ਮਰੀਜ਼ਾਂ ਨੂੰ ਮਿਅਰੀ ਸਿਹਤ ਸਹੂਲਤਾਂ ਦੇਣਾ ਪੰਜਾਬ ਸਰਕਾਰ ਦਾ ਨਿਸ਼ਾਨਾ – ਡਿਪਟੀ ਕਮਿਸ਼ਨਰ
ਚੰਡੀਗੜ੍ਹ 27 ਫਰਵਰੀ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ);
ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਸਬ ਡਵੀਜ਼ਨਲ ਹਸਪਤਾਲ ਖਰੜ ਦਾ ਜਾਇਜ਼ਾ ਲੈਣ ਤੋਂ ਬਾਅਦ ਦੱਸਿਆ ਕਿ ਇਸ ਹਸਪਤਾਲ ਦੇ ਨਵੀਨੀਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਹਸਪਤਾਲ ਨੂੰ ਨਵੀਂ ਦਿੱਖ ਦੇਣ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ।
ਅੱਜ ਏਥੇ ਸਥਾਨਕ ਡਵੀਜ਼ਨ ਹਸਪਤਾਲ ਦੀ ਇਮਾਰਤ ਅਤੇ ਸਾਜ਼ੋ-ਸਮਾਨ ਦਾ ਜਾਇਜ਼ਾ ਲੈਣ ਲਈ ਇੱਕ ਉਚ ਪੱਧਰੀ ਟੀਮ ਨਾਲ ਪਹੁੰਚੇ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਮਰੀਜ਼ਾਂ ਨੂੰ ਮਿਆਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਕਰਕੇ ਵੱਖ ਵੱਖ ਸਰਕਾਰੀ ਹਸਪਤਾਲਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਵੱਖ ਵੱਖ ਸਰਕਾਰੀ ਹਸਪਤਾਲਾਂ ਦੀਆਂ ਘਾਟਾਂ-ਕਮਜ਼ੋਰੀਆਂ ਤੋਂ ਇਲਾਵਾ ਲੋੜਾਂ ਦਾ ਪਤਾ ਲਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ਲੇਸ਼ਣ ਦੇ ਆਧਾਰ ’ਤੇ ਹੀ ਹਸਪਤਾਲਾਂ ਦੇ ਨਵੀਨੀਕਰਨ ਅਤੇ ਸਾਜੋ-ਸਮਾਨ ਦੀ ਖਰੀਦ ਦਾ ਕੰਮ ਆਰੰਭ ਕੀਤਾ ਜਾ ਰਿਹਾ ਹੈ ਤਾਂ ਜੋ ਮਰੀਜ਼ਾਂ ਨੂੰ ਬੇਹਤਰ ਸਹੂਲਤਾਂ ਦਿੱਤੀਆਂ ਜਾ ਸਕਣ।
ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਵਾਸਤੇ ਹੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਦਾ ਮਿਆਰ ਉਚਾ ਕਰਨ ਲਈ ਮੁਹਿੰਮ ਆਰੰਭੀ ਹੈ ਤਾਂ ਜੋ ਕੋਈ ਵੀ ਵਿਅਕਤੀ ਸਿਹਤ ਸਹੂਲਤਾਂ ਤੋਂ ਵਿਰਵਾ ਨਾ ਰਹੇ। ਹਸਪਤਾਲ ਦੇ ਨਵੀਨੀਕਰਨ ਵਿੱਚ ਇਸ ਦੀ ਇਮਾਰਤ ਦੀ ਮੁਰੰਮਤ ਕਰਨਾ, ਇਸ ਨੂੰ ਵਧੀਆ ਦਿੱਖ ਦੇਣ ਅਤੇ ਸਾਰੇ ਤਰ੍ਹਾਂ ਦੇ ਜ਼ਰੂਰੀੇ ਸਾਜ਼ੋ-ਸਮਾਨ ਦੀ ਪੂਰਤੀ ਕਰਨਾ ਸ਼ਾਮਲ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ ਵੱਖ ਵਾਰਡਾਂ ਦਾ ਵੀ ਦੌਰਾ ਕੀਤਾ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਹਸਪਤਾਲ ਵਿਚਲੇ ਦਵਾਈਆਂ ਦੇ ਸਟੋਰ ਦਾ ਵੀ ਦੌਰਾ ਕੀਤਾ ਅਤੇ ਓਥੇ ਉਪਲਭਦ ਦਵਾਈਆਂ ਦੇ ਸਟਾਕ ਦੀ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਮਰੀਜ਼ਾਂ ਨੂੰ ਜ਼ਰੂਰੀ ਦਵਾਈਆ ਮੁਹੱਈਆ ਕਰਵਾਈਆਂ ਜਾ ਰਹੀ ਹਨ। ਇਸ ਮੌਕੇ ਏ.ਡੀ.ਸੀ. (ਯੂ.ਡੀ.) ਸ੍ਰੀ ਦਮਨਜੀਤ ਸਿੰਘ, ਐਸ.ਡੀ.ਐਮ. ਖਰੜ ਸ੍ਰੀ ਰਵਿੰਦਰ ਸਿੰਘ, ਸਿਹਤ, ਲੋਕ ਨਿਰਮਾਣ ਅਤੇ ਜਨ ਸਿਹਤ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ