ਬਰਨਾਲਾ ਦੇ ਸੁਖਪ੍ਰੀਤ ਸਿੰਘ ਨੇ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਸੋਨ ਤਮਗ਼ਾ ਜਿੱਤਿਆ
ਖੇਡ ਮੰਤਰੀ ਮੀਤ ਹੇਅਰ ਨੇ ਅਥਲੀਟ ਸੁਖਪ੍ਰੀਤ ਸਿੰਘ ਨੂੰ ਦਿੱਤੀ ਮੁਬਾਰਕਬਾਦ
ਜੂਨੀਅਰ ਏਸ਼ੀਅਨ ਅਥਲੈਟਿਕਸ ਚੈਪੀਅਨਸ਼ਿਪ ਲਈ ਵੀ ਕੁਆਲੀਫਾਈ ਕੀਤਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਮਈ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਮੁੰਡਿਆਂ ਦੇ ਤੀਹਰੀ ਛਾਲ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਣ ਵਾਲੇ ਸੁਖਪ੍ਰੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ ਹੈ।
ਬਰਨਾਲੇ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ ਸੁਖਪ੍ਰੀਤ ਸਿੰਘ ਨੇ ਥਿਰੂਵਨਾਮਲਾਈ (ਤਾਮਿਲਨਾਡੂ) ਵਿਖੇ ਜੂਨੀਅਰ ਫੈਡਰੇਸ਼ਨ ਕੱਪ 15.76 ਮੀਟਰ ਤੀਹਰੀ ਛਾਲ ਲਗਾ ਕੇ ਸੋਨ ਤਮਗ਼ਾ ਜਿੱਤਿਆ। ਜੂਨੀਅਰ ਨੈਸ਼ਨਲ ਚੈਂਪੀਅਨ ਬਣਨ ਤੋਂ ਇਲਾਵਾ ਸੁਖਪ੍ਰੀਤ ਸਿੰਘ ਨੇ ਅਗਲੇ ਮਹੀਨੇ ਦੱਖਣੀ ਕੋਰੀਆ ਵਿਖੇ ਹੋਣ ਵਾਲੀ ਜੂਨੀਅਰ ਏਸ਼ੀਅਨ ਅਥਲੈਟਿਕਸ ਚੈਪੀਅਨਸ਼ਿਪ ਲਈ ਕੁਆਲੀਫਾਈ ਵੀ ਕਰ ਲਿਆ।
ਮੀਤ ਹੇਅਰ ਨੇ ਸੁਖਪ੍ਰੀਤ ਸਿੰਘ ਦੀ ਇਸ ਪ੍ਰਾਪਤੀ ਉਤੇ ਮੁਬਾਰਕਬਾਦ ਦਿੰਦਿਆਂ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਅਥਲੀਟ ਦੀ ਸਖ਼ਤ ਮਿਹਨਤ ਅਤੇ ਉਸ ਦੇ ਕੋਚਾਂ ਤੇ ਮਾਪਿਆਂ ਸਿਰ ਬੰਨ੍ਹਿਆ। ਖੇਡ ਮੰਤਰੀ ਨੇ ਅੱਗੇ ਕਿਹਾ ਕਿ ਬਰਨਾਲਾ ਜ਼ਿਲੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਅਥਲੈਟਿਕਸ ਵਿੱਚ ਥੋੜ੍ਹੇ ਜਿਹੇ ਅਰਸੇ ਦੌਰਾਨ ਅਕਸ਼ਦੀਪ ਸਿੰਘ ਤੇ ਦਮਨੀਤ ਸਿੰਘ ਦੀ ਪ੍ਰਾਪਤੀ ਤੋਂ ਬਾਅਦ ਸੁਖਪ੍ਰੀਤ ਸਿੰਘ ਚਮਕਿਆ ਹੈ। ਤਿੰਨੋਂ ਉਭਰਦੇ ਅਥਲੀਟਾਂ ਦੇ ਈਵੈਂਟ ਵੀ ਪੈਦਲ ਤੋਰ, ਥਰੋਅਰ ਤੇ ਜੰਪਰ ਵੱਖੋ-ਵੱਖਰੇ ਹਨ।