ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਦੂਜਾ ਦਿਨ
ਕਿਸਾਨ ਪੰਜਾਬ ਬਚਾਉਣ ਲਈ ਸੰਘਰਸ਼ਸ਼ੀਲ ਅਤੇ ਜਵਾਨ ਕਰ ਰਹੇ ਨੇ ਪਰਵਾਸ
ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਦੂਜੇ ਦਿਨ ਪੰਜਾਬ ਦੇ ਵੱਖ-ਵੱਖ ਸਰੋਕਾਰਾਂ ‘ਤੇ ਹੋਈ ਚਰਚਾ
ਬਠਿੰਡਾ (ਸੁਰ ਸਾਂਝ ਬਿਊਰੋ), 27 ਦਸੰਬਰ:
ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਦੂਜੇ ਦਿਨ ਪੰਜਾਬ ਦੇ ਵੱਖ ਵੱਖ ਸਰੋਕਾਰਾਂ ‘ਤੇ ਚਰਚਾ ਦੌਰਾਨ ਇਹ ਤੱਥ ਉਭਰ ਕੇ ਸਾਹਮਣੇ ਆਇਆ ਕਿ ਜਿੱਥੇ ਪੰਜਾਬ ਦੀ ਵਡੇਰੀ ਉਮਰ ਦੀ ਪੀੜੀ ਪੰਜਾਬ ਨੂੰ ਬਚਾਉਣ ਲਈ ਵੱਖ-ਵੱਖ ਮੋਰਚਿਆਂ ‘ਤੇ ਸੰਘਰਸ਼ਸ਼ੀਲ ਹੈ, ਉੱਥੇ ਬਹੁਤ ਗਿਣਤੀ ਨੌਜਵਾਨ ਵਰਗ ਹਰ ਹਾਲਤ ਪਰਵਾਸ ਧਾਰਨ ਕਰਨ ਲਈ ਯਤਨਸ਼ੀਲ ਹੈ। ਪੁਸਤਕ ‘ ‘ਪੰਜਾਬ: ਚੰਗੇ ਭਵਿੱਖ ਦੀ ਤਲਾਸ਼ ਕਰਦਿਆਂ’ ਦੇ ਪ੍ਰਸੰਗ ਵਿਚ ਚਰਚਾ ਕਰਦਿਆਂ ਮਨੋਵਿਗਿਆਨੀ ਡਾ. ਅਨਿਰੁੱਧ ਕਾਲਾ ਨੇ ਆਖਿਆ ਕਿ ਪੰਜਾਬੀ ਬੰਦੇ ਦੀ ਮਾਨਸਿਕਤਾ ਉਸਦੀ ਪਰੰਪਰਾ ਅਤੇ ਬਜ਼ਾਰ ਦੇ ਮਜ਼ਬੂਤ ਹੁੰਦੇ ਦਬਾਅ ਦੇ ਦਵੰਧ ਵਿਚ ਫਸੀ ਹੋਈ ਹੈ। ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨੇ ਪੁਸਤਕ ਵਿਚਲੇ ਖੋਜ ਪੇਪਰਾਂ ‘ਤੇ ਬੋਲਦਿਆਂ ਆਖਿਆ ਕਿ ਇਹ ਪੁਸਤਕ ਪੰਜਾਬ ਦੇ ਸਮਕਾਲੀ ਸਰੋਕਾਰਾਂ ‘ਤੇ ਜ਼ੋਰਦਾਰ ਢੰਗ ਨਾਲ ਵਿਚਾਰ ਕਰਦੀ ਹੈ ਅਤੇ ਸਮਾਜਿਕ ਆਰਥਿਕ ਹਾਲਤਾਂ ਦਾ ਪੁਖਤਾ ਵਿਸ਼ਲੇਸ਼ਣ ਕਰਦੀ ਹੈ। ਨਾਮਵਾਰ ਚਿੰਤਕ ਅਮਰਜੀਤ ਗਰੇਵਾਲ ਨੇ ਆਖਿਆ ਕਿ ਹਰੇ ਇਨਕਲਾਬ ਦੀਆਂ ਆਪਣੀਆਂ ਸੀਮਤਾਈਆਂ ਸਨ ਅਤੇ ਉਸ ਨੇ ਖੇਤੀ ਦੇ ਸਮਾਜਿਕ-ਆਰਥਿਕ ਭਾਈਵਾਚੇ ਨੂੰ ਤੋੜ ਦਿੱਤਾ ਹੈ, ਜਿਸ ਦਾ ਬਦਲ ਪੈਦਾ ਕਰਨਾ ਸਾਡੀ ਅਣਸਰਦੀ ਲੋੜ ਹੈ। ਇਸ ਵਿਚਾਰ ਚਰਚਾ ਵਿਚ ਡਾ. ਆਤਮ ਰੰਧਾਵਾ, ਰਾਜਪਾਲ ਸਿੰਘ, ਲਾਭ ਸਿੰਘ ਖੀਵਾ ਅਤੇ ਗੁਰਲਾਲ ਮਾਨ ਨੇ ਵੀ ਆਪਣੇ ਨੁਕਤੇ ਸਾਂਝੇ ਕੀਤੇ। ਪ੍ਰਧਾਨਗੀ ਭਾਸ਼ਣ ਵਿਚ ਖਾਲਸਾ ਕਾਲਜ ਅਮ੍ਰਿੰਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਸਮੇਂ ਸਮੇਂ ਪੰਜਾਬ ਦੀਆਂ ਵੰਡਾਂ ਨੇ ਪੰਜਾਬ ਦੀ ਰਹਿਤਲ ਅਤੇ ਭਾਈਚਾਰਕ ਸਾਂਝ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ, ਸਿੱਟੇ ਵਜੋਂ ਪੰਜਾਬੀਆਂ ਦੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਮੌਜੂਦਾ ਪੰਜਾਬ ਸੰਕਟ ਗ੍ਰਸਤ ਹੈ। ਇਸ ਸ਼ੈਸ਼ਨ ਦਾ ਸੰਚਾਲਨ ਡਾ. ਸੰਦੀਪ ਸਿੰਘ ,ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਕੀਤਾ। ਇਸ ਤੋਂ ਪਹਿਲਾਂ ਸੰਸਥਾ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਸਰੋਤਿਆਂ ਦਾ ਸਵਾਗਤ ਕੀਤਾ।
ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਦੂਜੇ ਦਿਨ ਦੇ ਦੂਜੇ ਸ਼ੈਸ਼ਨ ਵਿਚ ‘ਕਹਾਣੀਆਂ ਦੀਆਂ ਗੱਲਾਂ ਕਹਾਣੀਕਾਰਾਂ ਨਾਲ’ ਤਹਿਤ ਕਹਾਣੀਕਾਰ ਸੁਖਜੀਤ, ਬਲਵਿੰਦਰ ਗਰੇਵਾਲ ਅਤੇ ਅਰਵਿੰਦਰ ਧਾਲੀਵਾਲ ਨਾਲ ਪੰਜਾਬੀ ਕਹਾਣੀ ਬਾਰੇ ਗਲਬਾਤ ਕਰਦਿਆਂ ਕਹਾਣੀਕਾਰ ਸੁਖਜੀਤ ਨੇ ਕਿਹਾ ਕਿ ਪੰਜਾਬੀ ਲੇਖਕ ਨੂੰ ਸ਼ਬਦ ਦੀ ਸ਼ਕਤੀ ਤੋਂ ਅਣਜਾਣ ਨਹੀਂ ਹੋਣਾ ਚਾਹੀਦਾ। ਅਰਵਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਕਹਾਣੀ ਅਨਭਵ ਤੋਂ ਬਗੈਰ ਨਹੀਂ ਸਿਰਜੀ ਜਾ ਸਕਦੀ। ਬਲਵਿੰਦਰ ਗਰੇਵਾਲ ਨੇ ਪੰਜਾਬੀ ਕਹਾਣੀ ਦੀ ਸਥਿਤੀ ਆਪਣੀ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਕਹਾਣੀ ਪੰਜਾਬ ਦੇ ਸਰੋਕਾਰਾਂ ਨੂੰ ਬਾਖੂਬੀ ਫੜ ਰਹੀ ਹੈ। ਇਸ ਸ਼ੈਸ਼ਨ ਦੀ ਵਿਚਾਰ ਚਰਚਾ ਵਿਚ ਅਮਰਜੀਤ ਢਿੱਲੋਂ, ਅਤੇ ਅਗਾਜ਼ਬੀਰ ਨੇ ਹਿੱਸਾ ਲਿਆ। ਇਸ ਸੈਸ਼ਨ ਦਾ ਸੰਚਾਲਨ ਗੁਰਦੀਪ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ। ਫੈਸਟੀਵਲ ਦੇ ਆਖਰੀ ਸ਼ੈਸ਼ਨ ਵਿਚ ਦਸਤਕ ਮੰਚ ਜਲੰਧਰ ਵੱਲੋਂ ‘ਸਦਗਤੀ’ ਫਿਲਮ ਦਾ ਸ਼ੋਅ ਕਰਵਾਇਆ ਗਿਆ। ਇਸ ਫਿਲਮ ਤੋਂ ਬਾਅਦ ਜੈਕ ਸਰਾਂ, ਸੈਮ ਗੁਰਵਿੰਦਰ, ਦੀਪ ਜਗਦੀਪ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਡਾ. ਨੀਤੂ, ਗੁਰਪ੍ਰੀਤ ਸਿੱਧੂ, ਸਟਾਲਿਨਜੀਤ ਬਰਾੜ, ਰੁਪਿੰਦਰ ਵਰਮਾ, ਅਮਰਜੀਤ ਢਿੱਲੋਂ, ਭੁਪਿੰਦਰ ਬਰਗਾੜੀ, ਪਰਮਜੀਤ ਰੋਮਾਣਾ, ਸ਼ੁੱਭਪ੍ਰੇਮ ਬਰਾੜ, ਜਸਵਿੰਦਰ ਬਰਗਾੜੀ, ਗੁਰਸੇਵਕ ਚਹਿਲ, ਲਛਮਣ ਮਲੂਕਾ, ਰਘਬੀਰ ਚੰਦ ਸ਼ਰਮਾ, ਆਦਿ ਹਾਜ਼ਰ ਸਨ।
|