ਪੱਥਰ / ਰਮਿੰਦਰ ਰੰਮੀ
ਤੈਨੂੰ ਪੱਥਰ ਬਣੇ ਦੇਖਦੀ ਹਾਂ
ਕਲ਼ੇਜੇ ਧੂਹ ਪੈਂਦੀ ਹੈ
ਕੀ ਰਾਜ਼ ਹੈ ਤੇਰੀ ਚੁੱਪੀ ਦਾ
ਤੂੰ ਤੇ ਹਰ ਗੱਲ ਮੇਰੇ ਨਾਲ
ਸਾਂਝੀ ਕਰਦਾ ਸੀ
ਮੈਂ ਵੀ ਤੇਰੇ ਨਾਲ ਗੱਲ ਕਰ
ਆਪਣੇ ਆਪ ਨੂੰ ਹਲਕਾ
ਮਹਿਸੂਸ ਕਰਦੀ ਸੀ
ਚਾਣ -ਚੱਕ ਤੇਰਾ ਪੱਥਰ
ਹੋ ਜਾਣਾ ਮੇਰੀ ਸਮਝ ਤੋਂ ਪਰੇ ਹੈ
ਹਾਂ ਪੱਥਰ ਹੋ ਜਾਣ ਤੋਂ ਪਹਿਲਾਂ
ਤੂੰ ਬਹੁਤ ਗ਼ੁੱਸਾ ਕੀਤਾ ਸੀ
ਬਹੁਤ ਕੁਝ ਕਿਹਾ ਸੀ
ਸੀਨੇ ਤੇ ਪੱਥਰ ਰੱਖ
ਮੈਂ ਤੇਰੇ ਸਾਰੇ ਸ਼ਬਦ ਬਾਣ ਸਹਿ ਗਈ
ਜੋ ਅਜੇ ਵੀ ਮੈਨੂੰ ਅੰਦਰੋਂ ਅੰਦਰੀ
ਛੱਲਣੀ ਛੱਲਣੀ ਕਰ ਰਹੇ ਹਨ
ਫਿਰ ਤੂੰ ਪੱਥਰ ਹੋ ਗਿਉਂ
ਮੈਂ ਤੇ ਤੈਨੂੰ ਕੁਝ ਨਹੀਂ ਕਿਹਾ
ਮੈਂ ਹਰ ਹੀਲੇ ਵਸੀਲੇ ਕਰ ਰਹੀ ਹਾਂ
ਤੂੰ ਆਪਣਾ ਮੋਨ ਤੋੜ ਤੇ
ਮੇਰੇ ਨਾਲ ਇਕ ਵਾਰ
ਗੱਲ ਤੇ ਕਰ ਸਹੀ
ਹਰ ਸਮੱਸਿਆ ਦਾ ਕੋਈ ਨਾ ਕੋਈ ਹੱਲ ਤੇ ਜ਼ਰੂਰ ਹੁੰਦਾ ਹੈ
ਪਰ ਤੂੰ ਪੱਥਰ ਦਾ ਪੱਥਰ ਹੀ ਰਿਹਾ
ਕਿਸ ਜਨਮ ਦਾ ਬਦਲਾ ਲਿਆ ਤੂੰ
ਕਿਉਂ ਕੀਤਾ ਇਸ ਤਰਾਂ ਮੇਰੇ ਨਾਲ
ਮੈਂ ਤੇ ਪੱਥਰ ਨਹੀਂ ਹਾਂ
ਅਜੇ ਤੇ ਕੋਸ਼ਿਸ਼ ਵਿੱਚ ਹਾਂ ਕਿ
ਤੂੰ ਮੇਰੇ ਨਾਲ ਪਹਿਲਾਂ ਵਾਂਗ
ਗੱਲ ਕਰ ਪਰ ਨਹੀਂ
ਤੂੰ ਮੇਰੇ ਨਾਲ ਗੱਲ ਨਹੀਂ ਕਰਦਾ
ਮੇਰੀ ਕਿਸੇ ਗੱਲ ਦਾ ਜਵਾਬ
ਵੀ ਨਹੀਂ ਦਿੰਦਾ ਸ਼ਾਇਦ
ਤੈਨੂੰ ਖ਼ੁਸ਼ੀ ਮਿਲਦੀ ਹੈ
ਇਸ ਤਰਾਂ ਮੈਨੂੰ ਤੜਪਦਿਆਂ ਦੇਖਕੇ
ਮੈਨੂੰ ਟੁੱਟਿਆ ਬਿਖਰਿਆ ਦੇਖਕੇ
ਠੀਕ ਹੈ ਇਸ ਤਰਾਂ ਹੀ ਸਹੀ
ਮੇਰੀ ਖ਼ੁਸ਼ੀ ਤੇ ਤੇਰੇ ਵਿੱਚ ਹੈ
ਇਕ ਸ਼ੇਅਰ ਹੈ
“ਰਾਜ਼ੀ ਹੈਂ ਹਮ ਉਸੀਮੇਂ
ਜਿਸਮੇਂ ਤੇਰੀ ਰਜ਼ਾ ਹੈ“
ਇਕ ਸਵਾਲ ਬਾਰ ਬਾਰ
ਪਰੇਸ਼ਾਨ ਕਰਦਾ ਹੈ ਕਿ
ਕੋਈ ਅਚਾਨਕ ਇਸ ਤਰਾਂ
ਕਿਵੇਂ ਕਰ ਸਕਦਾ ਹੈ
ਸਮਾਂ ਪਾ ਪੱਥਰ ਵੀ ਘਿਸ ਜਾਂਦੇ ਨੇ
ਭਗਤ ਧੰਨੇ ਨੇ ਪੱਥਰ ਵਿੱਚੋਂ
ਰੱਬ ਨੂੰ ਪਾ ਲਿਆ ਸੀ
ਪਰ ਤੇਰੇ ਤੇ ਕੋਈ ਅਸਰ ਨਹੀਂ
ਤੂੰ ਪੱਥਰ ਦਾ ਪੱਥਰ ਹੀ ਰਿਹਾ
ਪੱਥਰ ਬਣੇ ਕਦੀ ਦੂਸਰੇ ਦੀ
ਮਾਨਸਿਕਤਾ ਦਾ ਸੋਚਿਆ
ਉਸਤੇ ਕਿੰਨਾ ਅਸਰ ਹੋਏਗਾ
ਉਹ ਰੋਜ਼ ਨਵੀਂ ਮੌਤ ਮਰ ਰਿਹਾ ਹੈ
ਖਾਣਾ , ਪੀਣਾ , ਹੱਸਣਾ , ਸੌਣਾ
ਵਿਸਰ ਗਿਆ ਹੈ ਸੱਭ
ਅੱਖਾਂ ਵਿੱਚ ਹਰ ਵੇਲੇ
ਹੰਝੂ ਤੈਰ ਰਹੇ ਹਨ
ਨੀਂਦ ਦਾ ਨਾਮੋ ਨਿਸ਼ਾਨ ਨਹੀਂ
ਹਰ ਸਾਹ ਤੈਨੂੰ ਯਾਦ ਕਰਦੇ
ਹੌਕੇ ਹੀ ਹੌਕੇ ਨਿਕਲ ਰਹੇ ਨੇ
ਮੇਰੀ ਤੇ ਆਸ ਉਮੀਦ
ਸੱਭ ਤੂੰ ਹੀ ਤੂੰ ਸੀ
ਇਕ ਵਾਰ ਆ ਕੇ ਦੇਖ ਤੇ ਸਹੀ
ਤੇਰੇ ਬਿਨਾ ਕੋਈ ਟੁੱਟ ਗਿਆ ਹੈ
ਬਿਖਰ ਗਿਆ ਹੈ
ਜਾਣਦੀ ਤਾਂ ਮੈਂ ਇਹ ਹਾਂ ਹੀ
ਕਿ ਖ਼ੁਸ਼ ਤੇ ਤੂੰ ਵੀ ਨਹੀਂ
ਪਹਿਲੇ ਵਾਂਗ ਤੂੰ ਵੀ
ਮਹਿਕਦਾ ਟਹਿਕਦਾ ਨਹੀਂ
ਤੂੰ ਹੀ ਕੋਈ ਐਸਾ ਹੀਲਾ ਵਸੀਲਾ ਦੱਸ
ਕਿ ਤੇਰੀ ਚੁੱਪ ਨੂੰ ਤੋੜ ਤੇਰੇ
ਸਾਰੇ ਗ਼ਮ ਪੀ ਲਵਾਂ ਤੇਰੇ
ਸਾਰੇ ਦਰਦ ਵੰਡਾ ਲਵਾਂ
ਮੈਂ ਤੈਨੂੰ ਪੱਥਰ ਬਣਿਆ ਨਹੀਂ ਦੇਖ ਸਕਦੀ
ਇਹ ਨਾ ਹੋਏ ਕਿਤੇ ਬਹੁਤ ਦੇਰ ਹੋ ਜਾਏ
ਤੂੰ ਇਕ ਦਿਨ ਆਪਣੀ ਚੁੱਪ ਤੋੜ
ਪਿਘਲ ਜਾਏ ਪਰ
ਫਿਰ ਮੈਂ ਪੱਥਰ ਹੋ ਜਾਵਾਂ
ਮੇਰੇ ਸੱਭ ਅਹਿਸਾਸ ਖਤਮ ਹੋ ਜਾਣ
ਮੈਂ ਸਦਾ ਸਦਾ ਲਈ ਪੱਥਰ ਬਣ ਜਾਵਾਂ
ਜਿਸਤੇ ਕਿਸੇ ਹਨੇਰੀ ਤੁਫ਼ਾਨ ਦਾ
ਕੋਈ ਅਸਰ ਨਹੀਂ ਹੋਏਗਾ
ਸਦਾ ਲਈ ਫਿਰ ਪੱਥਰ ਹੀ
ਬਣੀ ਰਹਾਂਗੀ ਪੱਥਰ।
|