www.sursaanjh.com > News > ਜਸਦੇਵ ਜਸ ਅਤੇ ਗੁਰਮੀਤ ਸਿੰਗਲ ਦੀਆਂ ਕਹਾਣੀਆਂ ਦੇ ਅੰਗ-ਸੰਗ

ਜਸਦੇਵ ਜਸ ਅਤੇ ਗੁਰਮੀਤ ਸਿੰਗਲ ਦੀਆਂ ਕਹਾਣੀਆਂ ਦੇ ਅੰਗ-ਸੰਗ

ਚੰਡੀਗੜ੍ਹ/ਖਰੜ (ਸੁਰ ਸਾਂਝ ਬਿਊਰੋ): ਕਲਾ ਪ੍ਰੀਸ਼ਦ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਸਰਬਜੀਤ ਕੌਰ ਸੋਹਲ, ਉਪ ਪ੍ਰਧਾਨ ਦੇਸ ਰਾਜ ਕਾਲੀ ਅਤੇ ਸਕੱਤਰ ਰਵੇਲ ਸਿੰਘ ਦੀ ਸੁਯੋਗ ਅਗਵਾਈ ਵਿੱਚ ਸੱਤ ਦਿਨ, ਸੱਤ ਥਾਵਾਂ, ਸੱਤ ਲੇਖਕ ਪ੍ਰੋਗਰਾਮ ਦੀ ਲੜੀ ਵਿੱਚ ਲੇਖਕਾਂ ਦਾ ਹਫ਼ਤਾ ਤਹਿਤ ‘ਰੌਸ਼ਨੀ ਦੀਆਂ ਕਿਰਚਾਂ’ ਕਹਾਣੀ ਸੰਗ੍ਰਹਿ ਰਾਹੀਂ ਚਰਚਾ ਵਿੱਚ ਆਏ ਜਸਦੇਵ ਜਸ ਅਤੇ ਕਹਾਣੀਕਾਰ ਗੁਰਮੀਤ ਸਿੰਗਲ ਜੋ ਤਿੰਨ ਮੌਲਿਕ ਕਹਾਣੀ ਸੰਗ੍ਰਹਿਆਂ ਦੇ ਰਚੇਤਾ ਹਨ, ਵਲੋਂ ਆਪਣੀਆਂ ਆਪਣੀਆਂ ਕਹਾਣੀਆਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਗਈਆ।

ਮੰਡੇਰ ਨਗਰ, ਖਰੜ ਵਿਖੇ ਰਚਾਏ ਗਏ ਇਸ ਸਮਾਗਮ ਵਿੱਚ ਜਸਦੇਵ ਜਸ ਨੇ ਆਪਣੀ ਕਹਾਣੀ ‘ਤਿਲਕਣ’ ਪੜ੍ਹੀ। ਕਹਾਣੀ ਰਸ ਨਾਲ ਲਬਰੇਜ਼ ਇਸ ਰਚਨਾ ਨੇ ਸਰੋਤਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸੇ ਤਰ੍ਹਾਂ ਗੁਰਮੀਤ ਸਿੰਗਲ ਨੇ ਆਪਣੀ ਕਹਾਣੀ ‘ਧਰਤੀ ਦੇ ਰੱਬ’ ਪੜ੍ਹੀ। ਮੌਜੂਦਾ ਹਾਲਾਤਾਂ ਤੇ ਟਕੋਰ ਕਰਦੀ ਇਸ ਕਹਾਣੀ ਨੇ ਵੀ ਸਮਾਂ ਬੰਨ੍ਹ ਲਿਆ। ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਪੁਆਧੀ ਕਹਾਣੀਕਾਰ ਸਰੂਪ ਸਿਆਲਵੀ ਨੇ ਇਨ੍ਹਾਂ ਕਹਾਣੀਕਾਰਾਂ ਦੀ ਕਹਾਣੀ ਕਲਾ ਦੀ ਭਰਪੂਰ ਦਾਦ ਦਿੱਤੀ। ਉਨ੍ਹਾਂ ਕਹਾਣੀ ਦੇ ਹਰ ਪੱਖ ਸਬੰਧੀ ਚਰਚਾ ਕਰਦਿਆਂ ਆਪਣੀ ‘ਰੇਪ’ ਕਹਾਣੀ ਬਾਰੇ ਲੇਖ ਪੜ੍ਹਿਆ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਨਜ਼ਮ ਦੇ ਚਰਚਿਤ ਹਸਤਾਖਰ ਜਗਦੀਪ ਸਿੱਧੂ ਨੇ ਵੱਡੇ ਅਰਥ ਸਿਰਜਦੀਆਂ ਨਿੱਕੀਆਂ ਨਿੱਕੀਆਂ ਨਜ਼ਮਾਂ ਪੜ੍ਹੀਆਂ ਜਿਨ੍ਹਾਂ ਦਾ ਸਰੋਤਿਆਂ ਵੱਲੋਂ ਭਰਪੂਰ ਆਨੰਦ ਲਿਆ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਅੰਤਰਰਾਸ਼ਟਰੀ ਅਲਗੋਜ਼ਾਵਾਦਕ ਕਰਮਜੀਤ ਸਿੰਘ ਬੱਗਾ ਦੇ ਅਲਗੋਜ਼ੇ ਦੀਆਂ ਧੁਨਾਂ ਨੇ ਮਾਹੌਲ ਸੰਗੀਤਮਈ ਬਣਾ ਦਿੱਤਾ।

ਇਨ੍ਹਾਂ ਤੋਂ ਇਲਾਵਾ ਡਾ.ਹਰਨੇਕ ਸਿੰਘ ਕਲੇਰ ਨੇ ਕਵਿਤਾ, ਗਜ਼ਲਗੋ ਅਜਮੇਰ ਸਾਗਰ ਨੇ ਦੋ ਗਜ਼ਲਾਂ ਅਤੇ ਸੁਰਜੀਤ ਸੁਮਨ ਨੇ ਵੀ ਆਪਣੀ ਰਚਨਾ ਪੇਸ਼ ਕੀਤੀ। ਉੱਘੀ ਕਹਾਣੀਕਾਰ ਡਾ. ਚਰਨਜੀਤ ਕੌਰ ਨੇ ਪੜ੍ਹੀਆਂ ਗਈਆਂ ਇਨ੍ਹਾਂ ਰਚਨਾਵਾਂ ਬਾਰੇ ਚਰਚਾ ਕਰਦਿਆਂ ਭਵਿੱਖ ਵਿੱਚ ਅਜਿਹੇ ਹੋਰ ਕਾਰਜ ਉਲੀਕਣ ਲਈ ਪ੍ਰੇਰਿਤ ਕੀਤਾ। ਜ਼ਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਮੰਡੇਰ ਨਗਰ ਨਿਵਾਸੀਆਂ ਸਰਵਸ਼੍ਰੀ ਚਰਨ ਸਿੰਘ, ਸੁਰਿੰਦਰ ਚੱਢਾ, ਭਾਗ ਸਿੰਘ, ਸੁਰਿੰਦਰ ਪਵਾਰ ਚਾਨਣ ਰਾਮ, ਸੁਰਿੰਦਰ ਸਿੰਘ ਤੇ ਸ਼੍ਰੀਮਤੀ ਅਮਤਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਅਜਿਹੇ ਹੋਰ ਸਮਾਗਮ ਮੰਡੇਰ ਨਗਰ ਵਿਖੇ ਰਚਾਉਣ ਲਈ ਪੂਰਾ ਸਹਿਯੋਗ ਕਰਨ ਦੀ ਹਾਮੀ ਭਰੀ।

ਜਸਦੇਵ ਜਸ ਅਤੇ ਗੁਰਮੀਤ ਸਿੰਗਲ ਦੀਆਂ ਕਹਾਣੀਆਂ ਦੇ ਅੰਗ-ਸੰਗ

Leave a Reply

Your email address will not be published. Required fields are marked *