ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀ ਖਰੜ ਵਿਖੇ ਮਾਈਂਡਸਪਾਰਕ ਲੈਬ ਦਾ ਉਦਘਾਟਨ
ਚੰਡੀਗੜ੍ਹ 12 ਮਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀ ਖਰੜ ਵਿਖੇ ਮਾਈਂਡਸਪਾਰਕ ਲੈਬ ਦਾ ਉਦਘਾਟਨ ਕੀਤਾ। ਉਸ ਨੇ ਬੱਚਿਆਂ ਨੂੰ ਸਹੀ ਢੰਗ ਨਾਲ ਪੜ੍ਹਾਉਣ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਮਾਈਂਡਸਪਾਰਕ ਪ੍ਰੋਗਰਾਮ ਪੰਜਾਬ ਦੇ 102 ਸਕੂਲਾਂ ਵਿੱਚ ਚਲ ਰਿਹਾ ਹੈ, ਜਿਨ੍ਹਾਂ ਵਿੱਚੋਂ 15 ਸਕੂਲ ਮੋਹਾਲੀ ਵਿੱਚ ਹਨ। ਇਸ ਅਕਾਦਮਿਕ ਸੈਸ਼ਨ ਵਿੱਚ ਇਸ ਪ੍ਰੋਗਰਾਮ ਦਾ ਹੋਰ ਸਕੂਲਾਂ ਨੂੰ ਵੀ ਲਾਭ ਮਿਲੇਗਾ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪ੍ਰੋਗਰਾਮ ਉਨ੍ਹਾਂ ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗਾ ਜੋ ਆਪਣੀ ਕਲਾਸ ਦੇ ਢੁਕਵੇਂ ਸਿੱਖਣ ਪੱਧਰ ’ਤੇ ਨਹੀਂ ਹਨ।
ਮਾਈਂਡਸਪਾਰਕ ਪ੍ਰੋਗਰਾਮ ਦੀ ਸਟੇਟ ਹੈੱਡ ਸ਼੍ਰੀਮਤੀ ਪ੍ਰਿਆ ਸਿੰਘ ਨੇ ਦੱਸਿਆ ਕਿ ਮਾਈਂਡਸਪਾਰਕ ਇੱਕ ਏਆਈ-ਸਮਰੱਥ ਵਿਅਕਤੀਗਤ ਅਡੈਪਟਿਵ ਲਰਨਿੰਗ (ਪੀਏਐਲ) ਪਲੇਟਫਾਰਮ ਹੈ ਜੋ ਐਜੂਕੇਸ਼ਨਲ ਇਨੀਸ਼ੀਏਟਿਵ ਦੁਆਰਾ ਡਿਜ਼ਾਇਨ ਕੀਤਾ ਗਿਆ ਹੈ ਜੋ ਸਹੀ ਪੱਧਰ (ਟੀਆਰਐਲ) ’ਤੇ ਪੜ੍ਹਾਉਣ ’ਤੇ ਕੇਂਦਰਿਤ ਹੈ। ਮਾਈਂਡਸਪਾਰਕ ਵਿਦਿਆਰਥੀਆਂ ਵਿੱਚ ਸਿੱਖਣ ਦੇ ਅੰਤਰ ਨੂੰ ਘਟਾਉਂਦਾ ਹੈ ਅਤੇ ਇੱਕ ਤਾਜ਼ਾ ਅਧਿਐਨ ਨੇ ਇਹ ਸਥਾਪਿਤ ਕੀਤਾ ਹੈ ਕਿ ਮਾਈਂਡਸਪਾਰਕ ਦੀ ਨਿਯਮਤ ਵਰਤੋਂ ਨਾਲ ਇੱਕ ਸਾਲ ਦੇ ਅੰਦਰ ਸਿੱਖਣ ਵਿੱਚ ਸੁਧਾਰਾਂ ਵਿੱਚ 5 ਗੁਣਾ ਵਾਧਾ ਹੋ ਸਕਦਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਅਸ਼ਵਨੀ ਕੁਮਾਰ ਦੱਤਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਲਾਹੇਵੰਦ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਬਲਜਿੰਦਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਹੋਰ ਸਕੂਲ ਆਪਣੀਆਂ ਆਈ.ਸੀ.ਟੀ ਲੈਬਾਂ ਵਿੱਚ ਮਾਈਂਡਸਪਾਰਕ ਪ੍ਰੋਗਰਾਮ ਸ਼ੁਰੂ ਕਰਨਗੇ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੰਦੀਪ ਕੌਰ ਨੇ ਦੱਸਿਆ ਕਿ ਸਕੂਲ ਹੁਣ ਮੌਜੂਦਾ ਆਈ.ਟੀ ਬੁਨਿਆਦੀ ਢਾਂਚੇ ਤੋਂ ਇਲਾਵਾ 40 ਟੈਬਸ ਅਤੇ ਹੈੱਡਫੋਨਸ ਨਾਲ ਲੈਸ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਪ੍ਰੋਗਰਾਮ ਦਾ ਲਾਭ ਉਠਾ ਸਕਣ। ਸਕੂਲ ਪ੍ਰਬੰਧਕਾਂ ਨੇ ਇੱਕ ਵਿਸ਼ੇਸ਼ ਪਹਿਲਕਦਮੀ ਕੀਤੀ ਹੈ ਅਤੇ ਸਥਾਨਕ ਦਾਨੀਆਂ ਤੋਂ ਸਰੋਤ ਇਕੱਠੇ ਕੀਤੇ ਹਨ। ਪੂਰੀ ਲੈਬ ਦਾ ਨਵੀਨੀਕਰਨ ਕੀਤਾ ਗਿਆ ਹੈ। ਸਕੂਲ ਦੀ ਅਧਿਆਪਕ ਸ਼੍ਰੀਮਤੀ ਅੰਜੂ ਨੇ ਆਪਣਾ ਅਨੁਭਵ ਸਾਂਝਾ ਕੀਤਾ। ਉਸਨੇ ਕਿਹਾ ਕਿ ਮਾਈਂਡਸਪਾਰਕ ਡੈਸ਼ਬੋਰਡ ਅਧਿਆਪਕਾਂ ਨੂੰ ਉਹਨਾਂ ਦੀਆਂ ਪਾਠ ਯੋਜਨਾਵਾਂ ਨੂੰ ਬਿਹਤਰ ਢੰਗ ਨਾਲ ਤਿਆਰ ਕਰਨ ਵਿੱਚ ਮਦਦ ਕਰਦਾ ਹੈ।

