ ਵਿੱਚ
ਮੈਂ ਖੀਵੀ ਹੁੰਦੀ ਜਾਵਾਂ
ਮੈ ਫਿਰ ਬੁਦਬੁਦਾਈ,
ਮੇਰੇ ਗੁਰਦੇਵ ਮੈਨੂੰ ਬਚਾ ਲੋ
ਮੈਨੂੰ ਇਸ ਭਵਸਾਗਰ ‘ਚੋਂ,
ਬਾਹਰ ਨਿਕਾਲ ਦਿਉ
ਆਪਣੇ ਆਗੋਸ਼ ਵਿੱਚ ਭਰ ਲੋ
ਮੈਂ ਅਦ੍ਰਿਸ਼ ਹੋ ਜਾਣਾ ਚਾਹੁੰਦੀ ਹਾਂ
ਝੂਠੇ ਰਿਸ਼ਤਿਆਂ ਤੋਂ, ਫ਼ਰੇਬੀ ਲੋਕਾਂ ਤੋਂ
ਮੈਨੂੰ ਹੁਣ ਮੁਕਤ ਕਰ ਦਿਉ,
ਥੱਕ ਗਈ ਹਾਂ ਹੁਣ ਮੈਂ
ਮੈਥੋਂ ਨਹੀਂ ਹੁਣ ਜਰਿਆ ਜਾਂਦਾ,
ਸਕੂਨ ਨਾਲ ਜੀਊਣਾ ਚਾਹੁੰਦੀ ਹਾਂ
ਤੁਸੀਂ ਮੇਰਾ ਸਾਥ ਨਹੀਂ ਦਿਉਗੇ
ਤੇ ਮਰ ਜਾਵਾਂਗੀ ਮੈ
ਤੇਰੇ ਸਾਥ ਤੇ ਤੇਰੀ ਮੁਹੱਬਤ ਦੇ ਬਿਨਾਂ
ਮੈਂ ਜੀ ਨਹੀਂ ਸਕਾਂਗੀ, ਬਚਾ ਲੋ ਮੈਨੂੰ
ਇਕ ਕਾਂਬਾ ਛਿੜਿਆ,
ਨੀਂਦ ਟੁੱਟੀ ,ਡੋਰ ਭੋਰ ਹੋਈ
ਇੱਧਰ ਉਧਰ ਦੇਖਦੀ ਹਾਂ, ਉਹ !
ਕੀ ਇਹ ਸੱਭ ਸੁਪਨਾ ਹੀ ਸੀ,
ਲਰਜ਼ਦੇ ਹੋਂਠ ਫਰਕਦੇ ਨੇ, ਬੁਦਬੁਦਾਉਂਦੀ ਹਾਂ
ਮੇਰੇ ਪ੍ਰੀਤਮ ਕਿੱਥੇ ਹੋ ਤੁਸੀਂ
ਹੁਣੇ ਤੇ ਮੇਰੇ ਨਾਲ, ਗੱਲਾਂ ਪਏ ਕਰਦੇ ਸਉ ,
ਹੰਝੂ ਭਰੀਆਂ ਅੱਖਾਂ ਨਾਲ ਫਿਰ
ਇੱਧਰ ਉਧਰ ਦੇਖਦੀ ਹਾਂ,
ਉਹ ਨੂਰੀ ਝਲਕ ਕਿਤੇ ਨਹੀਂ ਸੀ
ਭਾਈ ਵੀਰ ਸਿੰਘ ਜੀ ਦੀ ਨਜ਼ਮ ਯਾਦ ਕਰ
ਬੁਦਬੁਦਾਉਂਦੀ ਹਾਂ
“ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾਅ ਗਲਵਕੜੀ ਪਾਈ
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ।”
|