ਬਲੀਜੀਤ ਦੇ ਕਹਾਣੀ ਸੰਗ੍ਰਹਿ ‘ਉੱਚੀਆਂ ਆਵਾਜ਼ਾਂ’ ‘ਤੇ ਵਿਚਾਰ ਚਰਚਾ
ਚੰਡੀਗੜ੍ਹ (ਸੁਰ ਸਾਂਝ ਬਿਊਰੋ-ਸੁਰਜੀਤ ਸੁਮਨ), 26 ਫਰਵਰੀ:
ਸੁਰ ਸਾਂਝ ਕਲਾ ਮੰਚ (ਰਜਿ.) ਵੱਲੋਂ ਪੰਜਾਬ ਕਲਾ ਪਰਿਸ਼ਦ ਅਤੇ ਕੈਲੀਬਰ ਪਬਲੀਕੇਸ਼ਨ ਦੇ ਸਹਿਯੋਗ ਨਾਲ਼ ਕਲਾ ਭਵਨ ਚੰਡੀਗੜ੍ਹ ਵਿਖੇ ਬਲੀਜੀਤ ਦੇ ਤਾਜ਼ਾ ਕਹਾਣੀ ਸੰਗ੍ਰਹਿ ‘ਉੱਚੀਆਂ ਆਵਾਜ਼ਾਂ’ ‘ਤੇ ਵਿਚਾਰ ਚਰਚਾ ਸਬੰਧੀ ਸਮਾਗਮ ਰਚਾਇਆ ਗਿਆ, ਜਿਸ ਵਿੱਚ ਡਾ. ਵਿੰਪੀ ਸਿੱਧੂ ਤੇ ਡਾ. ਕੁਲਪਿੰਦਰ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਵਿੱਚ ਗੁਲ ਚੌਹਾਨ, ਡਾ. ਮਨਮੋਹਨ, ਸੁਖਜੀਤ, ਪ੍ਰੋ. ਸੁਰਜੀਤ ਜੱਜ ਅਤੇ ਦੇਸ ਰਾਜ ਕਾਲ਼ੀ ਆਦਿ ਹਾਜ਼ਰ ਸਨ। ਡਾ. ਤੇਜਿੰਦਰ ਸਿੰਘ ਨੇ ‘ਉੱਚੀਆਂ ਆਵਾਜ਼ਾਂ’ ਵਿਚਲੀਆਂ ਕਹਾਣੀਆਂ ‘ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਇਨ੍ਹਾਂ ਦੇ ਕਲਾਤਮਕ ਪੱਖ ਨੂੰ ਛੂਹਿਆ। ਡਾ. ਜੇ.ਬੀ.ਸੇਖੋਂ ਤੇ ਕਿਹਾ ਕਿ ਬਲੀਜੀਤ ਚੌਥੇ ਪੜਾਅ ਦਾ ਕਹਾਣੀਕਾਰ ਹੈ। ਉਸ ਦੀਆਂ ਕਹਾਣੀਆਂ ਨੇ ਪੁਰਾਣੇ ਪੈਟਰਨ ਨੂੰ ਤੋੜਿਆ ਹੈ ਤੇ ਇਨ੍ਹਾਂ ਦੀਆਂ ਪਰਤਾਂ ਵਲੇਵੇਂਦਾਰ ਹਨ। ਉਹ ਬਿਰਤਾਂਤ ਦੀ ਭਾਸ਼ਾ ਤੋਂ ਸੁਚੇਤ ਹੈ। ਉਸ ਦੀਆਂ ਕਹਾਣੀਆਂ ਪੜ੍ਹਦਿਆਂ ਆਸ਼ਾ ਪੈਦਾ ਹੁੰਦੀ ਹੈ।


ਦੇਸ ਰਾਜ ਕਾਲ਼ੀ ਨੇ ਇਸ ਚਰਚਾ ਨੂੰ ਅਗਾਂਹ ਤੋਰਦਿਆਂ ਕਿਹਾ ਕਿ ਬਲੀਜੀਤ ਦੀਆਂ ਕਹਾਣੀਆਂ ਦੀ ਇਹ ਖੂਬਸੂਰਤੀ ਹੈ ਕਿ ਇਹ ਕੋਹੜ ਨੂੰ ਧੋਂਦੀਆਂ ਹਨ। ਉਸ ਕੋਲ਼ ਕਹਾਣੀ ਕਹਿਣ ਵਾਲ਼ੀ ਭਾਸ਼ਾ ਹੈ। ਉਸ ਦੀ ਕਹਾਣੀ ਪਾਠਕ ਨੂੰ ਟਿਕਣ ਨਹੀਂ ਦਿੰਦੀ। ਪ੍ਰੋ. ਸੁਰਜੀਤ ਜੱਜ ਨੇ ਕਾਵਿਕ ਅੰਦਾਜ਼ ਵਿੱਚ ਸ਼ੇਅਰ ਪੜ੍ਹ ਕੇ ਚਰਚਾ ਛੇੜੀ। ਉਨ੍ਹਾਂ ਕਿਹ ਕਿ ਬਲੀਜੀਤ ਬੜੀ ਸਹਿਜਤਾ ਨਾਲ਼ ਪਾਤਰ ਦੇ ਅੰਦਰ ਦੀ ਗੱਲ ਛੋਂਹਦਾ ਹੈ। ਕਹਾਣੀਕਾਰ ਸੁਖਜੀਤ ਨੇ ਕਿਹਾ ਕਿ ਬਲੀਜੀਤ ਦੀ ਕਹਾਣੀ ਬਾਰੇ ਗੱਲ ਕਰਦਿਆਂ ਵਿਦਵਾਨਾਂ ਨੇ ਉਸ ਦੀ ਕਹਾਣੀ ਦੇ ਅੰਤਰੀਵ ਨੂੰ ਪੜ੍ਹਿਆ ਹੈ। ਮਾਹਲਾਂ ਝੱਲੀਆਂ ਪਿੰਡ ਦਾ ਵਸਨੀਕ ਬਲੀਜੀਤ ਰੋਪੜ ਵਿਖੇ ਭੂਸ਼ਨ ਧਿਆਨਪੁਰੀ ਦੀ ਸੰਗਤ ਵਿੱਚ ਰਿਹਾ ਹੈ। ਡਾ. ਮਨਮੋਹਨ ਨੇ ਕਿਹਾ ਕਿ ਬਲੀਜੀਤ ਦੀਆਂ ਕਹਾਣੀਆਂ ਨੂੰ ਅਣਗੌਲ਼ਿਆਂ ਕੀਤਾ ਗਿਆ ਹੈ। ਇਸ ਖੇਤਰ ਵਿੱਚ ਉਹ ਸਾਜ਼ਿਸ਼ਾਂ ਦਾ ਸ਼ਿਕਾਰ ਹੋਏ ਹਨ। ਬਲੀਜੀਤ ਦੀ ਕਹਾਣੀ ਨਿਮਨ ਵਰਗ ਦੀ ਗੱਲ ਕਰਦੀ ਹੈ।
ਇਸ ਮੌਕੇ ਸੁਰ ਸਾਂਝ ਕਲਾ ਮੰਚ ਦੇ ਅਹੁਦੇਦਾਰਾਂ ਸੁਰਜੀਤ ਸੁਮਨ, ਜਗਦੀਪ ਸਿੱਧੂ, ਅਜਮੇਰ ਸਿੰਘ ਅਤੇ ਧਿਆਨ ਸਿੰਘ ਕਾਹਲੋਂ ਵੱਲੋਂ ਭਾਰਤੀ ਸਾਹਿਤ ਅਕਾਦਮੀ ਇਨਾਮ ਵਿਜੇਤਾ ਕਥਾਦਾਰ ਸੁਖਜੀਤ ਨੂੰ ਲੋਈ ਅਤੇ ਪੁਸਤਕਾਂ ਦੇ ਸੈੱਟ ਨਾਲ਼ ਸਨਮਾਨਿਤ ਕੀਤਾ ਗਿਆ। ਕੈਲੀਬਰ ਪਬਲੀਕੇਸ਼ਨ ਵੱਲੋਂ ਡਾ. ਤੇਜਿੰਦਰ ਸਿੰਘ ਅਤੇ ਡਾ. ਜੇ.ਬੀ.ਸੇਖੋਂ ਨੂੰ ਪੁਸਤਕਾਂ ਭੇਂਟ ਕੀਤੀਆਂ ਗਈਆਂ। ਪਿਛਲੇ ਦਿਨੀਂ ਵਿਛੜ ਗਏ ਸਾਹਿਤਕਾਰਾਂ ਪ੍ਰੀਤਮ ਲੁਧਿਆਣਵੀ, ਅਮਰਜੀਤ ਸਿੰਘ ਖੁਰਲ ਅਤੇ ਰਾਣਾ ਬੁੱਲੋਪੁਰੀ ਨੂੰ ਹਾਜ਼ਰ ਸਾਹਿਤਕਾਰਾਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਸਮਾਗਮ ਵਿੱਚ ਮਨਜੀਤ ਇੰਦਰਾ, ਡਾ. ਲਾਭ ਸਿੰਘ ਖੀਵਾ, ਜਗਦੀਪ ਨੂਰਾਨੀ, ਸਿਮਰਜੀਤ ਗਰੇਵਾਲ਼, ਪਰਮਜੀਤ ਪਰਮ, ਬਲਕਾਰ ਸਿੱਧੂ, ਦੀਪਕ ਚਨਾਰਥਲ਼, ਸਤਨਾਮ ਸਿੰਘ ਸ਼ੋਕਰ, ਸਰੂਪ ਸਿਆਲਬੀ, ਮਨਦੀਪ ਡਡਿਆਣਾ, ਤਰਸੇਮ ਬਸ਼ਰ, ਹਰਨਾਮ ਸਿੰਘ ਡੱਲਾ, ਦਰਸ਼ਨ ਤਿਓਣਾ, ਬਾਬੂ ਰਾਮ ਦੀਵਾਨਾ, ਗੋਵਰਧਨ ਗੱਬੀ, ਪਾਲ ਅਜਨਬੀ ਅਤੇ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀਆਂ, ਲੇਖਕਾਂ ਅਤੇ ਕਲਾਕਾਰਾਂ ਵੱਲੋਂ ਹਿੱਸਾ ਲਿਆ ਗਿਆ।

