www.sursaanjh.com > ਸਾਹਿਤ > ਉੱਘੇ ਸ਼ਾਇਰ ਗੁਰਭਜਨ ਸਿੰਘ ਗਿੱਲ ਦਾ ਜਲੰਧਰ ਚ ਪਹਿਲੇ ਨੰਦ ਲਾਲ ਨੂਰਪੁਰੀ ਪੁਰਸਕਾਰ ਨਾਲ ਸਨਮਾਨ

ਉੱਘੇ ਸ਼ਾਇਰ ਗੁਰਭਜਨ ਸਿੰਘ ਗਿੱਲ ਦਾ ਜਲੰਧਰ ਚ ਪਹਿਲੇ ਨੰਦ ਲਾਲ ਨੂਰਪੁਰੀ ਪੁਰਸਕਾਰ ਨਾਲ ਸਨਮਾਨ

ਪੰਜਾਬੀ ਸਾਹਿਤ ਦੇ ਖੇਤਰ ‘ਚ ਨੰਦ ਲਾਲ ਨੂਰਪੁਰੀ ਦਾ ਯੋਗਦਾਨ ਬੇਮਿਸਾਲ-ਡਾ. ਹਮਦਰਦ
ਉੱਘੇ ਸ਼ਾਇਰ ਗੁਰਭਜਨ ਸਿੰਘ ਗਿੱਲ ਦਾ ਜਲੰਧਰ ਚ ਪਹਿਲੇ ਨੰਦ ਲਾਲ ਨੂਰਪੁਰੀ ਪੁਰਸਕਾਰ ਨਾਲ ਸਨਮਾਨ
ਮਾਡਲ ਹਾਊਸ ਜਲੰਧਰ ਦਾ ਨਾਮ ਨੰਦ ਲਾਲ ਨੂਰਪੁਰੀ ਨਗਰ ਕੀਤਾ ਜਾਵੇ – ਗੁਰਭਜਨ ਗਿੱਲ
ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 31 ਮਾਰਚ:
ਪੰਜਾਬੀ ਸਾਹਿਤ ਦੇ ਖੇਤਰ ‘ਚ ਨੰਦ ਲਾਲ ਨੂਰਪੁਰੀ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਦੇ ਗੀਤਾਂ ਦੀ ਧੁੰਮ ਬਾਲੀਵੁੱਡ ਤੱਕ ਪੈਂਦੀ ਰਹੀ ਹੈ ਤੇ ਜਿੱਥੇ ਪ੍ਰਸਿੱਧ ਗਾਇਕ ਮੁਹੰਮਦ ਰਫੀ ਤੋਂ ਲੈ ਕੇ ਗਾਇਕਾ ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸ਼ਲੇ ਵਰਗੀਆਂ ਨਾਮਵਰ ਗਾਇਕਾਵਾਂ ਵਲੋਂ ਉਨ੍ਹਾਂ ਦੇ ਗੀਤਾਂ ਨੂੰ ਆਵਾਜ਼ ਦਿੱਤੀ ਗਈ, ਉੱਥੇ ਪੰਜਾਬੀ ਦੀਆਂ ਨਾਮਵਰ ਗਾਇਕਾਵਾਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਸਮੇਤ ਹੋਰਨਾਂ ਗਾਇਕਾਂ ਦੀ ਆਵਾਜ਼ ‘ਚ ਵੀ ਉਨ੍ਹਾਂ ਦੇ ਗੀਤਾਂ ਅਕਸਰ ਰੇਡੀਓ ‘ਤੇ ਗੂੰਜਦੇ ਰਹੇ ਹਨ। ਨੰਦ ਲਾਲ ਨੂਰਪੁਰੀ ਕਵੀ ਦਰਬਾਰਾਂ ਦੀ ਵੀ ਸ਼ਾਨ ਹੋਇਆ ਕਰਦੇ ਸਨ ਤੇ ਅਕਸਰ ਕਵੀ ਦਰਬਾਰਾਂ ‘ਚ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਜਾਂਦਾ ਸੀ ਪਰ ਜਿਸ ਤਰ੍ਹਾਂ ਦਾ ਮਾਣ ਸਨਮਾਨ ਇਸ ਮਹਾਨ ਸ਼ਾਇਰ ਨੂੰ ਮਿਲਣਾ ਚਾਹੀਦਾ ਸੀ, ਉਹ ਉਨ੍ਹਾਂ ਨੂੰ ਨਸੀਬ ਨਹੀਂ ਹੋ ਸਕਿਆ।
ਸਮੇਂ ਦੀਆਂ ਸਰਕਾਰਾਂ ਨਾਲ ਇਹ ਗਿਲਾ ਅੱਜ ਲੋਕ ਮੰਚ ਪੰਜਾਬ ਵਲੋਂ ਹੰਸ ਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਵਿਖੇ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ ‘ਚ ਉੱਘੇ ਸ਼ਾਇਰ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਪਹਿਲਾ ਨੰਦ ਲਾਲ ਨੂਰਪੁਰੀ ਪੁਰਸਕਾਰ, ਜਿਸ ਵਿਚ ਸਨਮਾਨ ਪੱਤਰ ਤੇ ਯਾਦਗਾਰੀ ਚਿੰਨ੍ਹ ਤੋਂ ਇਲਾਵਾ ਇਕ ਲੱਖ ਰੁਪਏ ਸ਼ਾਮਿਲ ਹਨ, ਪ੍ਰਦਾਨ ਕਰਨ ਤੋਂ ਬਾਅਦ ਕਰਦਿਆਂ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਨੰਦ ਲਾਲ ਨੂਰਪੁਰੀ ਦਾ ਆਖਰੀ ਸਮਾਂ ਬੇਹੱਦ ਤੰਗੀ ਤੁਰਸ਼ੀ ‘ਚ ਗੁਜ਼ਰਿਆ ਤੇ ਉਨ੍ਹਾਂ ਦੀ ਮੌਤ ਵੀ ਬਹੁਤ ਹੀ ਦੁਖਦਾਈ ਢੰਗ ਨਾਲ ਹੋਈ। ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਪੰਜਾਬੀ ਸਾਹਿਤ ਦੇ ਖੇਤਰ ‘ਚ ਉਨ੍ਹਾਂ ਦੇ ਯੋਗਦਾਨ ਨੂੰ ਵੀ ਪੂਰੀ ਤਰ੍ਹਾਂ ਨਾਲ ਵਿਸਾਰ ਦਿੱਤਾ ਗਿਆ। ਉਨ੍ਹਾਂ ਸਰਕਾਰਾਂ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਨੰਦ ਲਾਲ ਨੂਰਪੁਰੀ ਦੀ ਯਾਦ ‘ਚ ਕੋਈ ਢੁੱਕਵੀਂ ਸਰਗਰਮੀ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਹ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਉੱਥੇ ਇਹ ਸਰਗਰਮੀ ਨੌਜਵਾਨਾਂ ਅੰਦਰ ਉਤਸ਼ਾਹ ਭਰਦੀ ਹੋਈ, ਉਨ੍ਹਾਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ‘ਚ ਵੀ ਅਹਿਮ ਯੋਗਦਾਨ ਪਾ ਸਕੇਗੀ।
ਇਸ ਮੌਕੇ ਉਨ੍ਹਾਂ ਨੰਦ ਲਾਲ ਨੂਰਪੁਰੀ ਦੀਆਂ ਰਚਨਾਵਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਉੱਚਕੋਟੀ ਦੇ ਸ਼ਾਇਰ ਸਨ ਤੇ ਉਨ੍ਹਾਂ ਦੇ ਗੀਤ ਤੇ ਕਵਿਤਾਵਾਂ ਪੰਜਾਬੀ ਸੱਭਿਆਚਾਰ ਦੀ ਅਸਲ ਤਰਜ਼ਮਾਨੀ ਕਰਦੀਆਂ ਹਨ। ਇਸ ਮੌਕੇ ਉਨ੍ਹਾਂ ਇਸ ਉਪਰਾਲੇ ਲਈ ਲੋਕ ਮੰਚ ਸੰਸਥਾ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਉੱਦਮ ਨਾਲ ਹੋਰਨਾਂ ਲੇਖਕਾਂ, ਕਵੀਆਂ ਤੇ ਸ਼ਾਇਰਾਂ ਨੂੰ ਵੀ ਉਤਸ਼ਾਹ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਐਚਐਮਵੀ ਕਾਲਜ ਵਲੋਂ ਪ੍ਰਿੰਸੀਪਲ ਡਾ. ਅਜੇ ਸਰੀਨ ਦੀ ਅਗਵਾਈ ਹੇਠ ਸਿੱਖਿਆ ਦੇ ਖੇਤਰ ‘ਚ ਪਾਏ ਜਾ ਰਹੇ ਯੋਗਦਾਨ ਨੂੰ ਵੀ ਸਰਾਹਿਆ।
ਇਸ ਮੌਕੇ ਡਾ. ਹਮਦਰਦ ਨੇ ਹਾਜ਼ਰੀਨ ਦੀ ਜ਼ੋਰਦਾਰ ਮੰਗ ‘ਤੇ ਬਾਬਾ ਬੁੱਲ੍ਹੇ ਸ਼ਾਹ ਦੇ ਕਲਾਮ ‘ਮੈਂ ਕਸੁੰਭੜਾ ਚੁਣ-ਚੁਣ ਹਾਰੀ’ ਅਤੇ ‘ਅੱਜ ਪੀ ਘਰ ਆਇਆ ਲਾਲ ਨੀ’ ਆਪਣੀ ਸੋਜ਼ਮਈ ਆਵਾਜ਼ ‘ਚ ਪੇਸ਼ ਕਰਕੇ ਸਮਾਗਮ ਨੂੰ ਹੋਰ ਵੀ ਸੁਰਮਈ ਬਣਾ ਦਿੱਤਾ। ਇਸ ਤੋਂ ਪਹਿਲਾਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਆਪਣੇ ਸਾਹਿਤਕ ਸਫਰ ਬਾਰੇ ਗੱਲ ਕਰਦਿਆਂ ਕਿਹਾ ਕਿ ਦੇਸ਼ ਵੰਡ ਦੇ ਦੁਖਾਂਤ ਦਾ ਉਨ੍ਹਾਂ ਦੇ ਮਨ ‘ਤੇ ਡੂੰਘਾ ਅਸਰ ਹੈ ਤੇ ਉਸ ਸਮੇਂ ਹੋਈ ਕਤਲੋਗਾਰਦ ‘ਚ ਉਨ੍ਹਾਂ ਨੂੰ ਕਈ ਆਪਣਿਆਂ ਨੂੰ ਗੁਆਉਣਾ ਪਿਆ ਤੇ ਉਸ ਸਮੇਂ ਦੀਆਂ ਕੁਲਹਿਣੀਆਂ ਯਾਦਾਂ ਅੱਜ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡਦੀਆਂ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਸੰਵੇਦਨਾ ਤੇ ਵੇਦਨਾ ਸੁਮੇਲ ਹੀ ਉਨ੍ਹਾਂ ਦੀ ਸ਼ਾਇਰੀ ਦੀ ਅਸਲ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਉਹ ਗੁਰੂ ਨਾਨਕ, ਬਾਬਾ ਫਰੀਦ ਤੇ ਬਾਬਾ ਬੁੱਲ੍ਹੇ ਸ਼ਾਹ ਸਮੇਤ ਪ੍ਰੋ. ਪੂਰਨ ਸਿੰਘ, ਪ੍ਰੋਃ ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ ਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਤੋਂ ਵੀ ਬੇਹੱਦ ਪ੍ਰਭਾਵਿਤ ਹਨ।  ਉਨ੍ਹਾਂ ਕਿਹਾ ਕਿ ਮਾਡਲ ਹਾਊਸ ਜਲੰਧਰ ਦਾ ਨਾਮ ਨੰਦ ਲਾਲ ਨੂਰਪੁਰੀ ਨਗਰ ਕਰਨ ਲਈ ਪੰਜਾਬ ਸਰਕਾਰ ਨੂੰ ਕਿਹਾ ਜਾਵੇ। ਇਸ ਸਬੰਧੀ ਸਭ ਹਾਜ਼ਰ ਵਿਅਕਤੀਆਂ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਦਿੱਤੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਮਨਜਿੰਦਰ ਸਿੰਘ ਨੇ ਵੀ ਬਹੁਤ ਹੀ ਭਾਵਪੂਰਤ ਸ਼ਬਦਾਂ ਵਿਚ ਪ੍ਰੋ. ਗੁਰਭਜਨ ਸਿੰਘ ਗਿੱਲ ਦੇ ਸਾਹਿਤਕ ਸਫਰ ਅਤੇ ਨਿੱਜੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ। ਲੋਕ ਮੰਚ ਸੰਸਥਾ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਨੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਸੰਸਥਾ ਦੀ ਤਰਫੋਂ ਨੰਦ ਲਾਲ ਨੂਰਪੁਰੀ ਸਬੰਧੀ ਬਣਾਈ ਜਾਣ ਵਾਲੀ ਕਿਸੇ ਵੀ ਪ੍ਰਕਾਰ ਦੀ ਸਰਗਰਮੀ ਜਾਂ ਯਾਦਗਾਰ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਸੰਸਥਾ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ ਨੇ ਸੁਰਿੰਦਰ ਸਿੰਘ ਸੁੰਨੜ ਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਲਗਾਅ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵਿਦੇਸ਼ ਤੋਂ ਆ ਕੇ ਉਨ੍ਹਾਂ ਵਲੋਂ ਇਸ ਸੰਸਥਾ ਦੇ ਰਾਹੀਂ ਹੁਣ ਤੱਕ ਪੰਜਾਬੀ ਸਾਹਿਤ ਦੇ ਖੇਤਰ ‘ਚ ਯੋਗਦਾਨ ਪਾਉਣ ਵਾਲੀਆਂ ਅਨੇਕਾਂ ਸ਼ਖਸੀਅਤਾਂ ਨੂੰ ਸਨਮਾਨਿਤ ਕਰ ਚੁੱਕੇ ਹਨ। ਕਾਲਜ ਦੀ ਪ੍ਰਿੰਸੀਪਲ ਮੈਡਮ ਡਾ. ਅਜੇ ਸਰੀਨ ਨੇ ਵੀ ਸਾਰੀਆਂ ਸ਼ਖਸ਼ੀਅਤਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਮੁੱਚੇ ਕਾਲਜ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਦਾ ਇਹ ਸਮਾਗਮ ਉਨ੍ਹਾਂ ਦੇ ਕਾਲਜ ਵਿਚ ਹੋ ਰਿਹਾ ਹੈ। ਪੰਜਾਬੀ ਵਿਭਾਗ ਦੀ ਮੁਖੀ ਪ੍ਰੋ. ਨਵਰੂਪ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪੰਜਾਬੀ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਅਤੇ ਪ੍ਰੋ. ਗੁਰਭਜਨ ਸਿੰਘ ਗਿੱਲ ਬਾਰੇ ਤਿਆਰ ਕੀਤੀਆਂ ਦੋ ਲਘੂ ਫਿਲਮਾਂ ਵੀ ਦਿਖਾਈਆਂ ਗਈਆਂ।  ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਕੁਲਜੀਤ ਕੌਰ ਅਠਵਾਲ ਅਤੇ ਰਮਨਪ੍ਰੀਤ ਕੌਰ ਵਲੋਂ ਕੀਤਾ ਗਿਆ।
ਸਮਾਗਮ ਵਿੱਚ ਗੁਰਭਜਨ ਸਿੰਘ ਗਿੱਲ ਦੇ ਵੱਡੇ ਵੀਰ ਪ੍ਰੋਃ ਸੁਖਵੰਤ ਸਿੰਘ ਗਿੱਲ ਬਟਾਲਾ, ਪ੍ਰਿੰਸੀਪਲ ਕੁਲਵੰਤ ਕੌਰ ਗਿੱਲ ਬਟਾਲਾ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਸਾਬਕਾ ਵਾਈਸ ਚਾਂਸਲਰ ਡਾਃ ਗੁਰਸ਼ਰਨ ਸਿੰਘ ਰੰਧਾਵਾ, ਸਾਬਕਾ ਕੈਬਨਿਟ ਮੰਤਰੀ ਸਃ ਮਲਕੀਤ ਸਿੰਘ ਦਾਖਾ, ਇੰਪਰੂਵਮੈਂਟ ਟਰੱਸਟ ਜਲੰਧਰ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕੇਕੇ ਬਾਵਾ, ਸੇਵਾ ਮੁਕਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ, ਪ੍ਰਿੰਸੀਪਲ ਡਾਃ ਦਲਜੀਤ ਸਿੰਘ ਖਹਿਰਾ, ਪ੍ਰਿੰਸੀਪਲ ਡਾਃ ਜਸਬੀਰ ਕੌਰ ਗਿੱਲ, ਡਾਃ ਪ੍ਰਿੰਸੀਪਲ ਤੇਜਿੰਦਰ ਕੌਰ ਸ਼ਾਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਿਜ ਸਠਿਆਲਾ, ਪੰਜਾਬੀ ਲੇਖਕ ਬਲਵਿੰਦਰ ਸਿੰਘ ਚਾਹਲ ਬਰਮਿੰਘਮ(ਯੂ ਕੇ) ਦੇਵਿੰਦਰ ਬਿਮਰਾ, ਡਾਃ ਰਾਮ ਮੂਰਤੀ, ਪੰਜਾਬੀ ਕਵਿੱਤਰੀ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ (ਅਮਰੀਕਾ) ਪੰਜਾਬੀ ਕਵੀ ਹਰਵਿੰਦਰ ਚੰਡੀਗੜ੍ਹ, ਪ੍ਰੋਃ ਹਰਜਿੰਦਰ ਸਿੰਘ ਅਟਵਾਲ, ਪ੍ਰੋਃ ਅਸ਼ੋਕ ਖੁਰਾਣਾ, ਪ੍ਰੋਃ ਸੁਰਜੀਤ ਜੱਜ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਕੌਮੀ ਪ੍ਰਸਿੱਧੀ ਪ੍ਰਾਪਤ ਫੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ, ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਜਗਦੀ਼ਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ (ਲੁਧਿਆਣਾ) ਬਲਕਾਰ ਸਿੰਘ ਲੁਧਿਆਣਾ, ਅਰਜੁਨ ਬਾਵਾ, ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ, ਜਤਿੰਦਰ ਪਨੂੰ, ਸਤਨਾਮ ਸਿੰਘ ਚਾਨਾ, ਰਾਕੇਸ਼ ਸ਼ਾਂਤੀਦੂਤ, ਆਤਮ ਪ੍ਰਕਾਸ਼ ਸਿੰਘ ਬਬਲੂ, ਪ੍ਰੋ. ਮਨਜੀਤ ਸਿੰਘ, ਸੰਗਤ ਰਾਮ, ਸ਼ੀਤਲ ਸਿੰਘ ਸੰਘਾ, ਕਵਿੱਤਰੀ ਮਨਜੀਤ ਕੌਰ ਮੀਸ਼ਾ, ਅਮਰਜੀਤ ਸਿੰਘ ਨਿੱਝਰ, ਸ੍ਰੀਮਤੀ ਜਸਵਿੰਦਰ ਕੌਰ ਗਿੱਲ ਤੇ ਡਾਃ ਸੁਰਿੰਦਰ ਕੌਰ ਭੱਠਲ ਤੋਂ ਇਲਾਵਾ ਕਾਲਜ ਸਟਾਫ ਅਤੇ ਵਿਦਿਆਰਥਣਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।

Leave a Reply

Your email address will not be published. Required fields are marked *