www.sursaanjh.com > News > ਹੈਂਡਬਾਲ ਕਲੱਬ ਮੋਰਿੰਡਾ ਨੇ ਮਾਰੀਆਂ ਉੱਚੀਆਂ ਮੱਲਾਂ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਕੀਤੇ ਪੈਦਾ

ਹੈਂਡਬਾਲ ਕਲੱਬ ਮੋਰਿੰਡਾ ਨੇ ਮਾਰੀਆਂ ਉੱਚੀਆਂ ਮੱਲਾਂ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਕੀਤੇ ਪੈਦਾ

ਮੋਰਿੰਡਾ 30 ਮਾਰਚ   (ਸੁਰ ਸਾਂਝ ਬਿਊਰੋ-ਸੁਖਵਿੰਦਰ ਸਿੰਘ ਹੈਪੀ): ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਮੋਰਿੰਡਾ ਨੇ ਪਿਛਲੇ ਤੀਹ ਸਾਲਾਂ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ  ਉੱਚੀਆਂ ਮੱਲਾਂ ਮਾਰੀਆਂ ਹਨ। ਹੈਂਡਬਾਲ ਕਲੱਬ  ਦੀਆ ਇਨ੍ਹਾਂ ਮਾਣਮੱਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਅਤੇ ਸੈਕਟਰੀ ਹਰਿੰਦਰ ਸਿੰਘ ਨੇ ਦੱਸਿਆ ਤੇ ਕਲੱਬ ਪਿਛਲੇ ਤੀਹ ਸਾਲਾਂ ਤੋਂ ਮੋਰਿੰਡਾ ਅਤੇ ਆਸ ਪਾਸ ਦੇ ਇਲਾਕੇ ਦੇ ਖਿਡਾਰੀਆਂ ਨੂੰ  ਆਪਣੀਆਂ ਨਿਸ਼ਕਾਮ ਸੇਵਾਵਾਂ ਪ੍ਰਦਾਨ ਕਰਦਾ ਰਿਹਾ ਜਿਨ੍ਹਾਂ ਦੀ ਬਦੌਲਤ ਕਲੱਬ ਨੇ ਕਈ ਅੰਤਰਰਾਸ਼ਟਰੀ ਰਾਸ਼ਟਰੀ ਅਤੇ  ਉੱਚ ਕੋਟੀ ਦੇ ਖਿਡਾਰੀ ਪੈਦਾ ਕੀਤੇ ਹਨ  ਜਿਹੜੇ  ਆਰਮੀ ਏਅਰ ਫੋਰਸ  ਤੋਂ ਇਲਾਵਾ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਕਲੱਬ ਅਤੇ ਮੋਰਿੰਡਾ ਸ਼ਹਿਰ ਲਈ ਇਹ ਬੜੀ ਮਾਣ ਅਤੇ ਫ਼ਖ਼ਰ ਵਾਲੀ ਗੱਲ ਹੈ ਕਿ ਹਾਲ ਹੀ ਵਿਚ ਆਯੋਜਿਤ ਕੀਤੇ ਗਏ  ਸੀਨੀਅਰ ਨੈਸ਼ਨਲ ਹੈਂਡਬਾਲ ਟੂਰਨਾਮੈਂਟ ਵਿੱਚ ਸ਼ਹੀਦ ਭਗਤ ਸਿੰਘ ਕਲੱਬ ਦੇ ਚਾਰ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ  ਹੈ, ਜਿਨ੍ਹਾਂ ਵਿੱਚ ਗੁਰਿੰਦਰ ਸਿੰਘ, ਦਿਨੇਸ਼ ਕੁਮਾਰ, ਪੁਨੀਤ ਮਾਲੜਾ ਅਤੇ ਅਜੇ ਕੁਮਾਰ ਸ਼ਾਮਲ ਹਨ। ਇਸ ਟੂਰਨਾਮੈਂਟ ਵਿੱਚ ਕਲੱਬ ਦੇ ਖਿਡਾਰੀ ਗੁਰਿੰਦਰ ਸਿੰਘ ਅਤੇ ਦਿਨੇਸ਼ ਕੁਮਾਰ ਨੇ  ਸੋਨੇ ਦਾ ਤਗ਼ਮਾ ਜਿੱਤਿਆ ਹੈ , ਪੁਨੀਤ ਮਾਲੜਾ ਨੇ ਕਾਂਸੀ ਦਾ ਤਗ਼ਮਾ ਹਾਸਿਲ ਕੀਤਾ ਹੈ।

ਕਲੱਬ ਦੇ ਆਗੂਆਂ ਨੇ ਦੱਸਿਆ  ਕਿ ਉਨ੍ਹਾਂ ਦਾ ਮੁੱਖ ਉਦੇਸ਼  ਮੋਰਿੰਡਾ ਅਤੇ ਇਲਾਕੇ ਦੇ  ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਅਤੇ ਖੇਡਾਂ ਨਾਲ ਜੋੜ ਕੇ ਸਮਾਜ ਵਿੱਚ ਚੰਗੀ ਅਤੇ ਨਿੱਗਰ ਸੋਚ ਵਾਲੇ ਨਾਗਰਿਕ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕਲੱਬ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ  ਕਲੱਬ ਨਾਲ ਜੁੜੇ ਪਰਵਾਸੀ ਭਾਰਤੀਆਂ, ਅਤੇ ਸੀਨੀਅਰ ਤੇ ਜੂਨੀਅਰ ਮੈਂਬਰਾਂ ਦਾ  ਵੱਡਾ ਯੋਗਦਾਨ ਹੈ। ਇਸ ਮੌਕੇ ਤੇ  ਹੋਰਨਾਂ ਤੋਂ ਬਿਨਾਂ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਸੱਲ੍ਹ, ਖਜ਼ਾਨਚੀ ਰਜਨੀਸ਼ ਕੁਮਾਰ ਸੂਦ ਅਤੇ ਸੰਜੇ ਸਿੰਘ ਅਤੇ ਸੰਜੇ ਸੁੰਦਰ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *