ਮੇਰੀ ਮਾਂ ਕੇਵਲ ਮਾਂ ਹੀ ਨਹੀਂ, ਸੰਘਰਸ਼ਸ਼ੀਲ ਹਸਤੀ ਸੀ / ਨਵਗੀਤ ਕੌਰ
ਐਸ.ਏ.ਐਸ. ਨਗਰ (ਸੁਰ ਸਾਂਝ ਬਿਊਰੋ), 29 ਜਨਵਰੀ:
ਮੈਂ ਕਦੇ ਮਾਂ ਨੂੰ ਗਹਿਣੇ ਗੱਟੇ ਪਹਿਨੇ ਜਾਂ ਸਜਿਆ ਧਜਿਆ ਨੀ ਦੇਖਿਆ ਸੀ। ਰੱਬ ਨੇ ਮੇਰੀ ਮਾਂ ਨੂੰ ਇਮਾਨਦਾਰੀ, ਨੇਕ ਨੀਅਤ, ਹਮਦਰਦੀ, ਆਪਣਾਪਣ, ਪਰਉਪਕਾਰਤਾ ਦੇ ਗਹਿਣਿਆਂ ਨਾਲ ਲੱਦ ਪੱਥ ਕੇ ਧਰਤ ਤੇ ਭੇਜਿਆ ਸੀ। ਸਰੀਰਕ ਤੌਰ ਤੇ ਕੱਦ ਕਾਠ ਤਕਰੀਬਨ ਛੇ ਫੁੱਟ ਉੱਚਾ। ਜੁੱਤੀ ਵੀ ਦਸ ਨੰਬਰ ਦੀ ਮਰਦਾਵੀਂ ਆਉਂਦੀ। ਬਾਂਹਾਂ ਚ ਕਦੇ ਚੂੜੀਆਂ ਨੀ ਪਾਈਆਂ ਕਿਉਂਕਿ ਕਦੇ ਮੇਚ ਹੀ ਨੀ ਆਉਂਦੀਆਂ ਸੀ। ਇਕ ਸਟੀਲ ਦਾ ਕੜਾ ਹਮੇਸ਼ਾ ਪਹਿਨਿਆਂ ਹੁੰਦਾ। ਜ਼ਿੰਦਗੀ ਦੇ ਸੁਹੱਪਣ ਨੂੰ ਉਹ ਗਹਿਣਿਆਂ ਕੱਪੜਿਆਂ ਚੋਂ ਨਹੀਂ ਘਰ ਦੇ ਕੰਮਾਂ ਵਿਚੋਂ, ਪਰਉਪਕਾਰ ਦੇ ਕਾਰਜਾਂ ਚੋਂ ਆਪਣੇ ਬੱਚਿਆਂ ਦੇ ਕਾਜ ਸਵਾਰਨ ਤੇ ਆਪਣੇ ਦੋਹਤੇ ਪੋਤਿਆਂ ਦੀ ਪਾਲਣਾ ਕਰਨ ਚੋਂ ਮਾਣਦੀ। ਓਹ ਆਲ੍ਹਣਿਆਂ ਨਾਲ ਲੱਦੇ ਰੁੱਖ ਵਾਂਗਰ ਅਡੋਲ ਖੜੀ ਰਹੀ। ਜ਼ਿੰਦਗੀ ਦੀਆਂ ਔਖੀਆਂ ਭਿਅੰਕਰ ਹਨੇਰੀਆਂ ਸਾਹਮਣੇ ਕਦੇ ਡੋਲੀ ਨਹੀਂ।
ਮਾਂ ਨੇ ਹਮੇਸ਼ਾ ਇਹੀ ਸਬਕ ਪੜਾਇਆ ਕਿ ਜਿਉਣ ਲਈ ਬਹੁਤੀਆਂ ਵਸਤਾਂ ਤੇ ਸਾਜੋ-ਸਮਾਨ ਦੀ ਲੋੜ ਨਹੀਂ ਹੁੰਦੀ। ਹਿੱਕ ਵਿੱਚ ਠਾਠਾਂ ਮਾਰਦਾ ਜਜ਼ਬਾ ਤੇ ਤਾਂਘ ਹੋਣੀ ਜਰੂਰੀ ਹੈ। ਮੇਰੇ ਪਿਤਾ ਜੀ ਨੇ ਵੀ ਉਹਨਾਂ ਦੇ ਸਿਰ ਤੇ ਸਾਰੀ ਉਮਰ ਬੇਫਿਕਰੀ ਦੀ ਜ਼ਿੰਦਗੀ ਮਾਣੀ। ਮਾਂ ਬੇਸ਼ੱਕ ਬਹੁਤਾ ਪੜ੍ਹੀ-ਲਿਖੀ ਨਹੀਂ ਸੀ, ਪਰ ਸਾਨੂੰ ਪੜਾਉਣ ਲਈ ਰੱਬ ਨਾਲ ਵੀ ਆਹਢਾ ਲਾਉਣ ਤੋਂ ਨਹੀਂ ਸੀ ਟਲ਼ਦੀ। ਹਰ ਮੁਸ਼ਕਿਲ ਨੂੰ ਟਿੱਚ ਜਾਣਦੀ। ਜ਼ਿੰਦਗੀ ਦੇ ਫਲਸਫੇ ਨੂੰ ਸਮਝਾਉਣ ਅਤੇ ਮਮਤਾ ਦੇ ਵਿਗਿਆਨ ਵਿੱਚ ਪੂਰੀ ਤਰ੍ਹਾਂ ਨਿਪੁੰਨ ਸੀ ਮਾਂ। ਸਮੇਂ ਦੇ ਹਾਣ ਦੀ ਹੋ ਕੇ ਤੁਰਦੀ। ਉਹ ਕੇਵਲ ਇਕ ਔਰਤ ਨਹੀਂ, ਇਕ ਜਰਨੈਲ ਸੀ। ਆਪਣੇ ਆਲੇ-ਦੁਆਲੇ ਕਿਸੇ ਬੀਮਾਰੀ ਨਾਲ ਜੂਝ ਰਹੇ ਇਨਸਾਨ ਨੂੰ ਦੇਖਦੀ ਤਾਂ ਪੂਰਾ ਤਾਣ ਲਾ ਦਿੰਦੀ ਉਹਨੂੰ ਇਲਾਜ, ਤੇ ਹੱਥੀ ਸੇਵਾ ਕਰਕੇ ਪੂਰਾ ਨੌ-ਬਰ-ਨੌ ਕਰ ਕੇ ਸਾਹ ਲੈੰਦੀ। ਡਾਃ ਦੱਤਾ ਗਵਾਹ ਨੇ। ਕਿਸੇ ਬਿਮਾਰ, ਗਰੀਬ-ਗੁਰਬੇ ਰਾਹਗੀਰ ਦੀ ਸੇਵਾ ਕਰਨ ਵੇਲੇ ਕੋਈ ਅਲਕਤ ਨਾ ਕਰਦੀ। ਸਭ ਨੂੰ ਆਪਣਾ ਸਮਝ ਕੇ, ਆਪਣੇ ਸਰੀਰ ਦੀ ਪਰਵਾਹ ਕੀਤੇ ਬਿਨਾਂ ਪੂਰੇ ਮਨ ਨਾਲ ਸੇਵਾ ਕਰਦੀ ਮਾਂ। ਕਦੇ ਕਦੇ ਮੈਂ ਪੁੱਛ ਬੈਠਦੀ, ਕੀ ਮਿਲਦਾ ਥੋਨੂੰ ਐਨਾ ਸਭ ਕੁਝ ਕਰਕੇ। ਹੱਸ ਕੇ ਕਹਿ ਦਿੰਦੇ, “ਤੈਨੂੰ ਨੀ ਪਤਾ।”
ਸੇਵਾ ਭਾਵਨਾ ਐਨੀ ਕੁ ਪ੍ਰਬਲ ਸੀ ਕਿ ਗਲ਼ੀ ਦੇ ਹਰ ਬਜੁਰਗ ਨੂੰ ਅੰਤਿਮ ਸਮੇਂ ਉਨ੍ਹਾਂ ਨੇ ਸਾਂਭਿਆ। ਜੇ ਗੋਦੀ ਵੀ ਚੁੱਕ ਕੇ ਲਿਜਾਣਾ ਪਿਆ ਡਾਕਟਰ ਕੋਲ, ਗੋਦੀ ਵੀ ਚੁੱਕਿਆ। ਜੇ ਨਵਾਉਣ-ਧਵਾਉਣ ਦੀ ਲੋੜ ਪਈ, ਓਹ ਵੀ ਸੇਵਾ ਕੀਤੀ ਨਿਰਸਵਾਰਥ। ਉੱਚੇ ਲੰਮੇ ਹੋਣ ਕਾਰਨ ਦਮ ਦਮ ਕਰਦੇ ਭੱਜੇ ਫਿਰਦੇ। ਘਰ ਦੇ ਸਾਰੇ ਕੰਮ ਆਪਣੇ ਹੱਥੀਂ ਆਪ ਕਰਦੇ। ਕੋਈ ਕੰਮਵਾਲੀ ਨੀ ਲਾਈ ਸਾਰੀ ਉਮਰ। ਮੈਂ ਆਪਣੇ ਵਿਦਿਆਰਥੀ ਜੀਵਨ ਵਿੱਚ ਕਦੇ ਉਹਨਾਂ ਨੂੰ ਸੁੱਤੇ ਨਹੀਂ ਦੇਖਿਆ। ਰਾਤ ਸਾਡੇ ਤੋਂ ਬਾਅਦ ਸੌਣਾ ਤੇ ਸਾਡੇ ਉੱਠਣ ਤੋਂ ਪਹਿਲਾਂ ਜਾਗਦੇ ਹੋਣਾ।
ਸਾਡੇ ਉੱਠਣ ਤੱਕ ਘਰ ਦੇ ਸਾਰੇ ਕੰਮ ਤਕਰੀਬਨ ਖਤਮ ਹੋਏ ਹੁੰਦੇ ਸਨ। ਘਰੇਲੂ ਕੰਮਾਂ ਚ ਰਕਾਨ ਔਰਤ ਸੀ ਮਾਂ। ਖਿੜੇ ਮੱਥੇ ਸਭ ਦੀ ਆਓ ਭਗਤ ਕਰਨਾ ਪ੍ਰੇਮ ਨਾਲ ਪ੍ਰਸ਼ਾਦਾ ਛਕਾਏ ਬਿਨਾਂ ਜਾਣ ਨਾ ਦੇਣਾ ਕਿਸੇ ਨੂੰ।
ਮੇਰੇ ਕਾਲਜ, ਸਕੂਲ ਘਰ ਦੇ ਨੇੜੇ ਹੋਣ ਕਾਰਨ ਕੁੜੀਆਂ ਦਾ ਆਉਣਾ ਜਾਣਾ ਘਰ ਲੱਗਿਆਂ ਰਹਿੰਦਾ। ਕਿਸੇ ਨੂੰ ਵੀ ਰੋਟੀ ਖਾਧੇ ਬਿਨਾਂ ਨਹੀਂ ਸੀ ਜਾਣ ਦਿੰਦੇ। ਰਸੋਈ ਵਿਚ ਆਪਣੇ ਕੋਲ ਬਿਠਾ ਕੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਕਰਦੇ ਰੋਟੀ ਬਣਾਈ ਜਾਂਦੇ ਨਾਲੇ ਖਵਾਈ ਜਾਂਦੇ। ਇਹ ਰੁਟੀਨ ਉਨ੍ਹਾਂ ਦਾ ਹਮੇਸ਼ਾ ਰਿਹਾ ਕੋਈ ਵੀ ਘਰ ਆਉੰਦਾ ਕੋਈਂ ਸਫਾਈ ਸੇਵਕ, ਕੋਈ ਚੌਕੀਦਾਰ, ਕੋਈ ਭਿਖਾਰੀ ਸਭ ਨੂੰ ਰੋਟੀ ਜਰੂਰ ਖਵਾਉਂਦੇ। ਮੇਰੇ ਦੋਵਾਂ ਬੱਚਿਆਂ ਅਤੇ ਮੇਰੇ ਭਰਾਵਾਂ ਦੇ ਸਾਰੇ ਬੱਚਿਆਂ ਨੂੰ ਉਹਨਾਂ ਨੇ ਆਪਣੇ ਹੱਥੀਂ ਲਾਡਾਂ ਨਾਲ ਪਾਲ਼ਿਆ। ਏਸੇ ਲਈ ਹੀ ਸਾਡੇ ਹਰ ਬੱਚੇ ਨੂੰ ਬਿਨ ਬੋਲਿਆਂ ਹੀ ਸਮਝ ਲੈਂਦੀ ਮਾਂ। ਜਿਵੇਂ ਮਾਂ ਸਕੈਨਰ ਹੋਵੇ।
ਜਦੋਂ ਆਪਣੇ ਪੋਤਰੇ, ਦੋਹਤੇ, ਦੋਹਤੀ ਪਰਦੇਸ ਜਾਣ ਲਈ ਤੋਰੇ ਤਾਂ ਬੁਲੰਦ ਹੌਸਲੇ ਤੇ ਹੱਲਾਸ਼ੇਰੀ ਨਾਲ ਈ ਤੋਰੇ। ਅੱਖ ਨਹੀਂ ਭਰੀ ਡੋਲੇ ਨਹੀਂ। ਕਹਿੰਦੇ, ਪੁੱਤ! ਖੂਬ ਕੰਮ ਕਰਿਓ! ਜੀਅ ਲਾ ਕੇ ਪੜ੍ਹਿਓ। ਕੰਮ ਨਾਲ ਬੰਦੇ ਦੀ ਕਦਰ ਹੁੰਦੀ ਹੈ ਕੰਮ ਤੋਂ ਨਹੀਂ ਘਬਰਾਉਣਾ। ਮੈਂ ਹੁਣ ਤੱਕ ਹੱਥੀਂ ਕੰਮ ਕਰਦੀ ਆਂ।” ਆਪਣੀਆਂ ਮਾਂਵਾਂ ਨੂੰ ਹਰ ਰੋਜ਼ ਫੋਨ ਕਰਿਓ। ਜੀਅ ਲਾ ਕੇ ਰਹਿਓ।
ਖੂਬ ਤਰੱਕੀਆਂ ਕਰਿਓ।” ਆਪਣੀ ਦੋਹਤੀ ਬਿਸਮਨ ਨੂੰ ਕਹਿੰਦੇ, “ਪੁੱਤ ਕਰੜੀ ਹੋ ਕੇ ਰਹੀਂ। ਕਿਸੇ ਤੇ ਭਰੋਸਾ ਨਾ ਕਰੀਂ। ਹਰ ਗੱਲ ਮਾਂ ਨੂੰ ਜਰੂਰ ਦੱਸੀਂ।” ਜੇ ਉਹ ਅੱਖ ਭਰਦੀ ਤਾਂ ਹੱਸ ਕੇ ਕਹਿੰਦੇ, “ਫਿਕਰ ਨਾ ਕਰ! ਮੈਂ ਤੇਰੇ ਆਉਣ ਤੱਕ ਨੀ ਮਰਦੀ। ਕੁਛ ਨਹੀਂ ਹੁੰਦਾ ਮੈਨੂੰ।”
ਬੱਚਿਆਂ ਨੂੰ ਉਹਨਾਂ ਦੀ ਇਹ ਜ਼ਿੰਦਾਦਿਲੀ ਬਹੁਤ ਚੰਗੀ ਲੱਗਦੀ। ਉਹ ਹਮੇਸ਼ਾ ਮੈਨੂੰ ਸਿਖਾਉਂਦੇ, ਮਨ ਦੀ ਅਵਸਥਾ ਨਾਲ ਹੀ ਜ਼ਿੰਦਗੀ ਨਰਕ ਜਾਂ ਸਵਰਗ ਲੱਗਦੀ ਹੈ। ਹਰ ਇਕ ਤੋਂ ਪਿਆਰ ਸਤਿਕਾਰ ਖੱਟਿਆ ਉਨ੍ਹਾਂ ਨੇ। ਚਾਹੇ ਉਹ ਮੇਰਾ ਸਹੁਰਾ ਪਰਿਵਾਰ ਸੀ ਜਾਂ ਵੀਰ ਦਾ। ਹਰ ਰੋਜ਼ ਦੋ ਪਾਠ ਸੁਖਮਨੀ ਸਾਹਿਬ ਦੇ ਕਰਨਾ ਉਹਨਾਂ ਦਾ ਰੁਟੀਨ ਸੀ। ਇਕ ਅਮ੍ਰਿਤ ਵੇਲੇ। ਇਕ, ਦਿਨ ਵਿੱਚ। ਆਪਣੇ ਦੋਹਤਿਆਂ-ਪੋਤਰਿਆਂ ਦੀ ਪੜ੍ਹਾਈ ਨਾਲ ਜਰੂਰ ਸਰੋਕਾਰ ਰੱਖਦੇ ਸੀ। ਟੁੱਟੀ-ਫੁੱਟੀ ਅੰਗਰੇਜ਼ੀ ਦੇ ਅੱਖਰ ਆਪਣੇ ਇਨ੍ਹਾਂ ਬੱਚਿਆਂ ਤੋਂ ਸਿੱਖ ਗਏ ਸੀ। ਹਰ ਇਕ ਦੀ ਪੜ੍ਹਾਈ ਦਾ ਰਿਜ਼ਲਟ ਪੁੱਛਦੇ ਨੰਬਰ ਪੁੱਛਦੇ ਫਿਰ ਖੁਸ਼ ਹੋ ਕੇ ਮਾਣ ਮਹਿਸੂਸ ਕਰਦੇ ਸਨ। ਉਹਨਾਂ ਨੂੰ ਲੱਗਦਾ ਸੀ ਮੈਂ ਈ ਕਾਮਯਾਬੀ ਹਾਸਲ ਕਰ ਰਹੀ ਹਾਂ।
ਮਾਣ ਮਹਿਸੂਸ ਕਰਦੇ ਕਿ ਮੇਰੀ ਦੋਹਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸਭ ਤੋਂ ਵੱਡਾ ਇਨਾਮ ਲੈ ਕੇ ਆਈ ਆ। (ਯੂਨੀਵਰਸਿਟੀ ਕਲਰ ਤੇ ਗੋਲਡ ਮੈਡਲ ਲੈ ਕੇ ਆਈ ਜਦੋਂ) ਉਹ ਇਨ੍ਹਾਂ ਪ੍ਰਾਪਤੀਆਂ ਤੇ ਇੰਝ ਖੁਸ਼ ਹੁੰਦੇ ਜਿਵੇਂ ਸਾਰੇ ਨੋਬਲ ਪੁਰਸਕਾਰ ਉਹਨਾਂ ਦੀ ਝੋਲੀ ਪੈ ਗਿਆ ਹੋਵੇ। ਬੇਟੀ ਵੀ ਮੈਡਲ ਲਿਆ ਕੇ ਉਨ੍ਹਾਂ ਦੇ ਗਲ ਵਿਚ ਪਾ ਦਿੰਦੀ ਤਾਂ ਜਿਹੜੀ ਚਮਕ ਉਨ੍ਹਾਂ ਦੀਆਂ ਅੱਖਾਂ ਵਿੱਚ ਹੁੰਦੀ ਉਹ ਬਿਆਨ ਤੋਂ ਬਾਹਰ ਹੈ। ਆਪਣੀ ਸੰਸਕਾਰ ਪੋਟਲੀ ਚੋਂ ਬਹੁਤ ਕੁਝ ਮੈਨੂੰ ਤਾਂ ਦਿੱਤਾ ਹੀ ਮੇਰੀ ਧੀ ਨੂੰ ਵੀ ਹਮੇਸ਼ਾਂ ਦਿੰਦੇ ਰਹੇ। ਜਿਨ੍ਹਾਂ ਨੇ ਉਹਨਾਂ ਦਾ ਜ਼ਿੰਦਗੀ ਵਿੱਚ ਕਦੇ ਸਾਥ ਨਹੀਂ ਦਿੱਤਾ। ਉਹ ਉਨ੍ਹਾਂ ਦਾ ਵੀ ਸਾਥ ਜਰੂਰ ਦਿੰਦੇ।
ਪਰ! ਮਾਂ ਨੂੰ 77 ਸਾਲ ਦੀ ਉਮਰ ਵਿੱਚ ਸਭ ਤੋਂ ਵੱਡਾ ਧੋਖਾ ਦੇ ਗਿਆ ਉਹਨਾਂ ਦਾ ਆਪਣਾ ਸਰੀਰ। ਹੌਲੀ-ਹੌਲੀ ਪੈਰਾਂ ਦੀਆਂ ਨਸਾਂ ਕਮਜੋਰ ਹੋਣ ਕਾਰਨ ਤੁਰਨੋਂ ਰਹਿ ਗਏ। ਦੋ ਸਹਾਇਕ ਰੱਖੇ ਉਨ੍ਹਾਂ ਦੀ ਸਹਾਇਤਾ ਲਈ। ਉਨ੍ਹਾਂ ਨਾਲ ਵੀ ਉਹਨਾਂ ਪੁੱਤਰ ਧੀਆਂ ਵਾਂਗੂੰ ਹੀ ਰਿਸ਼ਤਾ ਬਣਾ ਲਿਆ। ਉਹਦੇ ਨਿੱਕੇ ਜਿਹੇ ਬੱਚੇ ਨੂੰ ਆਪਣੀ ਕੌਲੀ ਚ ਨਾਲ ਖਵਾਉਂਦੇ। ਬਦਾਮ ਦੀਆਂ ਹਰ ਰੋਜ ਪੰਜ ਗਿਰੀਆਂ ਤੇ ਗੁੜ ਦਿੰਦੇ। ਉਹ ਵੀ ਨਿੱਕੜਾ ਜਿਹਾ ਤਿੰਨ ਸਾਲਾਂ ਦਾ ਬੱਚਾ ਦਾਦੀ ਦਾਦੀ ਕਰਦਾ ਕਦੇ ਉਹਨਾਂ ਦੇ ਗੋਡੇ ਕਦੇ ਮੋਢੇ ਚੜਦਾ ਰਹਿੰਦਾ। ਗੱਲ ਕੀ ਹਰ ਇਕ ਜੀਅ ਉਹਨਾਂ ਦਾ ਆਪਣਾ ਹੀ ਸੀ। ਕਿਸੇ ਨੂੰ ਵੀ ਪਰਾਇਆ ਨਹੀਂ ਸਮਝਦੇ ਸਨ।
ਅੰਤਿਮ ਸਮੇਂ ਵੀ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਦਰਦ ਚ ਹਾਂ। ਉਹਨਾਂ ਨੂੰ ਉਮੀਦ ਹੁੰਦੀ ਸੀ ਸ਼ਾਇਦ ਤੁਰਨ ਲੱਗ ਜਾਊਂਗੀ ਤਾਂ ਥੋੜ੍ਹੀ ਸੇਵਾ ਹੋਰ ਕਰੂੰਗੀ ਲੋਕਾਈ ਦੇ ਬੱਚਿਆਂ ਦੀ। ਰੱਬ ਤੇ ਜਿੰਦਗੀ ਵਿਚਕਾਰ ਇਕ ਐਸਾ ਇਕਰਾਰ ਹੈ ਰੱਬ ਜਦੋਂ ਚਾਹੇ ਮੁੱਕਰ ਸਕਦਾ। ਇਕ ਨਿਰਮਲ, ਨਿਰਛਲ ਮੁਸਕਰਾਹਟ ਦੇ ਕੇ ਬਿਨਾਂ ਬੋਲਿਆਂ ਅਲਵਿਦਾ ਕਹਿਣਾ ਮਾਂ! ਤੇਰਾ, ਮੇਰੇ ਲਈ ਬਹੁਤ ਦਰਦਨਾਕ ਸੀ। ਜਦੋਂ ਮਾਂ ਦੁਨੀਆਂ ਛੱਡ ਕੇ ਤੁਰ ਜਾਂਦੀ ਹੈ, ਜ਼ੋਰ ਦਾ ਭੂਚਾਲ ਆਉਣ ਵਰਗਾ ਹੁੰਦਾ। ਦੁਨੀਆਂ ਪੁੱਠੀ ਹੋ ਗਈ ਜਾਪਦੀ ਹੈ। ਤੜੱਕ ਕਰਕੇ ਟੁੱਟ ਕੇ ਭੁਰ ਜਾਂਦਾ ਖਿੱਲਰ ਜਾਂਦਾ ਅਣਗਿਣਤ ਟੁਕੜਿਆਂ ਚ ਬੰਦਾ। ਪਤਾ ਨਹੀਂ ਟੁਕੜੇ ਇਕੱਠੇ ਕਰਨ ਨੂੰ ਕਿੰਨਾ ਵਕਤ ਲੱਗੂ। ਦੁਬਾਰਾ ਸਾਬਤ ਸਬੂਤਾ ਕਿਵੇਂ ਹੋਣਾ ਇਹ ਤਾਂ ਸਮਾਂ ਹੀ ਦੱਸੇਗਾ।
ਅੱਜ ! ਜਦੋਂ ਕੋਈ ਵੀ ਸਾਨੂੰ ਮਿਲਣ ਆਉਂਦਾ ਤੇਰੇ ਪਰਉਪਕਾਰਾਂ ਦੀਆਂ ਬਾਤਾਂ ਜਰੂਰ ਪਾਉਂਦਾ। ਤਾਂ ਲੱਗਦਾ ਅਸੀਂ ਹੀ ਤੇਰਾ ਪਰਿਵਾਰ ਨਹੀਂ ਪ੍ਰਵਾਰ ਤੋਂ ਬਾਹਰ ਵੀ ਤੂੰ ਕਿੰਨਿਆ ਦੀ ਆਪਣੀ ਸੀ। ਜਦੋਂ ਬੇਗਾਨੇ ਵੀ ਤੇਰੇ ਵਿਛੜਨ ਤੇ ਭੁੱਬਾਂ ਮਾਰ ਕੇ ਰੋਂਦੇ ਨੇ ਤਾਂ ਲੱਗਦਾ ਕਿੰਨਾ ਵੱਡਾ ਸੰਸਾਰ ਆਪਣੇ ਅੰਦਰ ਸਮੋਈ ਬੈਠੀ ਸੀ ਮਾਂ। ਮਨ ਤਾਂ ਪਹਿਲਾਂ ਹੀ ਸੇਵਾ ਲੇਖੇ ਲਾਇਆ ਹੋਇਆ ਸੀ। ਤਨ ਵੀ ਸੇਵਾ ਲੇਖੇ ਲਾ ਕੇ। ਜਨਮ ਸੁਹੇਲਾ ਕਰ ਲਿਆ। ਤੂੰ ਤੁਰ ਤਾਂ ਗਈ ਚੰਨ ਤਾਰਿਆਂ ਦੇ ਦੇਸ਼ ਮਾਂ। ਪਰ ਤੂੰ ਮੌਜੂਦ ਏਂ। ਮੇਰੇ ਵਜੂਦ ਵਿੱਚ। ਮੇਰੇ ਧੀਆਂ ਪੁੱਤਰਾਂ ਵਿੱਚ। ਮੇਰੇ ਭਾਈ ਭਤੀਜਿਆਂ ਵਿੱਚ। ਮੇਰੇ ਸਾਹਾਂ ਵਿੱਚ। ਮੇਰੀਆਂ ਸੋਚਾਂ ਵਿੱਚ। ਮੇਰੇ ਸੰਸਕਾਰਾਂ ਵਿੱਚ।
ਜਿੰਨਾ ਚਿਰ ਸ੍ਰਿਸ਼ਟੀ ਰਹੇਗੀ। ਜ਼ਿੰਦਗੀ ਦੇ ਰੰਗ ਮੈਨੂੰ ਗੱਲਵੱਕੜੀ ਪਾਉਂਦੇ ਰਹਿਣਗੇ। ਆਪਾਂ ਇਕ ਦੂਜੇ ਵਿੱਚ ਸਮੋਏ ਰਹਾਂਗੇ। ਆਪਾਂ ਕਦੇ ਵੱਖ ਨਹੀਂ ਹੁੰਦੇ। ਸਾਲਾਂ ਤੀਕਰ! ਯੁੱਗਾਂ ਤੀਕਰ! ਸਦੀਆਂ ਤੀਕਰ
|