ਜਿੰਪਾ ਵੱਲੋਂ ਪੰਜਾਬ ਵਾਸੀਆਂ ਨੂੰ ਰਾਮ ਨੌਮੀ ਦੀ ਵਧਾਈ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਮਾਰਚ:
ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸੂਬੇ ਦੇ ਲੋਕਾਂ ਨੂੰ ਮਰਿਆਦਾ ਪ੍ਰਸ਼ੋਤਮ ਭਗਵਾਨ ਰਾਮ ਚੰਦਰ ਜੀ ਦੇ ਜਨਮ ਦਿਵਸ ਦੇ ਪਵਿੱਤਰ ਮੌਕੇ ਰਾਮ ਨੌਮੀ ਦੀ ਵਧਾਈ ਦਿੱਤੀ ਹੈ। ਇੱਕ ਸੰਦੇਸ਼ ਵਿੱਚ ਜਿੰਪਾ ਨੇ ਕਿਹਾ ਕਿ ਭਗਵਾਨ ਰਾਮ ਸਹਿਣ ਸ਼ਕਤੀ, ਨਿਆਂ ਅਤੇ ਉੱਚ ਕਦਰਾਂ ਕੀਮਤਾਂ ਦੇ ਪ੍ਰਤੀਕ ਹਨ ਜਿਨ੍ਹਾਂ ਨੇ ਚੰਗੇ ਜੀਵਨ ਲਈ ਮਾਨਵੀ ਏਕਤਾ ਅਤੇ ਭਰਾਤਰੀਭਾਵ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਦਾ ਦਰਸ਼ਨ ਅਤੇ ਸਿੱਖਿਆਵਾਂ ਸਾਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਹਮੇਸ਼ਾਂ ਹੀ ਪ੍ਰੇਰਿਤ ਕਰਦੀਆਂ ਰਹਿਣਗੀਆਂ।
ਮਾਲ ਮੰਤਰੀ ਨੇ ਲੋਕਾਂ ਨੂੰ ਭਗਵਾਨ ਰਾਮ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਭਗਵਾਨ ਰਾਮ ਦੀਆਂ ਸਿੱਖਿਆਵਾਂ ਅੱਜ ਦੇ ਭੌਤਿਕਵਾਦੀ ਸਮਾਜ ਵਿੱਚ ਵੀ ਪੂਰੀ ਤਰ੍ਹਾਂ ਸਾਰਥਕ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪਵਿੱਤਰ ਮੌਕੇ ਨਾ ਕੇਵਲ ਫਿਰਕੂ ਸਦਭਾਵਨਾ ਨੂੰ ਹੀ ਉਤਸ਼ਾਹਤ ਕਰਦੇ ਹਨ ਸਗੋਂ ਲੋਕਾਂ ਲਈ ਖੁਸ਼ੀ ਅਤੇ ਖੁਸ਼ਹਾਲੀ ਦਾ ਸਬੱਬ ਵੀ ਬਣਦੇ ਹਨ। ਉਨ੍ਹਾਂ ਲੋਕਾਂ ਨੂੰ ਇਹ ਪਵਿੱਤਰ ਦਿਹਾੜਾ ਜਾਤ-ਪਾਤ, ਰੰਗ, ਨਸਲ ਤੇ ਧਰਮ ਤੋਂ ਉੱਪਰ ਉੱਠ ਕੇ ਇਕਜੁੱਟ ਹੋ ਕੇ ਮਨਾਉਣ ਦਾ ਸੱਦਾ ਦਿੱਤਾ।