ਵਿਅੰਗ ਬਾਣ
ਸਕੂਲ ਟੀਚਰਾਂ ਵਿੱਚ ਸਥਾਪਤ ਖੌਫ਼ ਸੱਭਿਆਚਾਰ/ ਅਵਤਾਰ ਨਗਲ਼ੀਆ
(ਸੁਰ ਸਾਂਝ ਬਿਊਰੋ), 27 ਫਰਵਰੀ:
ਅੱਜ ਕਲਸਟਰ ਗੰਗੂਬਾਦ ਵਿੱਚ “ਰੀਡ ਪੰਜਾਬ” ਵਾਲ਼ੇ ਚੈਕਿੰਗ ਲਈ ਆਏ ਸਨ। ਰੀਡ ਪੰਜਾਬ ਟੀਮ ਇੱਕ ਤਰ੍ਹਾਂ ਨਾਲ਼ ਗੰਗੂਬਾਦ ਕਲਸਟਰ ਦੇ ਸਕੂਲਾਂ ਉੱਤੇ ਟੁੱਟ ਕੇ ਪੈ ਗਈ ਸੀ। ਪਹਿਲਾ ਧਾਵਾ ਚਲਿੱਤਰਾਂ ਸਕੂਲ ਉੱਤੇ ਬੋਲਿਆ ਗਿਆ। ਚੈਕਿੰਗ ਟੀਮ ਦੇ ਮੁਖੀ ਮਾਸਟਰ ਪੂਪਨ ਸਿੰਘ ਉਰਫ਼ ਪੂਪਨਾ ਜੀ ਦੀ ਅਗਵਾਈ ਵਿੱਚ ਮਾਸਟਰ ਟਰੇਨਰਾਂ ਨੇ ਸਕੂਲ ਦੀ ਅਜਿਹੀ ਚੈਕਿੰਗ ਕੀਤੀ ਕਿ ਸਕੂਲ ਦਾ ਸਟਾਫ਼ ਅਤੇ ਬੱਚੇ ਤ੍ਰਾਹ-ਤ੍ਰਾਹ ਕਰਨ ਲਾ ਦਿੱਤੇ। ਸਕੂਲ ਦੇ ਹੈੱਡ ਟੀਚਰ ਮੈਡਮ ਰਾਮਕਲੀ ਜੀ ਬੁਰੀ ਤਰ੍ਹਾਂ ਘਬਰਾ ਗਏ ਸਨ ਕਿਉਂਕਿ ਪੂਪਨਾ ਜੀ ਨੇ ਚਲਿੱਤਰਾਂ ਸਕੂਲ ਦੀਆਂ ਖਾਮੀਆਂ ਹੀ ਖਾਮੀਆਂ ਗਿਣਾਉਣ ਉਪਰੰਤ ਦਬਕੇ ਮਾਰ ਕੇ ਵੱਡੀ ਕਾਰਵਾਈ ਦੀ ਧਮਕੀ ਦਿੱਤੀ ਸੀ।
ਕੁੱਝ ਸਮਾਂ ਸਕੂਲ ਵਿੱਚ ਭਲਵਾਨੀ ਗੇੜੇ ਦੇਣ, ਖਰੂਦ ਮਚਾਉਣ ਅਤੇ ਵਿਜ਼ਿਟ ਰਜਿਸਟਰ ਉੱਤੇ ਸਖ਼ਤ ਟਿੱਪਣੀਆਂ ਲਿਖਣ ਤੋਂ ਬਾਅਦ ਪੂਪਨਾ ਜੀ ਆਪਣੀ ਚੈਕਿੰਗ ਟੀਮ ਲੈ ਕੇ ਅਗਲੇ ਸਕੂਲ ਨਾਂਗੇਵਾਲ਼ ਲਈ ਰਵਾਨਾ ਹੋ ਗਏ। ਲਗਭਗ ਰੋਣਹਾਕੇ ਹੋਏ ਮੈਡਮ ਰਾਮਕਲੀ ਜੀ ਨੇ ਕਲਸਟਰ ਇੰਚਾਰਜ ਬਖ਼ਸ਼ੀ ਰਾਮ ਜੀ ਨੂੰ ਮੋਬਾਈਲ ਫੋਨ ਉੱਤੇ ਕਾਲ ਕਰਕੇ ਸਾਰੀ ਵਿਥਿਆ ਸੁਣਾਈ। ਬਖ਼ਸ਼ੀ ਰਾਮ ਜੀ ਨੇ ਠਰੰਮੇ ਨਾਲ਼ ਹੌਸਲਾ ਦਿੰਦਿਆਂ ਕਿਹਾ, “ਮੈਡਮ ਜੀ ਕੋਈ ਚਿੰਤਾ ਨਾ ਕਰੋ। ਮਾਸਟਰ ਪੂਪਨਾ ਹੁਰੀਂ ਚੈਕਿੰਗਾਂ ਦੇ ਬਹਾਨੇ ਹੇਠ ਸਕੂਲਾਂ ਵਿੱਚ ਇਸ ਤਰ੍ਹਾਂ ਹੀ ਗੁੰਡਾਗਰਦੀ ਕਰਕੇ ਗੰਦ ਪਾਉਂਦੇ ਹਨ। ਅਸਲੀ ਅਥਾਰਟੀ ਕਲਸਟਰ ਪੱਧਰ ਉੱਤੇ ਮੈਂ, ਬਲਾਕ ਪੱਧਰ ਉੱਤੇ ਬੀਪੀਈਓ ਅਤੇ ਜ਼ਿਲ੍ਹਾ ਪੱਧਰ ਉੱਤੇ ਡਿਪਟੀ ਡੀਈਓ ਅਤੇ ਡੀਈਓ ਹੀ ਹੁੰਦੇ ਹਨ। ਕੋਈ ਗੱਲ ਨੀ….. ਪੂਪਨੇ ਨੂੰ ਮੇਰੇ ਕੋਲ਼ ਆਉਣ ਦਿਓ। ਮੈਂ ਫਿਰ ਕਰਦਾ ਹਾਂ ਉਸ ਨਾਲ਼ ਗੱਲ….।”
ਇਹ ਕਹਿ ਕੇ ਬਖ਼ਸ਼ੀ ਰਾਮ ਜੀ ਨੇ ਟੀਮ ਇੰਚਾਰਜ ਪੂਪਨਾ ਜੀ ਨੂੰ ਫੋਨ ਮਿਲਾਇਆ, ਰਿੰਗ ਤਾਂ ਗਈ ਪਰ ਫੋਨ ਨਾ ਚੁੱਕਿਆ। ਪੌਣੇ ਕੁ ਘੰਟੇ ਬਾਅਦ ਮੁੜ ਡਾਇਲ ਕਰਨ ਉੱਤੇ ਪੂਪਨਾ ਜੀ ਨੇ ਫੋਨ ਚੁੱਕਿਆ” ਹੈਲੋ …” ਕਿਹਾ ਤਾਂ ਬਖ਼ਸ਼ੀ ਰਾਮ ਜੀ ਬੋਲੇ ,”ਓਏ ਪੂਪਨਿਆ ! ਕਿੱਧਰ ਫਿਰਦੈਂ ਤੂੰ ….। ਪੁੱਠੇ ਕੰਮਾਂ ਤੋਂ ਬਾਜ਼ ਆ ਜਾ …। ਸਾਡੇ ਸਕੂਲਾਂ ਵਿੱਚ ਆ ਕੇ ਮੈਡਮਾਂ ਨੂੰ ਦਬਕੇ ਮਾਰਦਾ ਏਂ ਓਏ ! ਉਂਜ ਤਾਂ ਕਾਨੂੰਨੀ ਤੌਰ ਉੱਤੇ ਤੂੰ ਆਪਣੇ ਸਕੂਲ ਨੂੰ ਛੱਡ ਕੇ ਹੋਰ ਸਕੂਲ ਵਿੱਚ ਵੜ ਹੀ ਨਹੀਂ ਸਕਦਾ …। ਚੱਲ ਜੇ ਨਿਯਮਾਂ – ਕਾਨੂੰਨਾਂ ਨੂੰ ਛਿੱਕੇ ਟੰਗ ਕੇ ਤੈਨੂੰ ਸਕੂਲਾਂ ਵਿੱਚ ਘੁੰਮਣ ਦੀ ਡਿਊਟੀ ਮਿਲ ਹੀ ਗਈ ਤਾਂ ਆਪਣੀ ਔਕਾਤ ਵਿੱਚ ਤਾਂ ਰਹਿ ਓਏ ! …..ਵੱਡਾ ਅਫ਼ਸਰ ਬਣਨ ਦੀ ਬਾਹਲ਼ੀ ਫੀਲਿੰਗ ਨਾ ਲੈ ਤੂੰ … ਹੈ ਤਾਂ ਤੂੰ ਮਾਸਟਰ ਈ ਏਂ… ਅਖੇ ਜਾਤ ਦੀ ਕੋਹੜ ਕਿਰਲੀ, ਸ਼ਤੀਰਾਂ ਨੂੰ ਜੱਫੇ ..।” ਪੂਪਨਾ ਜੀ ਨੇ ਕੋਈ ਵੀ ਜਵਾਬ ਨਾ ਦਿੰਦਿਆਂ ਫੋਨ ਕੱਟ ਦਿੱਤਾ।
ਇਸ ਮੌਕੇ ਉੱਤੇ ਪੂਪਨਾ ਜੀ ਗਿੰਦਵੜੀ ਸਕੂਲ ਵਿੱਚ ਐੱਚ.ਟੀ. ਗਰੀਬ ਦਾਸ ਨੂੰ ਦਬਕੇ ਮਾਰ ਰਹੇ ਸਨ।.. ਫੋਨ ਸੁਣ ਕੇ ਇੱਕ ਵਾਰ ਤਾਂ ਪੂਪਨਾ ਜੀ ਠਠੰਬਰ ਗਏ, ਪਰ ਤੁਰੰਤ ਹੀ ਕਾਬੂ ਪਾ ਲਿਆ ।” ਮਾਸਟਰ ਬਖ਼ਸ਼ੀ ਪੂਰਾ ਮੈਂਟਲ ਐ।… ਹੁਣ ਇਸ ਨਾਲ਼ ਕੋਈ ਪੇਚਾ ਨਾ ਪੈ ਜੇ …।” ਇਹ ਸੋਚ ਕੇ ਪੂਪਨਾ ਜੀ ਨੇ ਆਪਣੇ ਸਾਥੀ ਟਰੇਨਰਾਂ ਨੂੰ ਕਿਹਾ, “ਹੁਣੇ ਕੋਆਰਡੀਨੇਟਰ ਸਾਹਿਬ ਦਾ ਫੋਨ ਆਇਆ । ਆਪਾਂ ਨੂੰ ਹੁਣੇ ਕਰੂਪਨਗਰ ਜਾਣਾ ਪੈਣਾ। ਜ਼ਰੂਰੀ ਐਮਰਜੈਂਸੀ ਮੀਟਿੰਗ ਐ। ਉਪਰੋਂ ਕੋਈ ਵਿਸ਼ੇਸ਼ ਹਦਾਇਤਾਂ ਆਈਆਂ ਨੇ। “ਇਹ ਕਹਿ ਕੇ ਪੂਪਨਾ ਜੀ ਨੇ ਦੌੜ ਕੇ ਮੂੰਹ ਮੰਗਵੇਂ ਭਾਰੀ – ਭਰਕਮ ਦਾਜ ਵਿੱਚ ਮਿਲੀ ਡਸਟਰ ਗੱਡੀ ਸਟਾਰਟ ਕਰ ਦਿੱਤੀ। ਸਾਰੇ ਟਰੇਨਰ ਗੱਡੀ ਵਿੱਚ ਬੈਠ ਗਏ ਤਾਂ ਸਭ ਤੋਂ ਪਹਿਲਾਂ ਪੂਪਨਾ ਜੀ ਨੇ ਗੱਡੀ ਸਿੱਧੀ ਠੇਕੇ ਵੱਲ੍ਹ ਹੱਕ ਦਿੱਤੀ । ਦੋ – ਦੋ ਬੋਤਲਾਂ ਠੰਢੀਆਂ ਸਟਰਾਂਗ ਬੀਅਰਾਂ ਨਾਲ਼ ਚਿੱਲੀ ਚਿਕਨ ਛਕਣ ਤੋਂ ਬਾਅਦ ਜਦੋਂ ਉਹ ਕਰੂਪਨਗਰ ਪਹੁੰਚੇ ਤਾਂ ਪੂਪਨਾ ਜੀ ਨੇ ਨਸ਼ੇ ਦੀ ਲੋਰ ਵਿੱਚ ਇਹ ਕਹਿ ਕੇ ਮਾਸਟਰ ਟਰੇਨਰਾਂ ਨੂੰ ਬੱਸ ਅੱਡੇ ਉੱਤੇ ਉਤਾਰ ਦਿੱਤਾ, “ਮੇਰੇ ਵਿਗੜੇ ਹੋਏ ਮਾਸਟਰ ਟਰੇਨਰ ਸਾਥੀਓ ! … ਹੁਣੇ – ਹੁਣੇ ਸੁਨੇਹਾ ਆਇਆ ਕਿ …..ਨਾ ਟਾਲ਼ੇ ਜਾ ਸਕਣ ਵਾਲ਼ੇ ਕਾਰਨਾਂ ਕਰਕੇ ਹੁਣ ਦੀ ਹੋਣ ਵਾਲ਼ੀ ਐਮਰਜੈਂਸੀ ਮੀਟਿੰਗ ਰੱਦ ਹੋ ਗਈ ਹੈ। ਇਸ ਲਈ ਹੁਣ ਤੁਸੀਂ ਆਪਣੀਆਂ-ਆਪਣੀਆਂ ਸੋਹਣੀਆਂ – ਸੁਨੱਖੀਆਂ ਘਰ ਵਾਲ਼ੀਆਂ ਅਤੇ ਆਪਣੇ ਵਰਗੇ ਕਰੂਪ ਨਿਆਣਿਆਂ ਕੋਲ਼ ਜਾਣ ਲਈ ਆਪਣੇ – ਆਪਣੇ ਘਰਾਂ ਨੂੰ ਤਿੱਤਰ ਹੋ ਜਾਓ ।”
ਬਖ਼ਸ਼ੀ ਰਾਮ ਜੀ ਨੇ ਸਕੂਲ ਵਿੱਚ ਪੂਪਨਾ ਜੀ ਨੂੰ ਕਾਫ਼ੀ ਉਡੀਕਿਆ। ਪੂਪਨਾ ਜੀ ਗੰਗੂਬਾਦ ਨਾ ਪਹੁੰਚੇ ਤਾਂ ਫੋਨ ਵੀ ਮਿਲਾਇਆ, ਪਰ ਕਈ ਰਿੰਗਾਂ ਜਾਣ ਦੇ ਬਾਵਜੂਦ ਕੋਈ ਜਵਾਬ ਨਾ ਆਇਆ। ਇੰਨੇ ਨੂੰ ਮਰਜਾਰੀ ਸਕੂਲ ਦੇ ਮਾਸਟਰ ਪਤੰਗਾ ਜੀ ਕਲਸਟਰ ਆ ਪੁੱਜੇ। ਪਤੰਗਾ ਜੀ ਨੇ ਦੱਸਿਆ ਕਿ ਪੂਪਨਾ ਜੀ ਤਾਂ ਇੱਕ ਘੰਟਾ ਪਹਿਲਾਂ ਹੀ ਠੇਕੇ ਤੋਂ ਬੀਅਰ ਪੀ ਕੇ ਕਰੂਪ ਨਗਰ ਵੱਲ੍ਹ ਤੁਰੇ ਸਨ।
ਇਸ ਤੋਂ ਅਗਲੇ ਦਿਨ ਸੈਂਟਰ ਮੀਟਿੰਗ ਸੀ। ਕਲਸਟਰ ਗੰਗੂਬਾਦ ਦੇ ਸਮੂਹ ਸਕੂਲਾਂ ਦੇ ਮੁਖੀ ਮੀਟਿੰਗ ਵਿੱਚ ਹਾਜ਼ਰ ਹੋਏ। ਇਸ ਮੌਕੇ ਉੱਤੇ ਆਪਣੀ ਵਾਰੀ ਅਨੁਸਾਰ ਬ੍ਰਹਮਵਾਲ ਸਕੂਲ ਦੇ ਐੱਚਟੀ ਮੈਡਮ ਪੁਜਾਰੀ ਲਤਾ ਜੀ ਸਮੂਹ ਹਾਜ਼ਰ ਟੀਚਰਾਂ ਵਾਸਤੇ ਪਨੀਰ ਦੇ ਤੇ ਬਰੈੱਡ ਪਕੌੜੇ ਘਰੋਂ ਤਿਆਰ ਕਰਕੇ ਲਿਆਏ ਸਨ। ਕਲੱਸਟਰ ਮੀਟਿੰਗ ਦਾ ਏਜੰਡਾ ਮੁਕੰਮਲ ਹੋਣ ਤੋਂ ਬਾਅਦ ਗਰਮਾ – ਗਰਮ ਚਾਹ ਨਾਲ਼ ਬਰੈੱਡ ਪਕੌੜੇ ਖਾ ਰਹੇ ਟੀਚਰਾਂ ਵਿਚਕਾਰ ਮੈਡਮ ਰਾਮਕਲੀ ਜੀ ਨੇ ਕੱਲ੍ਹ ਦੀ ਹੋਈ ਚੈਕਿੰਗ ਦੀ ਰਾਮ ਕਹਾਣੀ ਸੁਣਾਈ। ਇਸ ਤਰ੍ਹਾਂ ਹੀ ਨਾਂਗੇਵਾਲ਼ ਸਕੂਲ ਦੇ ਮਾਸਟਰ ਪੋਪਟ ਲਾਲ ਜੀ ਅਤੇ ਗਿੰਦਵੜੀ ਦੇ ਮਾਸਟਰ ਗਰੀਬਦਾਸ ਜੀ ਨੇ ਕੱਲ੍ਹ ਹੋਈ ਚੈਂਕਿੰਗ ਅਤੇ ਪੂਪਨਾ ਜੀ ਦੇ ਦਬਕਿਆਂ ਦਾ ਜ਼ਿਕਰ ਕੀਤਾ ਅਤੇ ਡਰ ਮਹਿਸੂਸ ਕੀਤਾ ਕਿ ਕਿਧਰੇ ਕੋਈ ਕਾਰਵਾਈ ਨਾ ਹੋ ਜਾਵੇ।” ਤਿੰਨਾਂ ਟੀਚਰਾਂ ਦੇ ਪੀਲੇ ਭੂਕ ਚਿਹਰੇ ਵੇਖ ਮਾਸਟਰ ਬਖ਼ਸ਼ੀ ਰਾਮ ਜੀ ਹੱਸ ਪਏ।
ਇਸ ਉਪਰੰਤ ਹੱਥ ਵਿੱਚ ਫੜੇ ਬਰੈੱਡ ਪਕੌੜੇ ਦਾ ਪੀਸ ਖਾਣ ਉਪਰੰਤ ਪੂਰੀ ਗੰਭੀਰ ਮੁਦਰਾ ਵਿਚ ਮਾਸਟਰ ਬਖ਼ਸ਼ੀ ਰਾਮ ਜੀ ਨੇ ਬੋਲਣਾ ਸ਼ੁਰੂ ਕੀਤਾ, “ਮੇਰੇ ਸਤਿਕਾਰਯੋਗ ਟੀਚਰ ਸਾਥੀਓ ! ਅਸੀਂ ਟੀਚਰ ਲੋਕ ਮੁਕੰਮਲ ਡਰ ਦੇ ਸਾਏ ਹੇਠ ਆਪਣੀਆਂ – ਆਪਣੀਆਂ ਡਿਊਟੀਆਂ ਕਰਦੇ ਹਾਂ। ਆਪਣੇ ਵਿੱਚੋਂ ਬਹੁਤੇ ਟੀਚਰ ਪੂਰੀ ਤਨਦੇਹੀ ਨਾਲ਼ ਆਪਣੀ ਬਣਦੀ ਡਿਊਟੀ ਤੋਂ ਕਿਤੇ ਵੱਧ ਮਿਹਨਤ ਕਰਦੇ ਹਨ। ਆਪਣੇ ਕਲਸਟਰ ਦੇ ਚਾਰ ਸਕੂਲ ਸਿੰਗਲ ਟੀਚਰ ਹਨ। ਇਹ ਚਾਰੇ ਟੀਚਰ ਇਕੱਲੇ – ਇਕੱਲੇ ਸੱਤ-ਸੱਤ ਕਲਾਸਾਂ ਨੂੰ ਪੜ੍ਹਾਉਂਦੇ ਹਨ। ਭਾਰੀ – ਭਰਕਮ ਗੈਰਵਿਦਿਅਕ ਕੰਮ ਇਸ ਤੋਂ ਵੱਖਰਾ ਕਰਦੇ ਹਨ। ਹਰ ਤਰ੍ਹਾਂ ਦੀਆਂ ਜਾਇਜ਼ – ਨਾਜਾਇਜ਼ ਡਿਊਟੀਆਂ ਨਿਭਾਉਂਦੇ ਹਨ। ਇੰਨਾ ਸਾਰਾ ਕੰਮ ਕਰਨ ਦੇ ਬਾਵਜੂਦ ਅਸੀਂ ਡਰ -ਡਰ ਕੇ ਦਿਨ ਕਟੀ ਕਰਨ ਲਈ ਕਿਉਂ ਮਜ਼ਬੂਰ ਹਾਂ ?? ਸਾਡੀ ਹਾਲਤ ਇੰਨੀ ਦੀਨ ਹੀਨ ਕਿਉਂ ਹੈ ??? ਅਸੀਂ ਟੁੱਟੇ ਹੋਏ ਹੌਸਲਿਆਂ ਨਾਲ਼ ਢੇਰੀ ਢਾਹ ਕੇ ਹੀ ਡਿਊਟੀਆਂ ਕਿਉਂ ਕਰਦੇ ਹਾਂ ????. “ਬੱਕਰੀ ਨੇ ਦੁੱਧ ਦਿੱਤਾ ਉਹ ਵੀ ਮੀਂਗਣਾਂ ਪਾ ਕੇ” ਅਖਾਣ ਤਹਿਤ ਅਸੀਂ ਮੀਂਗਣਾਂ ਕਿਉਂ ਪਾਉਂਦੇ ਹਾਂ????? …… ਅਜਿਹਾ ਇਕੱਲਾ ਸਾਡੇ ਨਹੀਂ ਹਰ ਪਾਸੇ ਸਕੂਲਾਂ ਵਿੱਚ ਵਪਰ ਰਿਹਾ ਹੈ। …ਹਰ ਪਾਸੇ ਡਰ ਦਾ ਸਾਇਆ ਹੈ।… ਪਰ ਕੀ ਆਪਾਂ ਇਹ ਜਾਣਨ ਜਾਂ ਸਮਝਣ ਦੀ ਕੋਸ਼਼ਿਸ਼ ਕੀਤੀ ਹੈ ਕਿ ਸਾਡੇ ਦਰਮਿਆਨ ਇਹ ਭਿਆਨਕ ਡਰ ਦਾ ਵਾਤਾਵਰਨ ਕਿਉਂ ਉਸਰਿਆ ਹੋਇਆ ਹੈ ??? ਅਸੀਂ ਖ਼ਸ਼ ਹੋ ਕੇ ਆਨੰਦ ਨਾਲ਼ ਡਿਊਟੀਆਂ ਕਰਨ ਤੋਂ ਕਿਉੰ ਅਸਮਰੱਥ ਹਾਂ???….ਸ਼ਾ਼ਇਦ ਇਹ ਜਾਣਨ – ਸਮਝਣ ਦੀ ਕਦੀ ਵੀ ਕੋਸ਼ਿਸ਼ ਨਹੀਂ ਕਰਦੇ ।…. ਦਰਅਸਲ ਆਪਣੇ ਟੀਚਰ ਵਰਗ ਵਿੱਚ ਪੂਰੀ ਤਰ੍ਹਾਂ ਜੜ੍ਹ ਫੜ ਚੁੱਕੇ, ਪੂਰੀ ਤਰ੍ਹਾਂ ਸਥਾਪਤ ਹੋ ਚੁੱਕੇ ਇਸ ਮੋਕਮਾਰ ਕਲਚਰ ਦੀਆਂ ਤੰਦਾਂ ਭਾਰਤ ਵਿੱਚ ਅੰਗਰੇਜ਼ ਸ਼ਾਸ਼ਨ ਨਾਲ਼ ਜੁੜੀਆਂ ਹੋਈਆਂ ਹਨ।”
“ਉਹ ਕਿਵੇਂ ..??” ਮੰਗਲ਼ੀ ਸਕੂਲ ਦੇ ਮਾਸਟਰ ਪਤੰਗਾ ਜੀ ਉਤਾਵਲੇ ਹੋ ਕੇ ਬੋਲੇ।
ਮਾਸਟਰ ਬਖ਼ਸ਼ੀ ਰਾਮ ਜੀ ਅੱਗੇ ਬੋਲੇ, “ਹੈ ਤਾਂ ਇਹ ਵੱਡੀ ਡਿਸਕਸ਼ਨ, ਪਰ ਮੈਂ ਬਹੁਤਾ ਡਿਟੇਲ ਵਿੱਚ ਨਹੀਂ ਜਾਵਾਂਗਾ। ਭਾਰਤ ਦੀ ਅੰਗਰੇਜ਼ਾਂ ਖਿਲਾਫ਼ 1857 ਦੀ ਆਜ਼ਾਦੀ ਦੀ ਲੜਾਈ ਤੋਂ ਬਾਅਦ ਅੰਗਰੇਜ਼ ਬੁਰੀ ਤਰ੍ਹਾਂ ਹਿੱਲ ਗਏ ਸਨ। ਇਹ ਬਗਾਵਤ ਜਾਂ ਲੜਾਈ ਅੰਗਰੇਜ਼ਾਂ ਨੇ ਭਾਵੇਂ ਦਬਾ ਦਿੱਤੀ ਸੀ, ਪਰ ਭਵਿੱਖ ਵਿੱਚ ਅਜਿਹਾ ਨਾ ਵਾਪਰ ਸਕੇ ਇਸ ਵਾਸਤੇ ਅੰਗਰੇਜ਼ਾਂ ਨੇ ਭਾਰਤ ਉੱਤੇ ਪੂਰੀ ਮਜ਼ਬੂਤੀ ਨਾਲ਼ ਕਬਜ਼ਾ ਰੱਖਣ ਅਤੇ ਲੁੱਟ – ਖਸੁੱਟ ਕਰਨ ਲਈ ਚੰਗੀ ਤਰ੍ਹਾਂ ਯੋਜਨਾਬੱਧ ਅਤੇ ਮਜ਼ਬੂਤ ਰਾਜਨੀਤਿਕ, ਮਿਲਟਰੀ, ਸਿਵਲ ਪ੍ਰਸ਼ਾਸਨਿਕ, ਪੁਲਿਸ ਪ੍ਰਸ਼ਾਸਨਿਕ, ਜੁਡੀਸ਼ੀਅਲ ਵਿਵਸਥਾ ਕਾਇਮ ਕੀਤੀ।
ਅੰਗਰੇਜ਼ ਸ਼ਾਸਨ ਅਧੀਨ ਹੋਰ ਸਿਸਟਮਾਂ ਤੋਂ ਇਲਾਵਾ ਗੁਲਾਮ ਭਾਰਤ ਲਈ ਐਜੂਕੇਸ਼ਨ ਸਿਸਟਮ ਨੂੰ ਬਹੁਤ ਗੰਭੀਰਤਾ ਅਤੇ ਬਰੀਕੀ ਨਾਲ਼ ਅਧਿਐਨ ਕਰਕੇ ਤਿਆਰ ਅਤੇ ਲਾਗੂ ਕੀਤਾ ਗਿਆ। ਇਸ ਕੰਮ ਦੀ ਨੀਂਹ ਅੰਗਰੇਜ਼ ਅਧਿਕਾਰੀ ਅਤੇ ਵਿਦਵਾਨ ਲਾਰਡ ਮੈਕਾਲੇ ਨੇ 1835 ਵਿੱਚ ਹੀ ਰੱਖ ਦਿੱਤੀ ਸੀ। ਇਸ ਕਰਕੇ ਗੁਲਾਮ ਭਾਰਤ ਵਿੱਚ ਸਖ਼ਤੀ ਨਾਲ਼ ਲਾਗੂ ਹੋਏ ਸਿੱਖਿਆ ਪ੍ਰਬੰਧ ਨੂੰ ਲਾਰਡ ਮੈਕਾਲੇ ਦਾ ਐਜੂਕੇਸ਼ਨ ਸਿਸਟਮ ਵੀ ਕਿਹਾ ਜਾਂਦਾ ਹੈ। ਲਾਰਡ ਮੈਕਾਲੇ ਦੇ ਸਿਸਟਮ ਤਹਿਤ ਭਾਰਤ ਦੇ ਵੱਖ – ਵੱਖ ਖੇਤਰਾਂ ਵਿੱਚ ਚੱਲ ਰਹੇ ਭਾਰਤੀ ਮੂਲ ਦੇ ਸਿੱਖਿਆ ਪ੍ਰਬੰਧਾਂ ਨੂੰ ਨਸ਼ਟ ਕਰ ਦਿੱਤਾ ਗਿਆ। ਇਹ ਭਾਰਤੀ ਸਿੱਖਿਆ ਪ੍ਰਬੰਧ ਉਸ ਸਮੇਂ ਦੇ ਹਿਸਾਬ ਨਾਲ਼ ਡਿਵੈਲਪ ਹੋ ਰਹੇ ਕਮਾਲ ਦੇ ਸਿੱਖਿਆ ਪ੍ਰਬੰਧ ਸਨ, ਜਿਵੇਂ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਿੱਖਿਆ ਪ੍ਰਬੰਧ ਅਧੀਨ ਘਰ – ਘਰ ਸਾਖਰਤਾ ਪੁੱਜ ਗਈ ਸੀ। ਅੰਗਰੇਜ਼ਾਂ ਨੇ ਇਹਨਾਂ ਦੇਸੀ ਸਿੱਖਿਆ ਪ੍ਰਬੰਧਾਂ ਨੂੰ ਜੜ੍ਹ ਤੋਂ ਖ਼ਤਮ ਕਰਕੇ ਇਹਨਾਂ ਦੀ ਥਾਂ ਲਾਰਡ ਮੈਕਾਲੇ ਸਿੱਖਿਆ ਪ੍ਰਬੰਧ ਸਮੁੱਚੇ ਦੇਸ ਉੱਤੇ ਥੋਪ ਦਿੱਤਾ। ਇਹ ਸਿੱਖਿਆ ਪ੍ਰਬੰਧ ਬੇਸੀਕਲੀ ਇੰਨਾ ਜਾਬਰ ਸੀ ਕਿ ਇਸ ਬਾਰੇ ਲਾਰਡ ਮੈਕਾਲੇ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਘੜੇ ਹੋਏ ਐਜੂਕੇਸ਼ਨ ਸਿਸਟਮ ਨਾਲ਼ ਕਿਸੇ ਕੌਮ ਨੂੰ ਪੰਜ ਸੌ ਸਾਲ ਤੱਕ ਵੀ ਗੁਲਾਮ ਰੱਖਿਆ ਜਾ ਸਕਦਾ ਹੈ। ਇਹ ਸਿਸਟਮ ਅਜਿਹੇ ਤਰੀਕੇ ਨਾਲ਼ ਤਿਆਰ ਅਤੇ ਲਾਗੂ ਕੀਤਾ ਗਿਆ ਕਿ ਇਸ ਸਿਸਟਮ ਤਹਿਤ ਪੜ੍ਹਿਆ ਹੋਇਆ ਭਾਰਤੀ ਅੰਗਰੇਜ਼ ਹਾਕਮਾਂ ਦੇ ਹਿਤਾਂ ਲਈ ਹੀ ਸੋਚ ਸਕੇ। ਦੇਸ ਦੀ ਆਜ਼ਾਦੀ ਅਤੇ ਹੱਕ – ਸੱਚ ਦੀ ਲੜਾਈ ਦਾ ਨਾ ਤਾਂ ਉਸ ਅੰਦਰ ਤੱਤ ਪੈਦਾ ਹੋ ਸਕੇ ਅਤੇ ਨਾ ਹੀ ਅਜਿਹਾ ਕਰਨ ਉਹ ਹਿੰਮਤ ਕਰ ਸਕੇ। ਇੱਕ ਤਰ੍ਹਾਂ ਉਹ ਅੰਗਰੇਜ਼ਾਂ ਦੀ ਚਾਕਰੀ ਕਰਕੇ ਆਪਣੇ ਫਾਇਦੇ ਬਾਰੇ ਹੀ ਸੋਚਣ ਵਾਲ਼ਾ ਗੁਲਾਮ ਬਿਰਤੀ ਵਾਲ਼ਾ ਇੱਕ ਬੇਅਣਖਾ ਆਦਮੀ ਬਣ ਕੇ ਚੱਲੇ। ਇਸ ਐਜੂਕੇਸ਼ਨ ਸਿਸਟਮ ਤਹਿਤ ਸਕੂਲਾਂ ਵਿੱਚ ਬੱਚੇ ਪੜ੍ਹਾ ਰਹੇ ਟੀਚਰਾਂ ਅਤੇ ਸਕੂਲ ਮੁਖੀਆਂ ਨੂੰ ਅਤਿ ਦਰਜੇ ਦੇ ਡਰਪੋਕ ਅਤੇ ਦੱਬੂ , ਆਮ ਸ਼ਬਦਾਂ ਵਿੱਚ ਮੋਕਮਾਰ ਬਣਾਉਣ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਗਏ। ਇਹਨਾਂ ਉਪਰਾਲਿਆਂ ਵਿੱਚ ਕਈ ਤਰ੍ਹਾਂ ਦਾਬੇ ਦੀਆਂ ਜਾਬਰ ਕਾਨੂੰਨੀ ਵਿਵਸਥਾਵਾਂ ਅੰਗਰੇਜ਼ਾਂ ਦਾ ਹਿਤ ਪੂਰਦਾ ਘਟੀਆ ਸਲੇਬਸ, ਸਿੱਖਿਆ ਦੇਣ ਦੇ ਜਾਬਰ ਢੰਗ – ਤਰੀਕੇ , ਮਜ਼ਬੂਤ ਬੇਕਿਰਕ ਪ੍ਰਸ਼ਾਸਨਿਕ ਸ਼ਿਕੰਜੇ ਤੋਂ ਇਲਾਵਾ ਸਕੂਲਾਂ ਲਈ ਸਕੂਲ ਇੰਸਪੈਕਟਰਾਂ ਦੀ ਦੀ ਤਾਇਨਾਤੀ ਦੀ ਵਿਵਸਥਾ ਕੀਤੀ ਗਈ ਸੀ । ….ਇਹਨਾਂ ਇੰਸਪੈਕਟਰਾਂ ਦੀ ਕਾਰਜ ਪ੍ਰਣਾਲੀ ਦਾ ਸਾਰ ਤੱਤ ਇਹ ਹੈ ਕਿ ਜੇਕਰ ਆਪਾਂ ਸਕੂਲ ਇੰਸਪੈਕਟਰ ਨੂੰ ਬਘਿਆੜ ਮੰਨ ਲਈਏ ਤਾਂ ਸਕੂਲ ਮੁਖੀ ਅਤੇ ਟੀਚਰ ਇੱਕ ਤਰ੍ਹਾਂ ਦੇ ਲੇਲੇ ਸਨ ….। ਇਹਨਾਂ ਇੰਸਪੈਕਟਰਾਂ ਨੂੰ ਸਕੂਲਾਂ ਦੇ ਦਹਿਸ਼ਤਗਰਦ ਕਹਿ ਦਿੱਤਾ ਜਾਵੇ ਤਾਂ ਇਹ ਅਤਿਕਥਨੀ ਨਹੀਂ ਹੋਵੇਗਾ। ਸਕੂਲਾਂ ਦੀਆਂ ਚੈਕਿੰਗਾਂ ਲਈ ਤਾਇਨਾਤ ਕੀਤੇ ਸਕੂਲ ਇੰਸਪੈਕਟਰ ਸਕੂਲ ਮੁਖੀਆਂ ਅਤੇ ਟੀਚਰਾਂ ਉੱਤੇ ਇੰਨੀ ਦਹਿਸ਼ਤ ਪਾ ਕੇ ਰੱਖਦੇ ਸਨ ਕਿ ਟੀਚਰ ਹਮੇਸ਼ਾ ਹੀ ਬੁਰੀ ਤਰ੍ਹਾਂ ਡਰ ਦੇ ਸਾਏ ਹੇਠ ਰਹਿੰਦੇ ਸਨ ਅਤੇ ਬੱਚਿਆਂ ਅੰਦਰ ਅਜ਼ਾਦ ਖਿਆਲਾਤ ਉਸਾਰਨ ਤਾਂ ਕੀ ਅਜਿਹੀ ਕੋਈ ਗੱਲ ਸੋਚਣ ਤੱਕ ਦਾ ਹੀਆ ਵੀ ਨਹੀਂ ਕਰਦੇ ਸਨ । ਤੱਤ ਰੂਪ ਵਿੱਚ ਟੀਚਰ ਅੰਗਰੇਜ਼ ਭਗਤੀ, ਅੰਗਰੇਜ਼ ਚਾਕਰੀ ਹੀ ਕਰਦੇ ਸਨ। ਇਸ ਤਰਾਂ ਅੰਗਰੇਜ਼ ਸ਼ਾਸਨ ਅਧੀਨ ਬੁਰੀ ਤਰ੍ਹਾਂ ਡਰੇ ਹੋਏ ਦੱਬੂ ਅਤੇ ਗੁਲਾਮ ਬਿਰਤੀ ਦੇ ਟੀਚਰ ਇਸ ਡਰ ਅਤੇ ਗੁਲਾਮ ਬਿਰਤੀ ਨੂੰ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਅੰਦਰ ਟਰਾਂਸਫਰ ਕਰਦੇ ਸ, ਜਿਸ ਦੇ ਸਿੱਟੇ ਵਜੋਂ ਵੱਡੇ ਪੱਧਰ ਉੱਤੇ ਡਰੂ ਦੱਬੂ ਪ੍ਰਵਿਰਤੀ, ਭੇਡ ਚਾਲ ਬਿਰਤੀ ਵਾਲ਼ੀ ਗੈਰਜਾਗਰੂਕ ਭਾਰਤੀ ਕੌਮ ਦਾ ਨਿਰਮਾਣ ਹੋਇਆ ਜਿਵੇਂ ਕਿ ਅੰਗਰੇਜ਼ ਚਾਹੁੰਦੇ ਸਨ। ਇਸ ਕਰਕੇ ਭਾਰਤ ਦੀਆਂ ਦੇਸ਼ ਭਗਤਕ ਲਹਿਰਾਂ ਅਕਸਰ ਹੀ ਮੁਕਾਬਲਤਨ ਕਮਜ਼ੋਰ ਸਥਿਤੀ ਵਿੱਚ ਰਹੀਆਂ । ਏਹੀ ਕਾਰਨ ਹੈ ਕਿ ਪੰਜਾਬ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਅੰਗਰੇਜ਼ਾਂ ਦੇ ਭਾਰਤ ਉੱਤੇ ਲਗਭਗ ਸੌ ਸਾਲਾਂ ਦੇ ਸ਼ਾਸ਼ਨ ਦੌਰਾਨ ਅੰਗਰੇਜ਼ਾਂ ਨੂੰ ਵਿਸ਼ਾਲ ਭਾਰਤ ਦੇ ਲੋਕਾਂ ਤੋਂ ਕਿਸੇ ਇੰਨੇ ਅਸਰਦਾਇਕ ਚੈਲੰਜ ਦਾ ਕਦੀ ਵੀ ਸਾਹਮਣਾ ਨਹੀਂ ਕਰਨਾ ਪਿਆ ਜਿੰਨਾ ਕਿ ਅੰਗਰੇਜ਼ਾਂ ਨੂੰ ਦੁਨੀਆਂ ਦੀਆਂ ਅਫ਼ਗਾਨਿਸਤਾਨ ਵਰਗੀਆਂ ਹੋਰ ਕੌਮਾਂ ਤੋਂ ਮਿਲਿਆ ਸੀ।
ਅਫਗਾਨਿਸਤਾਨ ਵਿੱਚੋਂ ਤਾਂ ਅੰਗਰੇਜ਼ਾਂ ਨੂੰ ਕੁੱਟ ਖਾ ਕੇ ਸਿਰ ਉੱਤੇ ਪੈਰ ਰੱਖ ਕੇ ਨੱਸਣਾ ਪਿਆ ਸੀ। ਇਹ ਜ਼ਾਬਰ ਲਾਰਡ ਮੈਕਾਲੇ ਸਿੱਖਿਆ ਪ੍ਰਬੰਧ ਦਾ ਹੀ ਸਿੱਟਾ ਸੀ ਕਿ ਭਾਰਤ ਵਿੱਚ ਅੰਗਰੇਜ਼ੀ ਸਿਸਟਮ ਅਧੀਨ ਪੜ੍ਹੇ – ਲਿਖੇ ਅੰਗਰੇਜ਼ ਭਗਤ ਗਦਾਰ ਭਾਰਤੀਆਂ ਦੀ ਸੰਖਿਆ ਪੜ੍ਹੇ ਲਿਖੇ ਦੇਸ ਭਗਤਾਂ ਨਾਲੋਂ ਕਈ ਗੁਣਾ ਵੱਧ ਸੀ, ਜਿਸ ਕਰਕੇ ਅੰਗਰੇਜ਼ੀ ਸ਼ਾਸ਼ਨ ਨੂੰ ਸਿਰਫ਼ ਭਾਰਤ ਵਿੱਚ ਹੀ ਨਹੀਂ ਪੂਰੀ ਦੁਨੀਆਂ ਵਿੱਚ ਮਜ਼ਬੂਤੀ ਮਿਲੀ। ਭਾਰਤੀ ਦੇ ਬ੍ਰਿਟਿਸ਼ ਐਜੂਕੇਸ਼ਨ ਸਿਸਟਮ ਅਧੀਨ ਪੜ੍ਹੇ ਭਾਰਤੀਆਂ ਨੂੰ ਅੰਗਰੇਜ਼ਾਂ ਨੇ ਬੇਅਣਖੇ ਭਾੜੇ ਦੇ ਬਾਬੂ ਬਣਾ ਕੇ ਪੂਰੀ ਦੁਨੀਆ ਵਿੱਚ ਰਾਜ ਕਰਨ ਲਈ ਵਰਤਿਆ । ਲਾਰਡ ਮੈਕਾਲੇ ਐਜੂਕੇਸ਼ਨ ਸਿਸਟਮ ਅਧਿਆਪਕਾਂ ਨੂੰ ਅੱਵਲ ਦਰਜੇ ਦੇ ਡਰੂ ਅਤੇ ਦੱਬੂ ਬਣਾਉਣ ਕੇ ਭਾਰਤ ਨੂੰ ਬਰਬਾਦ ਕਰਨ ਵਿੱਚ ਵਿੱਚ ਅੰਤਾਂ ਦੀ ਕਾਮਯਾਬੀ ਕਾਮਯਾਬੀ ਹਾਸਲ ਕਰ ਸਕਿਆ ਸੀ।” ਇਸ ਸਿਸਟਮ ਨੇ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਜੇਕਰ ਅਧਿਆਪਕ ਜੇਕਰ ਕੌਮ ਦਾ ਨਿਰਮਾਤਾ ਬਣ ਹੋ ਸਕਦਾ ਹੈ ਤਾਂ ਦਬ ਕੇ ਰਹਿਣ ਵਾਲ਼ਾ ਜੀ ਹਜ਼ੂਰੀਆ ਮੋਕਮਾਰ ਟੀਚਰ ਕੌਮ ਨੂੰ ਬਰਬਾਦ ਕਰਨ ਵਾਲ਼ਾ ਬਹੁਤ ਵੱਡਾ ਸੰਦ ਵੀ ਬਣ ਸਕਦਾ ਹੈ। ਇਹ ਐਜੂਕੇਸ਼ਨ ਸਿਸਟਮ ਉੱਤੇ ਨਿਰਭਰ ਕਰਦਾ ਹੈ ਕਿ ਸਿਸਟਮ ਅਧਿਆਪਕ ਤੋਂ ਕੰਮ ਕਿਹੋ ਜਿਹਾ ਲੈਣਾ ਚਾਹੁੰਦਾ ਹੈ। ਕਿਸੇ ਕੌਮ ਦੇ ਟੀਚਰਾਂ ਦਾ ਬੁਜ਼ਦਿਲ – ਡਰੂ ਹੋਣਾ ਮਾੜੇ ਐਜੂਕੇਸ਼ਨ ਸਿਸਟਮ ਦਾ ਅਹਿਮ ਲੱਛਣ ਹੈ।
ਇਹ ਸੁਣ ਕੇ ਮਾਸਟਰ ਗਰੀਬਦਾਸ ਜੀ ਬੋਲੇ , “ਅੱਛਾ ! ਅੰਗਰੇਜ਼ੀ ਰਾਜ ਦੌਰਾਨ ਇਹ ਵੀ ਵਾਪਰਿਆ ਸੀ। ਲਾਰਡ ਮੈਕਾਲੇ ਨੇ ਸਾਡੇ ਨਾਲ਼ ਇੰਨਾ ਮਾੜਾ ਕੀਤਾ। ਅਸੀਂ ਤਾਂ ਅਜਿਹਾ ਕੁੱਝ ਕਦੀ ਪੜ੍ਹਿਆ – ਲਿਖਿਆ ਹੀ ਨਹੀਂ। ਸਾਡੀ ਜਾਗਰੂਕਤਾ ਵਿੱਚ ਵੱਡੀ ਕਮੀ ਰਹੀ ਹੈ।” ਬਖ਼ਸ਼ੀ ਰਾਮ ਜੀ ਬੋਲੇ ,”ਸੰਨ1947 ਵਿੱਚ ਅੰਗਰੇਜ਼ਾਂ ਵੱਲੋਂ ਭਾਰਤ ਦੀ ਸੱਤਾ ਭਾਰਤ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਪਾਕਿਸਤਾਨ ਵਿੱਚ ਮੁਸਲਿਮ ਲੀਗ ਨੂੰ ਟਰਾਂਸਫਰ ਕਰਨ ਭਾਵ ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਵੇਂ ਸਾਡੇ ਸਕੂਲਾਂ ਵਿੱਚ ਇੰਸਪੈਕਟਰੀ ਸਿਸਟਮ ਭਾਵੇਂ ਖ਼ਤਮ ਕਰ ਦਿੱਤਾ ਗਿਆ, ਪਰ ਸਕੂਲਾਂ ਵਿੱਚ ਚੈਕਿੰਗਾਂ ਦਾ ਸਿਸਟਮ ਓਹੀ ਅੰਗਰੇਜ਼ਾਂ ਦੇ ਇੰਸਪੈਕਟਰੀ ਵਾਂਗ ਹੀ ਰੱਖਿਆ ਗਿਆ। ਸਗੋਂ ਸਕੂਲਾਂ ਦੇ ਚੈਕਿੰਗ ਅਧਿਕਾਰੀਆਂ ਦੀ ਗਿਣਤੀ ਪਹਿਲਾਂ ਨਾਲੋਂ ਵੀ ਵਧਾ ਦਿੱਤੀ ਗਈ। ਸਿੱਟੇ ਵਜੋਂ ਅੰਗਰੇਜ਼ਾਂ ਵੇਲ਼ੇ ਦਾ ਡਰੂ ਕਲਚਰ ਕਾਇਮ ਹੀ ਨਹੀ ਰਿਹਾ ਸਗੋਂ ਪਹਿਲਾਂ ਨਾਲ਼ੋਂ ਵੀ ਵੱਧ ਪੈਰ ਪਸਾਰ ਗਿਆ । ਭਾਵੇਂ ਇੱਕ ਦੌਰ ਵਿੱਚ ਉੱਸਰੀਆਂ ਟੀਚਰ ਜਥੇਬੰਦੀਆਂ ਨੇ ਇਸ ਡਰੂ ਕਲਚਰ ਨੂੰ ਥੋੜ੍ਹੀ – ਬਹੁਤ ਠੱਲ੍ਹ ਪਾਈ। ਪਰ ਛੇਤੀ ਹੀ ਟੀਚਰ ਲੀਡਰਾਂ ਦੇ ਸਵਾਰਥਾਂ ਵਸ ਇਹ ਦਾਬਾ ਮੁੜ ਸਥਾਪਤ ਹੋ ਗਿਆ। …..ਹੁਣ ਕੁੱਝ – ਇੱਕ ਟੀਚਰ ਸੰਗਠਨਾਂ ਜਾ ਮੁੱਠੀ ਭਰ ਸਮਰਪਿਤ ਅਧਿਆਪਕ ਆਗੂਆਂ ਨੂੰ ਛੱਡ ਕੇ ਰਵਾਇਤੀ ਟੀਚਰ ਲੀਡਰ ਕਿਸੇ ਕਿਸਮ ਦੇ ਸੰਘਰਸ਼ ਸਮੇਂ ਆਮ ਟੀਚਰਾਂ ਨੂੰ ਭੀੜਾਂ ਦੇ ਰੂਪ ਵਿੱਚ, ਭੇਡਾਂ ਦੇ ਰੂਪ ਵਿੱਚ ਹੀ ਵਰਤਦੇ ਹਨ। ਟੀਚਰਾਂ ਅੰਦਰ ਚੇਤਨਤਾ, ਜਾਗਰੂਕਤਾ ਪੈਦਾ ਨਹੀਂ ਕਰਦੇ। ਅਵੇਅਰਨੈੱਸ ਪੈਦਾ ਨਹੀਂ ਹੋਣ ਦਿੰਦੇ। ਬਹੁਤ ਥੋੜ੍ਹੀਆਂ ਸੀਮਿਤ ਜਾਣਕਾਰੀਆਂ ਦਿੰਦੇ ਹਨ। ਆਮ ਟੀਚਰਾਂ ਦੇ ਮਨਾ ਵਿੱਚੋਂ ਦੱਬੂ ਪ੍ਰਵਿਰਤੀ ਦਾ ਖਾਤਮਾ ਲੀਡਰ ਵੀ ਨਹੀਂ ਚਾਹੁੰਦੇ ਕਿਉਂਕਿ ਇਸ ਨਾਲ਼ ਇਹਨਾਂ ਦੀ ਦੁਕਾਨਦਾਰੀ ਨੂੰ ਢਾਅ ਲੱਗਦੀ ਹੈ।
ਹੁਣ ਤਾਂ ਟੀਚਰ ਸੰਗਠਨਾਂ ਦੇ ਰੂਪ ਵਿੱਚ ਟੀਚਰਾਂ ਦੇ ਗੁੰਡਾ ਗਿਰੋਹ ਵੀ ਹੋਂਦ ਵਿੱਚ ਆ ਚੁੱਕੇ ਹਨ। ਇਹਨਾਂ ਤੋਂ ਇਲਾਵਾ ਵੱਖ – ਵੱਖ ਸਿੱਖਿਆ ਕੰਪੋਨੈਂਟਾਂ ਵਿੱਚ ਡੈਪੂਟੇਸ਼ਨਾਂ ਉੱਤੇ ਬੈਠੇ ਟੀਚਰਾਂ, ਰਾਜਨੀਤਕ ਪਾਰਟੀਆਂ ਖਾਸ ਕਰਕੇ ਸੱਤਾਧਾਰੀ ਪਾਰਟੀਆਂ ਨਾਲ਼ ਨੇੜਤਾ ਰੱਖਣ ਵਾਲੇ ਮਾਸਟਰਾਂ, ਨਸ਼ੇੜੀ ਟੀਚਰਾਂ, ਸਰਕਾਰੀ ਨੌਕਰੀ ਨੂੰ ਬੋਨਸ ਸਮਝ ਕੇ ਕਈ ਤਰ੍ਹਾਂ ਦੇ ਨਿੱਜੀ ਬਿਜਨਸਾਂ ਨਾਲ਼ ਮੋਟੀਆਂ ਕਮਾਈਆਂ ਕਰ ਰਹੇ ਆਪਣੇ ਆਪ ਨੂੰ ਵੀ ਆਈ ਪੀ ਸਮਝਣ ਵਾਲੇ ਸਮਾਜ ਵਿਰੋਧੀ ਟੀਚਰਾਂ ਦੀ ਗੁੰਡਾਗਰਦੀ ਅਤੇ ਦਹਿਸ਼ਤ ਸਿਖਰਾਂ ਉੱਤੇ ਹੈ। ਇਹਨਾਂ ਤੋਂ ਵੱਖਰੀ ਹੀ ਭ੍ਰਿਸ਼ਟਾਚਾਰ ਨੂੰ ਹੁਲਾਰਾ ਦੇਣ ਵਾਲ਼ੇ ਟੀਚਰਾਂ, ਕਰਮਚਾਰੀਆਂਅਤੇ ਅਧਿਕਾਰੀਆਂ ਦੀ ਗੁੰਡਾਗਰਦੀ ਅਤੇ ਦਹਿਸ਼ਤਗਰਦੀ ਦਾ ਵੀ ਵੱਖਰਾ ਹੀ ਆਲਮ ਹੈ।
ਸੱਤਾਧਾਰੀਆਂ ਅਤੇ ਕਾਰਪੋਰੇਟ ਦੇ ਹਿਤ ਵੱਖਰੇ ਹਨ ਜੋ ਗੈਰਵਿਹਾਰਕ ਐਜੂਕੇਸ਼ਨ ਪਾਲਿਸੀਆਂ ਘੜਨ ਦੇ ਬਹੁਤ ਵੱਡੇ ਕਾਰਨ ਬਣਦੇ ਹਨ ਅਤੇ ਆਮ ਟੀਚਰਾਂ ਲਈ ਵੱਡੀਆਂ ਪ੍ਰੇਸ਼ਾਨੀਆਂ ਦਾ ਸਬੱਬ ਬਣਦੇ ਹਨ। ਚੈਕਿੰਗਾਂ ਦੇ ਨਾਮ ਹੇਠ ਰਿਸੋਰਸ ਪਰਸਨਾਂ, ਮਾਸਟਰ ਟਰੇਨਰਾਂ, ਕੋਆਰਡੀਨੇਟਰਾਂ ਦੀਆਂ ਕਾਨੂੰਨੀ ਗੈਰਕਾਨੂੰਨੀ ਗੁੰਡਾ ਛਾਪੇਮਾਰੀਆਂ ਨੇ ਸਾਡੇ ਸਕੂਲਾਂ ਅੰਦਰ ਦਹਿਸ਼ਤ ਦੇ ਮਾਹੌਲ ਨੂੰ ਸਿਖਰ ਉੱਤੇ ਪਹੁੰਚਾ ਦਿੱਤਾ ਹੈ। ਪੰਜਾਹ ਕਿਸਮ ਦੇ ਅਸਲੀ – ਨਕਲੀ ਅਧਿਕਾਰੀ ਜਦੋਂ ਜੀ ਕਰੇ ਸਕੂਲਾਂ ਵਿੱਚ ਵੜ ਜਾਂਦੇ ਹਨ ਅਤੇ ਤਨਦੇਹੀ ਨਾਲ਼ ਡਿਊਟੀ ਕਰ ਰਹੇ ਟੀਚਰਾਂ – ਸਕੂਲ ਮੁਖੀਆਂ ਦੇ ਗਲ਼ ਗੂਠੇ ਦਿੰਦੇ ਹਨ।
ਸਕੂਲਾਂ ਵਿੱਚ ਚੈਕਿੰਗ ਸਮੇਂ ਇਹਨਾਂ ਦੀ ਭੱਦੀ ਭਾਸ਼ਾ, ਇਹਨਾਂ ਅਤੇ ਟੀਚਰਾਂ ਵਿਚਕਾਰ ਵਾਰਤਾਲਾਪਾਂ, ਸਵਾਲ – ਜਵਾਬ ਬਿਲਕੁਲ ਪੁੱਠੇ ਹੁੰਦੇ ਹਨ। ਬਿਲਕੁਲ ਬਘਿਆੜ ਅਤੇ ਲੇਲੇ ਦੀ ਕਹਾਣੀ ਵਾਲ਼ੇ ਹੁੰਦੇ ਹਨ। …. ਸਕੂਲਾਂ ਪ੍ਰਤੀ ਉਸਰੇ ਅਤਿ ਮਾੜੇ ਮਾਹੌਲ ਕਾਰਨ ਸਕੂਲਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਤੁਸੀਂ ਸੋਚੋ ! ਅਜਿਹੇ ਮਾਹੌਲ ਵਿੱਚ ਸਕੂਲਾਂ ਵਿੱਚ ਬੈਠੇ ਬੁਰੀ ਤਰ੍ਹਾਂ ਡਰੇ ਹੋਏ ਟੀਚਰ ਦੀ ਬੁੱਧੀ ਕਿੰਨਾ ਕੁ ਕੰਮ ਕਰ ਸਕਦੀ ਹੈ ਅਤੇ ਪੜ੍ਹ ਰਹੇ ਬੱਚਿਆਂ ਦਾ ਬੁੱਧੀ ਵਿਕਾਸ ਕਿੰਨਾ ਕੁ ਸੰਭਵ ਹੈ ???” ਸਭ ਤੋਂ ਖਤਰਨਾਕ ਪਹਿਲੂ ਇਹ ਹੈ ਕਿ ਟੀਚਰ, ਟੀਚਰਾਂ ਖਿਲਾਫ ਸ਼ਾਜਿਸ਼ਾਂ ਕਰ ਰਹੇ ਹਨ। ਟੀਚਰਾਂ ਦੇ ਆਪਸੀ ਝਗੜੇ ਬਹੁਤ ਵਧ ਗਏ ਹਨ। ਸਕੂਲਾਂ ਵਿੱਚ ਟੀਚਰਾਂ ਦੀਆਂ ਵੱਡੇ ਪੱਧਰ ਉੱਤੇ ਧੜੇਬੰਦੀਆਂ ਬਣੀਆਂ ਹੋਈਆਂ ਹਨ। ਮਹਾਂ ਮੱਕਾਰ ਟੀਚਰ ਨੇਤਾ ਆਪਣੇ ਸੌੜੇ ਹਿਤਾਂ ਲਈ ਆਮ ਟੀਚਰਾਂ ਨੂੰ ਗੁੰਮਰਾਹ ਕਰਕੇ ਉਹਨਾਂ ਵਿਚਕਾਰ ਧਰਮਾਂ , ਕੈਟਾਗਰੀਆਂ, ਕਾਡਰਾਂ , ਵੱਖ – ਵੱਖ ਤਰ੍ਹਾਂ ਦੇ ਵਾਦਾਂ ਅਤੇ ਹੋਰ ਕਈ ਤਰ੍ਹਾਂ ਦੇ ਬੇਲੋੜੇ ਫਜ਼ੂਲ ਮੁੱਦੇ ਚੁੱਕ ਕੇ ਵੰਡੀਆਂ ਪਾ ਰਹੇ ਹਨ। ਇਹਨਾਂ ਵਰਤਾਰਿਆਂ ਨੇ ਟੀਚਰ ਵਰਗ ਨੂੰ ਪੂਰੀ ਤਰ੍ਹਾਂ ਅਗਵਾਈ ਹੀਣ ਕਰ ਦਿੱਤਾ ਹੈ, ਬੇਬਸ ਕਰ ਦਿੱਤਾ ਹੈ।”
ਮਾਸਟਰ ਬਖ਼ਸ਼ੀ ਰਾਮ ਜੀ ਅੱਗੇ ਬੋਲੇ, “ਮੇਰੇ ਕਹਿਣ ਦਾ ਇਹ ਮਤਲਬ ਇਹ ਵੀ ਨਹੀਂ ਕਿ ਚੈਕਿੰਗਾਂ ਨਹੀਂ ਹੋਣੀਆਂ ਚਾਹੀਦੀਆਂ। ਪਰ ਇਹ ਚੈਕਿੰਗਾਂ ਐਵੇਂ ਹੀ ਡਰਾਉਣ – ਧਮਕਾਉਣ ਦੀ ਥਾਂ ਸਕੂਲਾਂ ਵਿੱਚ ਡਿਊਟੀ ਕਰ ਰਹੇ ਟੀਚਰਾਂ ਦੀ ਯੋਗ ਅਗਵਾਈ ਕਰਨ ਦੇ ਹਾਂ ਪੱਖੀ ਮੰਤਵ ਤੋਂ ਪ੍ਰੇਰਿਤ ਹੋਣੀਆਂ ਚਾਹੀਦੀਆਂ ਹਨ ਅਤੇ ਸਿਰਫ ਆਪਣੇ ਮਹਿਕਮੇ ਦੇ ਸਮਰੱਥ ਅਥਾਰਟੀ ਵਾਲ਼ੇ ਅਧਿਕਾਰੀਆਂ ਨੂੰ ਹੀ ਸਕੂਲ ਨਿਰੀਖਣ ਦੀ ਇਜ਼ਾਜ਼ਤ ਹੋਣੀ ਚਾਹੀਦੀ ਹੈ। ਸਕੂਲ ਮਾਸਟਰਾਂ ਨੂੰ ਨਕਲੀ ਅਫਸਰ ਬਣਾ ਕੇ ਚੈਕਿੰਗ ਦੇ ਕੰਮ ਦੇਣ ਅਤੇ ਸਕੂਲਾਂ ਵਿੱਚ ਭੇਜਣ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ।” ਇਹ ਕਹਿ ਕੇ ਮਾਸਟਰ ਬਖ਼ਸ਼ੀ ਰਾਮ ਜੀ ਨੇ ਗਿਲਾਸ ਵਿੱਚੋਂ ਚਾਹ ਦਾ ਘੁੱਟ ਭਰਿਆ।
“ਇਹ ਤਾਂ ਸਾਡੇ ਲਈ ਬਹੁਤ ਮੰਦਭਾਗੀ ਗੱਲ ਹੈ ਕਿ ਅੱਜ ਸੂਚਨਾ ਦੇ ਵਿਸਫੋਟ ਦੇ ਯੁੱਗ ਵਿੱਚ ਵੀ ਅਸੀਂ ਹਨੇਰੇ ਵਿੱਚ ਹਾਂ। ਫਿਰ ਸਾਡੇ ਵਾਟਸ ਐਪ ਗਰੁੱਪਾਂ ਉੱਤੇ ਸਾਰਾ ਦਿਨ ਮੱਥਾ – ਪੱਚੀ ਚੱਲਦੀ ਰਹਿੰਦੀ ਹੈ। ਪਰ ਟੀਚਰਾਂ ਅੰਦਰ ਜਾਗਰੂਕਤਾ ਫਿਰ ਵੀ ਪੈਦਾ ਨਹੀਂ ਹੋ ਰਹੀ। ਇਹਨਾਂ ਦਾ ਵੀ ਕੀ ਫਾਇਦਾ?? ਜਾਗਰੂਕਤਾ ਅਤੇ ਸਹੀ ਸੇਧ ਵਾਲ਼ਾ ਮਟੀਰੀਅਲ ਬਹੁਤ ਦੁਰਲੱਭ ਹੈ।” ਮੈਡਮ ਰਾਮਕਲੀ ਜੀ ਬੋਲੇ।
ਮਾਸਟਰ ਬਖ਼ਸ਼ੀ ਰਾਮ ਜੀ ਨੇ ਫਰਮਾਇਆ, “ਦੱਬੂ ਕਲਚਰ ਵਿੱਚ ਕਰਮਚਾਰੀ ਆਪ ਤੋਂ ਉੱਚੇ ਅਹੁਦੇਦਾਰ ਅੱਗੇ ਆਪਣੀ ਅਦਿੱਖ ਪੂਛ ਹਿਲਾ ਕੇ ਖੁਸ਼ਾਮਦ ਕਰਦਾ ਹੈ ਅਤੇ ਆਪ ਤੋਂ ਛੋਟੇ ਅਹੁਦੇਦਾਰ ਨੂੰ ਬੇਕਿਰਕੀ ਨਾਲ਼ ਦਬਾਉਂਦਾ ਹੈ, ਉਸ ਨੂੰ ਕੀੜਾ – ਮਕੌੜਾ ਸਮਝਦਾ ਹੈ। ਵੱਡੇ ਤੋਂ ਐਵੇਂ ਹੀ ਡਰਦਾ ਰਹਿੰਦਾ ਹੈ ਅਤੇ ਛੋਟੇ ਨੂੰ ਬਗੈਰ ਵਜ੍ਹਾ ਡਰਾਉਂਦਾ ਰਹਿੰਦਾ ਹੈ। ਇਹ ਸਾਡੇ ਸਕੂਲੀ ਮੋਕਮਾਰ ਕਲਚਰ ਦਾ ਮੁੱਖ ਲੱਛਣ ਹੈ। ਇਸ ਕਰਕੇ ਹੀ ਅਕਸਰ ਹੀ ਅਸੀਂ ਸਕੂਲ ਟੀਚਰ ਸਕੂਲਾਂ ਦੀਆਂ ਅਸਲ ਸਮੱਸਿਆਵਾਂ , ਅਸਲ ਮੁੱਦਿਆਂ ਉੱਤੇ ਡਿਸਕਸ਼ਨ ਕਰਨ ਤੋਂ ਕਤਰਾਉਂਦੇ ਹਾਂ। ਸਾਡੇ ਵਾੱਟਸ ਐਪ ਗਰੁੱਪਾਂ ਤੋਂ ਅਸਲ ਮੁੱਦੇ ਗਾਇਬ ਹਨ, ਚਮਚਗਿਰੀਆਂ ਸਿਖਰਾਂ ਉੱਤੇ ਹਨ। ਪਰ ਟੀਚਰਾਂ ਦਾ ਦੱਬੂ ਹੋਣਾ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਵੱਡਾ ਸਰਾਪ ਹੈ। ਸਾਡੇ ਟੀਚਰਾਂ ਵਿੱਚ ਸਥਾਪਤ ਮਹਾਂਡਰੂ ਕਲਚਰ ਦਾ ਹੀ ਸਿੱਟਾ ਹੈ ਕਿ ਅਸੀਂ ਜਾਗਰੂਕ ਹੋਣ ਤੋਂ ਇਨਕਾਰੀ ਹੋ ਗਏ ਹਾਂ। ਅਸੀਂ ਖ਼ੁਦ ਵਾਸਤੇ ਕੁੱਝ ਸਾਰਥਕ ਪੜ੍ਹਨ – ਲਿਖਣ ਤੋਂ ਇਨਕਾਰੀ ਹੋ ਗਏ ਹਾਂ। ਮੁਲਾਜ਼ਮਾਂ ਵਿੱਚੋਂ ਸਭ ਤੋਂ ਵੱਡੇ ਬਹਾਨੇਬਾਜ਼ ਮੁਲਾਜ਼ਮ ਬਣ ਗਏ ਹਾਂ। ਅੱਜ ਦੇ ਸਮੇਂ ਵਿੱਚ ਚੇਤੰਨ ਹੋਣ, ਜਾਗਰੂਕ ਹੋਣ ਅਤੇ ਆਪਣੇ ਆਪ ਦੇ ਮਜ਼ਬੂਤ ਹੋਣ ਲਈ ਪੜ੍ਹਨ – ਲਿਖਣ ਦੇ ਮਟੀਰੀਅਲ ਦੀ ਕਮੀ ਨਹੀਂ ਹੈ। ਇਹ ਮਟੀਰੀਅਲ ਬਹੁਤ ਸਸਤੇ ਭਾਅ ਅਤੇ ਆਸਾਨੀ ਨਾਲ਼ ਉਪਲਬਧ ਹੈ। ਸਿਰਫ ਸਾਨੂੰ ਕੁੱਝ ਚੰਗਾ, ਕੁੱਝ ਠੋਸ ਪੜ੍ਹਨ ਦੀ ਜ਼ਰੂਰਤ ਮਹਿਸੂਸ ਕਰਨ ਦੀ ਲੋੜ ਹੈ , ਆਦਤ ਪਾਉਣ ਦੀ ਲੋੜ ਹੈ । ……ਜੇਕਰ ਆਮ ਟੀਚਰ ਜਾਗਰੂਕ ਹੋ ਜਾਣ, ਮਜ਼ਬੂਤ ਇਰਾਦੇ ਵਾਲ਼ੇ ਬਣ ਜਾਣ ਤਾਂ ਪੂਪਨ ਸਿੰਘ ਪੂਪਨਾ ਵਰਗੇ ਅਵਾਰਾਗਰਦ ਟੀਚਰ ਸਕੂਲਾਂ ਵਿੱਚ ਤਨਦੇਹੀ ਨਾਲ਼ ਪੜ੍ਹਾ ਰਹੇ ਟੀਚਰਾਂ ਅੱਗੇ ਬੋਲਣ ਦਾ ਹੀਆ ਵੀ ਨਹੀਂ ਕਰ ਸਕਣਗੇ।….. ਅਧਿਕਾਰੀ ਟੀਚਰਾਂ ਨੂੰ ਜ਼ਲੀਲ ਕਰਨ ਤੋਂ ਪਹਿਲਾਂ ਸੌ ਵਾਰ ਸੋਚੇਗਾ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅੱਜ ਦੇ ਸਮੇਂ ਵਿੱਚ ਸਕੂਲਾਂ ਦੇ ਚੰਗੇ – ਮਾੜੇ ਬਣਨ ਵਿੱਚ ਜਨਤਾ ਸਾਨੂੰ ਹੀ ਮੁੱਖ ਜ਼ਿੰਮੇਵਾਰ ਮੰਨਦੀ ਹੈ। ਜ਼ਿੰਮੇਵਾਰੀ ਦੇ ਪੱਖ ਤੋਂ ਅਸੀਂ ਪਹਿਲੀ ਕਾਤਾਰ ਵਿੱਚ ਖੜ੍ਹੇ ਹਾਂ। ਸਕੂਲਾਂ ਦੇ ਮਾੜੇ ਹਾਲਾਤਾਂ ਕਾਰਨ ਸਾਡਾ ਬਚਿਆ – ਖੁਚਿਆ ਮਾਣ – ਤਾਣ ਵੀ ਖ਼ਤਮ ਹੋ ਰਿਹਾ ਹੈ।
ਮੇਰੇ ਟੀਚਰ ਸਾਥੀਓ ! ਇਸ ਮਹਿਕਮੇ ਦੀ ਚਾਲਕ ਸ਼ਕਤੀ ਅਸੀਂ ਸਕੂਲਾਂ ਵਿੱਚ ਪੜ੍ਹਾ ਰਹੇ ਟੀਚਰ ਹਾਂ। ਸਾਡੇ ਮਹਿਕਮੇ ਦਾ ਕਾਰਜ, ਮੰਤਵ ਬੱਚਿਆਂ ਨੂੰ ਪੜ੍ਹਾਉਣਾ – ਲਿਖਾਉਣਾ ਹੈ। ਇਹ ਕੰਮ ਅਸੀਂ ਕਰ ਰਹੇ ਹਾਂ। ਅਸੀਂ ਸਕੂਲਾਂ ਵਿੱਚ ਪੜ੍ਹਾ ਰਹੇ ਟੀਚਰ ਆਪਣੇ ਮਹਿਕਮੇ ਦਾ ਮੁੱਖ ਕੰਮ ਕਰ ਰਹੇ ਹਾਂ। ਬਾਕੀ ਸਾਰੇ ਸਾਡੇ ਸਹਾਇਕ ਹਨ, ਸਕੂਲਾਂ ਲਈ – ਸਾਡੇ ਲਈ ਮੁਨੀਮੀਆਂ ਕਰ ਰਹੇ ਹਨ। ……ਇਸ ਸਮਝ ਨਾਲ, ਜਾਗਰੂਕਤਾ ਨਾਲ਼ ਹੀ ਸਾਡਾ ਬੇਸ ਬਣ ਸਕਦਾ ਹੈ, ਅਸੀਂ ਮਜ਼ਬੂਤ ਹੋ ਕੇ ਉੱਭਰ ਸਕਦੇ ਹਾਂ, ਆਪਣੇ ਪੈਰਾਂ ਉੱਤੇ ਖਲੋ ਸਕਦੇ ਹਾਂ। ਸਾਡੀ ਤਾਕਤ, ਸਾਡੀ ਏਕਤਾ ਉਸਰ ਸਕਦੀ ਹੈ। ਅਸੀਂ ਆਪਣੇ ਅਤੇ ਆਪਣੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਹੱਕਾਂ ਦੀ ਰਾਖੀ ਕਰਨ ਦੇ ਸਮਰੱਥ ਹੋ ਸਕਦੇ ਹਾਂ। ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਵਰਣਨਯੋਗ ਓਵਰ ਆਲ ਪ੍ਰਗਤੀ ਹੋ ਸਕਦੀ ਹੈ। ਸਾਡੀ ਸਕੂਲ ਸਿੱਖਿਆ ਨੂੰ ਨਾਗ ਵਲ਼ ਪਾਈਂ ਬੈਠਾ ਬਘਿਆੜ ਅਤੇ ਲੇਲਾ ਸੱਭਿਆਚਾਰ, ਮੋਕਮਾਰ ਸੱਭਿਆਚਾਰ ਉੱਡ – ਪੁੱਡ ਸਕਦਾ, ਜੜ੍ਹ ਤੋਂ ਖ਼ਤਮ ਹੋ ਸਕਦਾ ਹੈ। ਸਕੂਲ ਅਸਲ ਮਾਅਨਿਆਂ ਵਿੱਚ ਸਕੂਲ ਬਣ ਸਕਦੇ ਹਨ। ਡਰ ਦੇ ਸਾਏ ਲੱਥਣ ਨਾਲ਼ ਸਾਡੇ ਸਕੂਲ ਸਵਰਗ ਤੋਂ ਵੀ ਸੁੰਦਰ ਬਣ ਸਕਦੇ ਹਨ। ਇਹ ਸਾਡੇ ਲਈ ਘੂਕ ਨੀਂਦ ਵਿੱਚੋਂ ਉੱਠਣ ਦਾ ਵੇਲ਼ਾ ਹੈ। ਕੁੰਭਕਰਨੀ ਘੁਰਾੜਾ ਤੋੜਨ ਦਾ ਸਮਾਂ ਹੈ। ਇਹ ਵੇਲ਼ਾ ਸਾਡੇ ਜਾਗਣ ਦਾ ਵੇਲ਼ਾ ਹੈ।
ਨੋਟ – ਵਾਪਰ ਰਹੀਆਂ ਘਟਨਾਵਾਂ ਆਧਾਰਤ ਉਪਰੋਕਤ ਕਾਲਪਨਿਕ ਜਾਗਰੂਕਤਾ ਲਿਖ਼ਤ ਦੇ ਨਾਮ – ਪਤੇ ਕਾਲਪਨਿਕ ਹਨ।