ਗਰਦਣ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ – ਭਗਵੰਤ ਮਾਨ
ਮਾਣਯੋਗ ਮੁੱਖ ਮੰਤਰੀ ਨੇ ਪੰਡਾਲ ਵਿੱਚ ਬੈਠੇ ਚਰਚਿਤ ਸ਼ਾਇਰ ਗੁਰਭਜਨ ਸਿੰਘ ਗਿੱਲ ਦੀ ਇਹ ਰਚਨਾ ਪੜ੍ਹ ਕੇ ਉਨ੍ਹਾਂ ਪ੍ਰਤੀ ਆਪਣੇ ਸਤਿਕਾਰ ਦਾ ਇਜ਼ਹਾਰ ਕੀਤਾ
ਹੁਸ਼ਿਆਰਪੁਰ (ਸੁਰ ਸਾਂਝ ਡਾਟ ਕਾਮ ਬਿਊਰੋ), 8 ਮਈ:


ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਇੱਕ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਇਸ ਸਮਾਗਮ ਵਿੱਚ ਸਾਡੇ ਦਰਮਿਆਨ ਮਾਏਨਾਜ਼ ਸ਼ਾਇਰ ਗੁਰਭਜਨ ਸਿੰਘ ਗਿੱਲ ਬੈਠੇ ਹਨ, ਜਿਨ੍ਹਾਂ ਨੇ ਦਰਿਆਵਾਂ, ਸਮੁੰਦਰਾਂ, ਕੱਸੀਆਂ ਅਤੇ ਪੱਤਣਾਂ ‘ਤੇ ਕਵਿਤਾਵਾਂ ਲਿਖੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਕਵਿਤਾਵਾਂ ਪੜ੍ਹ-ਪੜ੍ਹ, ਸੁਣ-ਸੁਣ ਕੇ ਅਸੀਂ ਵੱਡੇ ਹੋਏ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਪੰਜਾਬੀ ਮਾਂ ਬੋਲੀ ਨੂੰ ਬਹੁਤ ਵੱਡੀ ਦੇਣ ਹੈ।
ਇਸ ਮੌਕੇ ਭਗਵੰਤ ਮਾਨ ਨੇ ਸ਼ਾਇਰ ਗੁਰਭਜਨ ਸਿੰਘ ਗਿੱਲ ਦੀ ਰਚਨਾ ”ਆਪਣੀ ਜਾਚੇ ਤਾਂ ਦਰਿਆ ਵੱਡੇ ਘਰ ਜਾਂਦਾ ਹੈ, ਪਰ ਸਮੁੰਦਰ ਦੇ ਵਿੱਚ ਜਾ ਕੇ ਉਹ ਮਰ ਜਾਂਦਾ ਹੈ, ਗਰਦਣ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ।” ਪੜ੍ਹ ਕੇ ਇਸ ਅਜ਼ੀਮ ਸ਼ਾਇਰ ਪ੍ਰਤੀ ਆਪਣੀ ਮੁਹੱਬਤ ਪ੍ਰਗਟਾਵਾ ਕੀਤਾ।
ਸਿੰਬਲੀ (ਹੁਸ਼ਿਆਰਪੁਰ) ਵਿਖੇ ਚਿੱਟੀ ਬੇਈਂ ਵਿੱਚ ਪਾਣੀ ਛੱਡਣ ਸਮੇਂ ਮਾਣਯੋਗ ਮੁੱਖ ਮੰਤਰੀ ਨਾਲ ਉੱਘੇ ਸ਼ਾਇਰ ਗੁਰਭਜਨ ਸਿੰਘ ਗਿੱਲ, ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਕ੍ਰਿਸ਼ਨ ਸਿੰਘ ਰੋੜੀ, ਸੰਤ ਬਲਬੀਰ ਸਿੰਘ ਸੀਚੇਵਾਲ਼-ਮੈਂਬਰ ਰਾਜ ਸਭਾ ਅਤੇ ਸ੍ਰ. ਹਰਦੇਵ ਸਿੰਘ ਸਿੱਧੂ ਦੋਧਰ ਵੀ ਹਾਜ਼ਰ ਸਨ।

