ਨੌਜਵਾਨ ਸਾਹਿਤ ਸਭਾ (ਰਜਿ.) ਮੋਰਿੰਡਾ ਸਨਮਾਨ ਸਮਾਰੋਹ ਦਾ ਆਯੋਜਨ
ਅਧਿਆਪਕ ਸਾਹਿਤਕਾਰਾਂ ਅਮਰਜੀਤ ਕੌਰ ਮੋਰਿੰਡਾ, ਰਾਜਿੰਦਰ ਕੌਰ ਮਾਵੀ, ਧਰਮਿੰਦਰ ਸਿੰਘ ਭੰਗੂ ਤੇ ਸੰਜੀਵ ਧਰਮਾਣੀ ਦਾ ਕੀਤਾ ਗਿਆ ਸਨਮਾਨ
ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 2 ਮਈ:


ਨੌਜਵਾਨ ਸਾਹਿਤ ਸਭਾ (ਰਜਿ.) ਮੋਰਿੰਡਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਨਜ਼ਦੀਕ ਸੁਰਿੰਦਰ ਸਿੰਘ ਰਸੂਲਪੁਰ ਦੀ ਪ੍ਰਧਾਨਗੀ ਹੇਠ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਗੀਤਕਾਰ ਲਾਭ ਸਿੰਘ ਚਤਾਮਲੀ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਇਸ ਮੌਕੇ ਸੱਜਰੀ ਸਵੇਰ ਕਲਾ ਕੇਂਦਰ ਮੋਰਿੰਡਾ ਵੱਲੋਂ ਚਾਰ ਸਾਹਿਤਕਾਰ ਅਧਿਆਪਕਾਂ ਅਮਰਜੀਤ ਕੌਰ ਮੋਰਿੰਡਾ, ਰਾਜਿੰਦਰ ਕੌਰ ਮਾਵੀ, ਧਰਮਿੰਦਰ ਸਿੰਘ ਭੰਗੂ ਤੇ ਸੰਜੀਵ ਧਰਮਾਣੀ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਕਵੀ ਦਰਬਾਰ ਵਿੱਚ ਮਈ ਦਿਵਸ ਸੰਬੰਧੀ ਸਰਬਜੀਤ ਸਿੰਘ ਦੁੱਮਣਾ ਨੇ ਸੰਤ ਰਾਮ ਉਦਾਸੀ ਦੇ ਪ੍ਰਸਿੱਧ ਗੀਤ ਤੂੰ ਮਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵਿਹੜੇ ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਭੁਪਿੰਦਰ ਸਿੰਘ ਭਾਗੋਮਾਜਰਾ ਨੇ ਗੀਤ, ਸੁਰਜੀਤ ਸਿੰਘ ਜੀਤ ਨੇ ਗ਼ਜ਼ਲ, ਸੁਖਮਨੀ ਕੌਰ ਨੇ ਚੀਚੋ ਚੀਚ ਗਨੇਰੀਆਂ, ਰਜਨੀ ਧਰਮਾਣੀ ਨੇ ਬਾਲਾਂ ਲਈ ਕਵਿਤਾ, ਵੰਦਨਾ ਧਰਮਾਣੀ ਨੇ ਰੁੱਖ ਲਗਾਈਏ, ਗੁਰਨੀਰ ਰੰਧਾਵਾ ਨੇ ਵਿਚਾਰ, ਨਿਰਮਲ ਸਿੰਘ ਅਧਰੇੜਾ ਨੇ ਛੇਵਾਂ ਦਰਿਆ, ਸਲੋਨੀ ਨੇ ਪੰਛੀ ਪਿਆਰੇ, ਲਾਭ ਸਿੰਘ ਚਤਾਮਲੀ ਨੇ ਮਾਂ, ਧਰਮਿੰਦਰ ਸਿੰਘ ਭੰਗੂ ਨੇ ਮਈ ਦਿਵਸ, ਰਾਜਿੰਦਰ ਕੌਰ ਮਾਵੀ ਨੇ ਫੁੱਲ, ਅਮਰਜੀਤ ਕੌਰ ਮੋਰਿੰਡਾ ਨੇ ਛੰਦ ਅਤੇ ਸੰਜੀਵ ਧਰਮਾਣੀ ਨੇ ਬੱਚਿਆਂ ਲਈ ਕਵਿਤਾ ਕਹੀ। ਸਮਾਗਮ ਦੌਰਾਨ ਸਨਮਾਨਿਤ ਸਾਹਿਤਕਾਰ ਅਧਿਆਪਕਾਂ ਨੇ ਆਪਣੇ ਵਿਚਾਰ ਵੀ ਪੇਸ਼ ਕੀਤੇ ਅਤੇ ਕਿਹਾ ਕਿ ਉਹ ਅੱਗੇ ਤੋਂ ਹੋਰ ਵੀ ਮਿਆਰੀ ਅਤੇ ਪਾਏਦਾਰ ਰਚਨਾਵਾਂ ਰਚਦੇ ਰਹਿਣਗੇ। ਮੰਚ ਸੰਚਾਲਨ ਰਾਬਿੰਦਰ ਸਿੰਘ ਰੱਬੀ ਨੇ ਕੀਤਾ।

