ਚੰਡੀਗੜ੍ਹ/ਖਰੜ (ਸੁਰ ਸਾਂਝ ਬਿਊਰੋ): ਸਰਕਾਰੀ ਪ੍ਰਾਇਮਰੀ ਸਕੂਲ ਰੈਲੋਂ ਕਲਾਂ ਵਿਖੇ ਇਲਾਕੇ ਦੀਆਂ ਚਰਚਿਤ ਕਲਮਾਂ ਰਾਬਿੰਦਰ ਸਿੰਘ ਰੱਬੀ ਅਤੇ ਮਨਦੀਪ ਰਿੰਪੀ ਦਾ ਸਾਂਝੇ ਤੌਰ ਤੇ ਸਮਾਗਮ ਰਚਾਇਆ ਗਿਆ। ਇਸ ਸਮੇਂ ਪ੍ਰਧਾਨਗੀ ਮੰਡਲ ਵਿੱਚ ਉੱਘੇ ਕਵੀ ਜਗਦੀਪ ਸਿੱਧੂ, ਸੁਰਜੀਤ ਸੁਮਨ ਅਤੇ ਜਰਨੈਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਮਿਲ ਸਨ। ਜਰਨੈਲ ਸਿੰਘ ਨੇ ਮਿੰਨ੍ਹੀ ਕਹਾਣੀ ‘ਜ਼ਿੰਮੇਵਾਰ ਕੌਣ’ ਪੇਸ਼ ਕੀਤੀ।


ਰਾਬਿੰਦਰ ਸਿੰਘ ਰੱਬੀ ਨੇ ਆਪਣੀਆਂ ਪੁਸਤਕਾਂ, ‘ਜ਼ਿੰਦਗੀ ਦੀ ਵਰਣਮਾਲਾ’ ਅਤੇ ‘ਸਿੱਖ ਇਤਿਹਾਸ ਦੇ ਪੰਨੇ’ ਵਿੱਚੋਂ ਅਤੇ ਹੋਰ ਰਚਨਾਵਾਂ ਪੇਸ਼ ਕੀਤੀਆਂ । ਇਸੇ ਤਰ੍ਹਾਂ ਮਨਦੀਪ ਰਿੰਪੀ ਨੇ ‘ਮਨ ਦੇ ਜਜ਼ਬੇ’ ਤੇ ‘ਜਮੀਰਾਂ ਦੀ ਲੋਅ’ ਕਵਿਤਾਵਾਂ ਪੇਸ਼ ਕੀਤੀਆਂ। ਸਕੂਲ ਦੀਆਂ ਛੋਟੀਆਂ ਬੱਚੀਆਂ ਖੁਸ਼ਪ੍ਰੀਤ ਕੌਰ, ਮਨਕਿਰਤ ਕੌਰ ਅਤੇ ਰਛਪਾਲ ਸਿੰਘ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਗੁਰਪ੍ਰੀਤ ਸਿੰਘ ਮੋਰਿੰਡਾ ਨੇ ‘ਲਫ਼ਜ਼’ ਨਜ਼ਮ, ਹਰਜਿੰਦਰ ਸਿੰਘ ਅਰਜ਼ ਨੇ ‘ਸੂਰਜ ਮੈਨੂੰ ਮਿਲ ਚੁਕਾ ਹੈ’ ਅਤੇ ‘ਆਓ ਬਨੇਰੇ ਉੱਤੇ ਸੂਰਜ ਸੱਚ ਦਾ ਧਰੀਏ’ ਵਰਗੀਆਂ ਖੂਬਸੂਰਤ ਰਚਨਾਵਾਂ ਪੇਸ਼ ਕੀਤੀਆਂ। ਇੰਦਰਜੀਤ ਸਿੰਘ ਜੱਸੜ ਨੇ ਗੀਤ ‘ਮਾਤਾ ਗ਼ੁਜ਼ਰ ਕੌਰ’ ਗਾਇਆ। ਸਾਬਕਾ ਸਰਪੰਚ ਸਰਦਾਰ ਕੌਰ ਅਤੇ ਮੈਡਮ ਹਰਪ੍ਰੀਤ ਕੌਰ ਨੇ, ‘ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਰਿਓ’ ਗਾ ਕੇ ਮਾਹੌਲ ਵੈਰਾਗਮਈ ਬਣਾ ਦਿੱਤਾ।
ਮੈਡਮ ਸੰਦੀਪ ਕੌਰ ਨੇ ਬਾਲ ਕਹਾਣੀ ‘ਸੁਪਨਿਆਂ ਦਾ ਸੱਚ’ ਪੇਸ਼ ਕਰਕੇ ਸਾਹਿਤ ਨਾਲ ਜੁੜਨ ਬਾਰੇ ਹਕੀਕਤ ਬਿਆਨ ਕੀਤੀ। ਸਮਾਰਟ ਸਕੂਲ ਦੇ ਜ਼ਿਲ੍ਹਾ ਕੁਆਰਡੀਨੇਟਰ ਮੈਡਮ ਸੰਦੀਪ ਨੇ ਦੱਸਿਆ ਕੇ ਉਹ ਵੀ ਮਨਦੀਪ ਰਿੰਪੀ ਤੋਂ ਪ੍ਰਭਾਵਿਤ ਹੁੰਦਿਆਂ ਸਾਹਿਤ ਵੱਲ ਰੁਚਿਤ ਹੋ ਰਹੇ ਹਨ। ਚੌਧਰੀ ਸੁਰਿੰਦਰ ਸਿੰਘ ਨੇ ਵਜ਼ਦ ਵਿੱਚ ਆਉਂਦਿਆਂ ਬਚਪਨ ਵਿੱਚ ਗਾਏ ਗੀਤਾਂ ਨੂੰ ਸਰੋਤਿਆਂ ਸਨਮੁੱਖ ਕੀਤਾ। ਸਾਹਿਤ ਸਭਾ ਬਹਿਰਾਮਪੁਰ ਬੇਟ ਦੇ ਜਨਰਲ ਸਕੱਤਰ ਤੇ ਨਾਵਲਕਾਰ ਮਾਸਟਰ ਅਜਮੇਰ ਨੇ ਡਾ. ਅੰਬੇਡਕਰ ਬਾਰੇ ਆਪਣੀ ਰਚਨਾ ਕਹੀ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਚਰਚਿਤ ਕਵੀ ਜਗਦੀਪ ਸਿੱਧੂ ਨੇ ਜਦੋਂ ਆਪਣੀਆਂ ਵੱਡੇ ਅਰਥ ਸਿਰਜਦੀਆਂ ਭਾਵਪੂਰਤ ਨਿੱਕੀਆਂ-ਨਿੱਕੀਆਂ ਨਜ਼ਮਾਂ ‘ਸੱਟ’ ਤੇ ‘ਸਾਜ਼ੀ’ ਆਦਿ ਪੜ੍ਹੀਆਂ ਤਾਂ ਸਰੋਤੇ ਅਸ਼ ਅਸ਼ ਕਰ ਉੱਠੇ। ਸੁਰਜੀਤ ਸੁਮਨ ਹੋਰਾਂ ਆਪਣੇ ਕਾਵਿ ਸੰਗ੍ਰਿਹ ‘ਅਗਨ ਕੁੰਡ ਦਾ ਕਰਣ ਦੁਆਰ’ ਵਿੱਚੋਂ ਦੋ ਗੀਤ, ‘ਦਿਲਾਂ ਵਿੱਚ ਦੂਰੀਆਂ ਸੱਜਣਾਂ’ ਅਤੇ ‘ਤੈਨੂੰ ਸਾਰ ਨਾ ਮਿੱਧਿਆਂ ਫੁੱਲਾਂ ਦੀ’ ਸੁਣਾਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਰਤਨ ਸਿੰਘ ਅਤੇ ਸਮਸ਼ੇਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੰਚ ਸੰਚਾਲਨ ਕਰਦਿਆਂ ਰਾਬਿੰਦਰ ਸਿੰਘ ਰੱਬੀ ਨੇ ਸੁਰ ਸਾਂਝ ਮੈਗਜ਼ੀਨ ਦਾ ਤਾਜ਼ਾ ਅੰਕ ਭੇਂਟ ਕਰਦਿਆਂ ਸਰੋਤਿਆਂ ਦਾ ਧੰਨਵਾਦ ਕੀਤਾ।
ਰਾਬਿੰਦਰ ਸਿੰਘ ਰੱਬੀ ਤੇ ਮਨਦੀਪ ਰਿੰਪੀ ਨਾਲ ਰੂਬਰੂ

