ਸ਼ਾਇਰ ਗੁਰਭਜਨ ਸਿੰਘ ਗਿੱਲ ਨੇ ਆਪਣਾ ਤਾਜ਼ਾ ਛਪਿਆ ਗਜ਼ਲ ਸੰਗ੍ਰਹਿ ਅੱਖਰ ਅੱਖਰ ਲਾਇਬਰੇਰੀ ਨੂੰ ਕੀਤਾ ਭੇਟ
ਗਦਰੀ ਬਾਬਾ ਦੁੱਲਾ ਸਿੰਘ ਜੀ ਦੀ ਯਾਦ ਵਿੱਚ ਪਿੰਡ ਵਾਸੀਆਂ ਵੱਲੋਂ ਚਲਾਈ ਜਾ ਰਹੀ ਹੈ ਇਹ ਲਾਇਬਰੇਰੀ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 10 ਮਈ:


ਪੰਜਾਬੀ ਬੋਲੀ ਦੇ ਮਾਣਮੱਤੇ ਸ਼ਾਇਰ ਗੁਰਭਜਨ ਸਿੰਘ ਗਿੱਲ ਹੋਰਾਂ ਦੇ ਛਪੇ ਤਾਜ਼ਾ ਗਜ਼ਲ ਸੰਗ੍ਰਹਿ ਅੱਖਰ ਅੱਖਰ ਦੀ ਅੱਜ ਕੱਲ੍ਹ ਕਾਫੀ ਚਰਚਾ ਹੈ। ਸ੍ਰ. ਗੁਰਪ੍ਰੀਤ ਸਿੰਘ ਤੂਰ ਜਲਾਲਦੀਵਾਲ਼ (ਰਾਏਕੋਟ), ਲੁਧਿਆਣਾ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੀ ਲਾਇਬਰੇਰੀ ਦੇ ਇੰਚਾਰਜ ਨੂੰ ਉਨ੍ਹਾਂ ਆਪਣਾ ਤਾਜ਼ਾ ਗਜ਼ਲ ਸੰਗ੍ਰਹਿ ਅੱਖਰ ਅੱਖਰ ਭੇਟ ਕੀਤਾ। ਜ਼ਿਕਰਯੋਗ ਹੈ ਕਿ ਇਸ ਪਿੰਡ ਵਿੱਚ ਗਦਰੀ ਸੂਰਮੇ ਬਾਬਾ ਦੁੱਲਾ ਸਿੰਘ ਜੀ ਦੀ ਯਾਦ ਵਿੱਚ ਪਿੰਡ ਵਾਸੀਆਂ ਵੱਲੋਂ ਇੱਕ ਲਾਇਬਰੇਰੀ ਚਲਾਈ ਜਾ ਰਹੀ ਹੈ।
ਸ਼ਾਇਰ ਗੁਰਭਜਨ ਸਿੰਘ ਗਿੱਲ ਹੋਰਾਂ ਦੱਸਿਆ ਕਿ ਇਸ ਲਾਇਬਰੇਰੀ ਨੂੰ ਉਨ੍ਹਾਂ ਵੱਲੋਂ ਅਕਸਰ ਆਪਣੀਆਂ ਕਾਵਿ ਪੁਸਤਕਾਂ ਭੇਂਟ ਕੀਤੀਆਂ ਜਾਂਦੀਆਂ ਰਹੀਆਂ ਹਨ। ਹੁਣ ਉਨ੍ਹਾਂ ਆਪਣੇ ਤਾਜ਼ਾ ਗ਼ਜ਼ਲ ਸੰਗ੍ਰਹਿ ਅੱਖਰ ਅੱਖਰ ਨੂੰ ਵੀ ਇਸ ਪਿੰਡ ਦੀ ਲਾਇਬਰੇਰੀ ਦੇ ਇੰਚਾਰਜ ਨੂੰ ਭੇਟ ਕਰਕੇ ਪ੍ਰਸੰਨਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਦਾ ਝੁਕਾਅ ਪੁਸਤਕਾਂ ਪੜ੍ਹਨ ਵੱਲ ਹੋਣਾ ਅਤਿ-ਜ਼ਰੂਰੀ ਹੈ। ਇਸ ਕਾਰਜਾਂ ਨੂੰ ਕਰਨ ਲਈ ਅਜਿਹੀਆਂ ਪੇਂਡੂ ਲਾਇਬਰੇਰੀਆਂ ਦੀ ਭੂਮਿਕਾ ਸਲਾਹੁਣਯੋਗ ਹੈ।

