www.sursaanjh.com > News > ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਯੁਗ ਕਵੀ ਪ੍ਰੋ. ਮੋਹਨ ਸਿੰਘ ਜੀ ਦੀ 45ਵੀਂ ਬਰਸੀ ਮੌਕੇ ਯਾਦਗਾਰੀ ਸਮਾਰੋਹ – ਪ੍ਰਧਾਨਗੀ ਪ੍ਰੋਃ ਭੱਠਲ ਨੇ ਕੀਤੀ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਯੁਗ ਕਵੀ ਪ੍ਰੋ. ਮੋਹਨ ਸਿੰਘ ਜੀ ਦੀ 45ਵੀਂ ਬਰਸੀ ਮੌਕੇ ਯਾਦਗਾਰੀ ਸਮਾਰੋਹ – ਪ੍ਰਧਾਨਗੀ ਪ੍ਰੋਃ ਭੱਠਲ ਨੇ ਕੀਤੀ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਯੁਗ ਕਵੀ ਪ੍ਰੋ. ਮੋਹਨ ਸਿੰਘ ਜੀ ਦੀ 45ਵੀਂ ਬਰਸੀ ਮੌਕੇ ਯਾਦਗਾਰੀ ਸਮਾਰੋਹ – ਪ੍ਰਧਾਨਗੀ ਪ੍ਰੋਃ ਭੱਠਲ ਨੇ ਕੀਤੀ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 03 ਮਈ:
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ ਪ੍ਰੋ. ਮੋਹਨ ਸਿੰਘ ਜੀ ਦੀ 45ਵੀਂ ਬਰਸੀ ਮੌਕੇ ਯਾਦਗਾਰੀ ਸਮਾਰੋਹ ਕਰਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੇ ਆਰੰਭ ਵਿਚ ਪ੍ਰੋ. ਮੋਹਨ ਸਿੰਘ ਜੀ ਦੀ ਤਸਵੀਰ ਅੱਗੇ ਅਕਾਡਮੀ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਤੇ ਸਾਥੀਆਂ ਨੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪੰਜਾਬੀ ਨਾਵਲਕਾਰ ਬੂਟਾ ਸਿੰਘ ਸ਼ਾਦ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਵੀ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਪ੍ਰੋਃ ਮੋਹਨ ਸਿੰਘ ਯਾਦਗਾਰੀ ਭਾਸ਼ਨ ਦਿੰਦਿਆਂ ਦਸਿਆ ਕਿ ਪ੍ਰੋ. ਮੋਹਨ ਸਿੰਘ ਕਲਮ ਦੇ ਸੂਰਮੇ, ਯੁੱਗ ਕਵੀ ਤੇ ਵੱਡੇ ਸ਼ਾਇਰ ਸਨ। ਉਹ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸੱਤ ਸਾਲ ਜਨਰਲ ਸਕੱਤਰ ਰਹੇ ਅਤੇ ਉਨ੍ਹਾਂ ਦੇ ਕਾਰਜਕਾਲ ਵਿੱਚ ਹੀ ਪੰਜਾਬੀ ਭਵਨ ਦੀ ਉਸਾਰੀ ਹੋਈ ਸੀ। ਉਨ੍ਹਾਂ ਦਸਿਆ ਪ੍ਰੋ. ਮੋਹਨ ਸਿੰਘ ਦਾ ਬਚਪਨ ਵੀ ਲੁਧਿਆਣੇ ਵਿੱਚ ਬੁਕਸ ਮਾਰਕੀਟ ਨੇੜੇ ਵੈਟਰਨਰੀ ਹਸਪਤਾਲ ਦੇ ਕੁਆਟਰ ਚ ਬੀਤਿਆ ਜਿੱਥੇ ਉਨ੍ਹਾ ਦੇ ਸਤਿਕਾਰ ਯੋਗ ਪਿਤਾ ਜੀ ਡਾਃ ਜੋਧ ਸਿੰਘ ਵੈਟਰਨਰੀ ਡਾਕਟਰ ਵਜੋਂ ਨਿਯੁਕਤ ਸਨ। ਅਖ਼ੀਰੀ ਸਮਾਂ ਵੀ ਲੁਧਿਆਣਾ ਦੇ ਮਹਾਰਾਜ ਨਗਰ ਮੁਹੱਲੇ ਵਿੱਚ ਵਿਚ ਆਇਆ। 1978 ਵਿੱਚ ਪ੍ਰੋ. ਮੋਹਨ ਸਿੰਘ ਪਹਿਲੇ ਲੇਖਕ ਸਨ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸਃ ਪਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਤੇ ਪ੍ਰਸਿੱਧ ਕਹਾਣੀਕਾਰ ਸਃ ਕੁਲਵੰਤ ਸਿੰਘ ਵਿਰਕ ਦੇ ਮਸ਼ਵਰੇ ਕੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਮੈਨੂੰ ਮਾਣ ਹੈ ਕਿ ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇਣ ਵਾਲਿਆਂ ਵਿੱਚ ਜਿੱਥੇ ਗੁਲਜ਼ਾਰ ਸਿੰਘ ਸੰਧੂ ਤੇ ਸਃ ਜਗਦੇਵ ਸਿੰਘ ਜੱਸੋਵਾਲ ਸ਼ਾਮਿਲ ਸਨ, ਉਨ੍ਹਾਂ ਦੇ ਨਾਲ ਮੈਨੂੰ ਵੀ ਇਹ ਮੌਕਾ ਮਿਲ ਸਕਿਆ।
ਪ੍ਰੋ. ਮੋਹਨ ਸਿੰਘ ਦੀ ਸ਼ਾਇਰੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਾਇਰੀ ਫੁਲਕਾਰੀ ਵਰਗੀ ਸੀ, ਜਿਸ ਵਿੱਚ ਖੱਦਰ ਵਰਗਾ ਠੋਸ ਆਧਾਰ ਤੇ ਰੇਸ਼ਮੀ ਤੰਦਾਂ ਦੀਆਂ ਵੰਨ-ਸੁਵੰਨ ਬੂਟੀਆਂ ਹੁੰਦੀਆਂ ਹਨ। ਮੋਹ ਮੁਹੱਬਤ, ਸੰਘਰਸ਼, ਅਸਲੀ ਦੇਸ਼ ਪਿਆਰ ਅਤੇ ਵਿਰਸੇ ਦੀ ਪੁਨਰ ਸੁਰਜੀਤੀ ਦਾ ਅੰਦਾਜ਼ ਕਮਾਲ ਸੀ। 1977 ਚ ਮੋਰਾਰ ਜੀ ਦੇਸਾਈ ਦੀ ਜਨਤਾ ਸਰਕਾਰ ਬਣਨ ਤੇ ਉਨ੍ਹਾਂ ਇੱਕ ਗ਼ਜ਼ਲ ਲਿਖੀ, ”ਨਾ ਹਿਣਕੋ ਘੋੜਿਓ, ਬੇਸ਼ੱਕ ਨਵਾਂ ਨਿਜ਼ਾਮ ਆਇਆ/ ਨਵਾਂ ਨਿਜ਼ਾਮ ਹੈ ਲੈ ਕੇ ਨਵੀਂ ਲਗਾਮ ਆਇਆ/ ਅਯੁੱਧਿਆ ਵਿੱਚ ਅਜੇ ਵੀ ਭੁੱਖਿਆਂ ਦੀ ਭੀੜ ਬੜੀ/ ਪਿਆ ਕੀ ਫ਼ਰਕ ਜੇ ਰਾਵਣ ਗਿਆ ਤੇ ਰਾਮ ਆਇਆ।” 
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪ੍ਰੋ. ਮੋਹਨ ਸਿੰਘ ਦੇ ਜੀਵਨ ਅਤੇ ਸ਼ਾਇਰੀ ਬਾਰੇ ਚਾਨਣਾ ਪਾਉਦਿਆਂ ਕਿਹਾ ਕਿ ਉਨ੍ਹਾਂ ਪੰਜਾਬੀ ਸੰਵੇਦਨਾ ਨੂੰ ਲੋਕ ਆਵਾਜ਼ ਦਿੰਦਿਆਂ ਪੰਜਾਬੀ ਜਨ ਜੀਵਨ ਤੇ ਸਭਿਆਚਾਰ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ  ਕਿ ਪ੍ਰੋ. ਮੋਹਨ ਸਿੰਘ ਦੀ ਕਵਿਤਾ ਸ਼ਿੰਗਾਰ ਰਸ ਤੇ ਵੈਰਾਗ ਰਸ ਦਾ ਸੁਮੇਲ ਹੈ। ਅਜੋਕੇ ਸਮੇਂ ਵਿਚ ਪ੍ਰੋ. ਮੋਹਨ ਸਿੰਘ ਨੂੰ ਯਾਦ ਕਰਨਾ ਆਧੁਨਿਕ ਸੰਵੇਦਨਾ ਦਾ ਪਰਤੌ ਹੈ। ਉਨ੍ਹਾਂ ਦੀ ਕਵਿਤਾ ਵਿਚ ਵਿਲੱਖਣਤਾ, ਸਮਾਜਕ ਤਬਦੀਲੀ, ਜਨ ਸੰਵੇਦਨਾ, ਰੁਮਾਂਟਿਕ ਤੇ ਅਗਾਂਹਵਧੂ ਵਿਚਾਰਧਾਰਾ ਦਾ ਸੁਮੇਲ ਹੋਣ ਕਰਕੇ ਕਾਫ਼ੀ ਲੋਕਪ੍ਰਿਯ ਹੈ।
ਪ੍ਰਧਾਨਗੀ ਭਾਸ਼ਨ ਦਿੰਦਿਆਂ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਲੋਕਾਂ ਦਾ ਸ਼ਾਇਰ ਸੀ ਜਿਹੜਾ ਲੋਕਾਂ ਦੀ ਭਾਸ਼ਾ ਵਿਚ ਲਿਖਦਾ ਸੀ। ਪ੍ਰੋ. ਮੋਹਨ ਸਿੰਘ ਪੰਜਾਬੀ ਮੁਟਿਆਰ ਦੀ ਭਾਵਨਾ ਨੂੰ ਬੜੀ ਖ਼ੂਬਸੂਰਤੀ ਨਾਲ ਆਪਣੀ ਰਚਨਾ ਵਿਚ ਸਿਰਜਦਾ ਸੀ। ਉਨ੍ਹਾਂ ਦੀ ਰਚਨਾ ਨਾਨਕਾਇਣ ਵਡਮੁੱਲੀ ਕਿਰਤ ਹੈ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਸਵਾਗਤੀ ਸ਼ਬਦ ਕਹਿੰਦਿਆਂ ਕਿਹਾ ਕਿ ਪ੍ਰੋ. ਮੋਹਨ ਸਿੰਘ ਨੇ ਜਦੋਂ ਸ਼ਾਇਰੀ ਵਿਚ ਪੈਰ ਧਰਿਆ ਤਾਂ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ ਤੇ ਧਨੀ ਰਾਮ ਚਾਤ੍ਰਿਕ ਪੰਜਾਬੀ ਸਾਹਿਤ ਜਗਤ ਵਿਚ ਸਥਾਪਤ ਸ਼ਾਇਰਾਂ ਵਜੋਂ ਵਿਚਰ ਰਹੇ ਸਨ। ਉਨ੍ਹਾਂ ਨੇ ਨਿੱਜੀ ਪਿਆਰ ਅਤੇ ਵਿਗਿਆਨਕ, ਸਮਾਜਕ ਚੇਤਨਾ ਭਰਪੂਰ ਸੰਵੇਦਨਾ ਨਾਲ ਪੰਜਾਬੀ ਸ਼ਾਇਰੀ ਵਿਚ ਇਕ ਨਵੀਂ ਲੀਹ ਪਾਈ ਜਿਹੜੀ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਕਾਵਿ ਧਾਰਾ ਨਾਲ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਸਥਾਪਤ ਹੋਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਕੌਰ ਭੰਵਰਾ ਨੇ ਕਿਹਾ ਕਿ ਮੇਰੇ ਸਤਿਕਾਰ ਯੋਗ ਪਿਤਾ ਜੀ ਡਾਃ ਆਤਮ ਹਮਰਾਹੀ ਪ੍ਰੋਃ ਮੋਹਨ ਸਿੰਘ ਨਾਲ ਖੋਜ ਸਹਾਇਕ ਵਜੋਂ ਜਦ ਕੰਮ ਕਰਦੇ ਸਨ ਤਾਂ ਬਹੁਤ ਵਾਰ ਮੈਨੂੰ ਵੀ ਬਾਲ ਅਵਸਥਾ ਵੇਲੇ ਉਨ੍ਹਾਂ ਦੇ ਸਨੇਹ ਦਾ ਪਾਤਰ ਬਣਨ ਦਾ ਸੁਭਾਗ ਮਿਲਿਆ।  ਇਸ ਮੌਕੇ ਪ੍ਰਸਿੱਧ ਕਵੀ ਤ੍ਰੈਲੋਚਨ ਲੋਚੀ, ਕਹਾਣੀਕਾਰ ਸੁਰਿੰਦਰਦੀਪ, ਗੀਤਕਾਰ ਸਰਬਜੀਤ ਵਿਰਦੀ, ਸਤਿਬੀਰ ਸਿੰਘ ਪੰਜਾਬੀ ਟ੍ਰਿਬਿਊਨ,ਅਮਰਜੀਤ ਸ਼ੇਰਪੁਰੀ, ਸੁਮਿਤ ਗੁਲਾਟੀ, ਸਤਨਾਮ ਸਿੰਘ,ਅਤੇ ਨਾਵਲਕਾਰ ਦੇਵਿੰਦਰ ਸਿੰਘ  ਸੇਖਾ ਵੀ ਹਾਜ਼ਰ ਸਨ। ਅੰਤ ਵਿੱਚਡਾ. ਗੁਰਇਕਬਾਲ ਸਿੰਘ ਅਤੇ ਅਮਰਜੀਤ ਸਿੰਘ ਸ਼ੇਰਪੁਰੀ ਨੇ ਪ੍ਰੋ. ਮੋਹਨ ਸਿੰਘ ਦੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਸਮਾਗਮ ਦੇ ਕਨਵੀਨਰ ਤ੍ਰੈਲੋਚਨ ਲੋਚੀ ਨੇ ਆਏ ਲੇਖਕਾਂ/ਪਾਠਕਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *