ਚੰਡੀਗੜ੍ਹ (ਸੁਰ ਸਾਂਝ ਬਿਊਰੋ) 30 ਜਨਵਰੀ
ਬੀਤੇ ਦਿਨੀਂ ਉੱਘੇ ਪੱਤਰਕਾਰ ਅਤੇ ਲੇਖਕ ਕਮਲਜੀਤ ਸਿੰਘ ਬਣਵੈਤ ਦੀ ਪੁਸਤਕ ‘ਰੱਬ ਦਾ ਬੰਦਾ‘ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਪੰਜਾਬੀ ਲੇਖਕ ਸਭਾ ਵੱਲੋਂ ਰਚਾਇਆ ਗਿਆ। ਇਸ ਪੁਸਤਕ ਉਤੇ ਮਨਮੋਹਨ ਸਿੰਘ ਦਾਊਂ ਅਤੇ ਜਗਦੀਪ ਕੌਰ ਨੂਰਾਨੀ ਹੋਰਾਂ ਸੰਖੇਪ ਪਰਚੇ ਪੜ੍ਹੇ ਅਤੇ ਮੁੱਲਵਾਨ ਟਿੱਪਣੀਆਂ ਕੀਤੀਆਂ। ਪੁਸਤਕ ਲੇਖਕ ਨੂੰ ਉਤਸ਼ਾਹਿਤ ਕਰਨ ਦੇ ਨਾਲ਼ ਨਾਲ਼ ਕਾਹਲ਼ ਤੋਂ ਕੰਮ ਨਾ ਲੈਣ ਲਈ ਵੀ ਆਖਿਆ ਗਿਆ। ਸਮਾਗਮ ਵਿੱਚ ਸ਼ਾਮਿਲ ਨਾਮਵਰ ਲੇਖਕਾਂ ਅਤੇ ਪੱਤਰਕਾਰਾਂ ਨੇ ਨਿੱਠ ਕੇ ਭਾਗ ਲਿਆ ਅਤੇ ਆਧੁਨਿਕ ਸਮਾਜ ਲਈ ਲੇਖਕ ਦੀ ਭੂਮਿਕਾ ਬਾਰੇ ਚਰਚਾ ਨੂੰ ਸੁਣਿਆ। ਸਮਾਗਮ ਵਿੱਚ ਪਹੁੰਚੇ ਵਿਦਵਾਨਾਂ ਨੇ ਪੁਸਤਕ ਬਾਰੇ ਭਾਵਪੂਰਤ ਟਿੱਪਣੀਆਂ ਕੀਤੀਆਂ।


ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ਼ ਵਲੋਂ ਗੰਧਲ਼ੀ ਰਾਜਨੀਤੀ ਦੀ ਗੱਲ ਕਰਦਿਆਂ ਵੱਖ ਵੱਖ ਪਾਰਟੀਆਂ ਵੱਲੋਂ ਚੋਣਾਂ ਵੇਲ਼ੇ ਜਾਰੀ ਕੀਤੇ ਜਾਂਦੇ ਚੋਣ ਮਨੋਰਥ ਪੱਤਰਾਂ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਲਈ ਚਰਚਾ ਕੀਤੀ ਗਈ। ਬਾਅਦ ਵਿੱਚ ਉਹ ਕਾਹਨ ਸਿੰਘ ਪੰਨੂੰ ਸਮੇਤ ਮੁੱਖ ਚੋਣ ਕਮਿਸ਼ਨਰ ਡਾ. ਰਾਜੂ ਨੁੰ ਵੀ ਮਿਲ਼ੇ ਅਤੇ ਇਸ ਸਬੰਧੀ ਇੱਕ ਮੰਗ ਪੱਤਰ ਵੀ ਸੌਂਪਿਆ।
ਪੰਜਾਬ ਵਿੱਚ ਚਲਾਈ ਲੋਕ ਚੇਤਨਾ ਲਹਿਰ ਦੇ ਕਨਵੀਨਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਸਮੁੱਚੀਆਂ ਸਰਕਾਰਾਂ ਮਨੁੱਖ ਨੂੰ ਜਿਊਣ ਦਾ ਮੁੱਢਲਾ ਅਧਿਕਾਰ ਦੇਣ ਵਿੱਚ ਨਾਕਾਮ ਰਹੀਆਂ ਹਨ। ਉਹ ਹਮੇਸ਼ਾ ਝੂਠੇ ਲਾਰੇ ਲਾ ਕੇ ਸ਼ੋਸ਼ਣ ਕਰਦੀਆਂ ਆ ਰਹੀਆਂ ਹਨ। ਇਸੇ ਲਈ ਉਨ੍ਹਾਂ ਪਾਰਟੀਆਂ ਵੱਲੋਂ ਜਾਰੀ ਕੀਤੇ ਜਾਂਦੇ ਚੋਣ ਮਨੋਰਥ ਪੱਤਰਾਂ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਮੰਗ ਜ਼ੋਰ-ਸ਼ੋਰ ਨਾਲ਼ ਰੱਖੀ ਹੈ। ਸੀਚੇਵਾਲ਼ ਨੇ ਕਿਹਾ ਕਿ ਲੋਕ ਮੁੱਦਿਆਂ ਉੱਤੇ ਸਿਆਸੀ ਪਾਰਅ.ਆਂ ਚੁੱਪੀ ਧਾਰ ਲੈਂਦੀਆਂ ਹਨ ਅਤੇ ਇਸ ਤਰ੍ਹਾਂ ਭੋਲ਼ਾ-ਭਾਲ਼ਾ ਵੋਟਰ ਠੱਗਿਆ ਜਾਦਾ ਹੈ।
ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ਼ ਨੇ ਕਿਹਾਕਿ ਪੰਜਾਬ ਦੀ ਆਬੋ-ਹਵਾ, ਪਾਣੀ, ਧਰਤੀ, ਸਮਾਜਿਕ ਰਹਿਣ-ਸਹਿਣ, ਖਾਣ-ਪੀਣ ਆਦਿ ਸਭ ਕੁਝ ਬੁਰੀ ਤਰ੍ਹਾਂ ਪ੍ਰਦੂਸਿਤ ਹੋ ਚੁੱਕਾ ਹੈ। ਸਰਕਾਰਾਂ ਲੋਕਾਂ ਦੀ ਸਿਹਤ ਅਤੇ ਸਿੱਖਿਆ ਪ੍ਰਤੀ ਉਦਾਸੀਨ ਹੈ। ਬੇਰੁਜ਼ਗਾਰ ਅਤੇ ਕਰਜ਼ੇ ਵਿੱਚ ਡੁੱਬੇ ਲੋਕ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹਨ। ਨੌਜਵਾਨ ਡਰ ਦੇ ਮਾਰੇ ਵਿਦੇਸ਼ਾਂ ਨੂੰ ਭੱਜ ਰਹੇ ਹਨ। ਉਨ੍ਹਾਂ ਆਖਿਆ ਕਿ ਧਰਤੀ ਹੇਠ ਪੀਣਯੋਗ ਪਾਣੀ ਸਿਰਫ ਅਗਲੇ ਸਤਾਰਾਂ ਸਾਲਾਂ ਵਿੱਚ ਖਤਮ ਹੋ ਜਾਵੇਗਾ। ਇਸ ਲਈ ਉਨ੍ਹਾਂ ਲੋਕ-ਭਲਾਈ ਦੇ ਮੁੱਦਿਆਂ ਨੁੰ ਉਭਾਰਨ ਅਤੇ ਉਨ੍ਹਾਂ ਦੇ ਹੱਲ ਲਈ ਜ਼ੋਰ ਦਿੱਤਾ।

