ਸ਼ਹੀਦ ਡਾ. ਦੀਵਾਨ ਸਿੰਘ ਕਾਲ਼ੇਪਾਣੀ ਮਿਊਜ਼ੀਅਮ ਵਿਖੇ ਹੋਈ ਸਾਹਿਤਕ ਮੰਚ ਖਰੜ ਦੀ ਇੱਕਤਰਤਾ
ਹਾਜ਼ਰ ਸਾਹਿਤਕਾਰਾਂ ਵੱਲੋਂ ਪੜ੍ਹੀਆਂ ਗਈਆਂ ਰਚਨਾਵਾਂ ਤੇ ਨਿੱਠ ਕੇ ਹੋਈ ਵਿਚਾਰ ਚਰਚਾ
ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਮਈ:


ਸਾਹਿਤਕ ਮੰਚ ਖਰੜ ਵੱਲੋਂ ਮਹੀਨਾਵਾਰ ਇਕੱਤਰਤਾ ਸਿਸਵਾਂ-ਬੱਦੀ ਸੜਕ ਤੇ ਸਥਿਤ ਸ਼ਹੀਦ ਡਾ. ਦੀਵਾਨ ਸਿੰਘ ਕਾਲ਼ੇਪਾਣੀ ਮਿਊਜ਼ੀਅਮ ਵਿਖੇ ਕੀਤੀ ਗਈ, ਜਿਸ ਦੀ ਪ੍ਰਧਾਨਗੀ ਮੰਚ ਦੇ ਸਰਪ੍ਰਸਤ ਸਤਨਾਮ ਸਿੰਘ ਸ਼ੋਕਰ ਹੋਰਾਂ ਕੀਤੀ। ਇਸ ਇਕੱਤਰਤਾ ਵਿੱਚ ਸਰੂਪ ਸਿਆਲ਼ਵੀ, ਹਰਨਾਮ ਸਿੰਘ ਡੱਲਾ, ਤਰਸੇਮ ਬਸ਼ਰ, ਇੰਦਰਜੀਤ ਪ੍ਰੇਮੀ, ਜਸਬੀਰ ਸਿੰਘ ਢਿੱਲੋਂ ਦਾਵਰ, ਸੁਰਜੀਤ ਸੁਮਨ, ਜਸਬੀਰ ਸਿੰਘ ਮਹਿਰਾ, ਗੋਰਾ ਹੁਸ਼ਿਆਰਪੁਰੀ, ਨਛੱਤਰ ਸਿੰਘ ਸਿੱਧੂ, ਬਲਵਿੰਦਰ ਸਿੰਘ ਅਤੇ ਸੁਖਪਾਲ ਸਿੰਘ ਨੇ ਭਾਗ ਲਿਆ। ਸੁਖਪਾਲ ਸਿੰਘ ਨੇ ਹਾਜ਼ਰ ਲੇਖਕਾਂ ਨੂੰ ਸ਼ਹੀਦ ਡਾ. ਦੀਵਾਨ ਸਿੰਘ ਕਾਲ਼ੇਪਾਣੀ ਬਾਰੇ ਜਾਣੂੰ ਕਰਵਾਇਆ ਗਿਆ। ਉਨ੍ਹਾਂ ਦੀ ਸ਼ਹੀਦੀ, ਉਨ੍ਹਾਂ ਵੱਲੋਂ ਰਚੇ ਗਏ ਸਾਹਿਤ ਅਤੇ ਇਸ ਮਿਊਜ਼ੀਅਮ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ ਗਈ। ਕੁਦਰਤ ਦੀ ਗੋਦ ਵਿੱਚ ਉਸਾਰੇ ਗਏ ਇਸ ਮਹਾਨ ਸ਼ਹੀਦ ਦੇ ਯਾਦਗਾਰੀ ਮਿਊਜ਼ੀਅਮ ਅਤੇ ਸਾਹਿਤ ਤੋਂ ਅਜੋਕੀ ਪੀੜ੍ਹੀ ਨੂੰ ਬਹੁਤ ਸਿੱਖਣ ਅਤੇ ਸਮਝਣ ਦੀ ਜ਼ਰੂਰਤ ਹੈ।
ਸਭ ਤੋਂ ਪਹਿਲਾਂ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਰਹੀ ਤਰਸੇਮ ਬਸ਼ਰ ਦੀ ਕਹਾਣੀ ਦਬਦਬਾ ‘ਤੇ ਇਸੇ ਨਾਂ ਨਾਲ਼ ਬਣੀ ਸਾਹਿਤਕ ਲਘੂ ਫਿਲਮ ਦਬਦਬਾ ਬਾਰੇ ਚਰਚਾ ਹੋਈ। ਚਰਚਾ ਵਿੱਚ ਇਹ ਗੱਲ ਸਾਹਮਣੇ ਆਈ ਕਿ ਜੇਕਰ ਸਾਹਿਤਕ ਕਹਾਣੀਆਂ ਤੇ ਫਿਲਮਾਂ ਬਣਾਈਆਂ ਜਾਣ ਤਾਂ ਦਰਸ਼ਕਾਂ ਵੱਲੋਂ ਭਰਪੂਰ ਹੁੰਘਾਰਾ ਮਿਲਣਾ ਤਹਿ ਹੈ। ਇਸ ਫਿਲਮ ਦੀ ਟੀਮ ਵਿੱਚ ਸ਼ਾਮਿਲ ਰਮੇਸ਼ ਰਾਮਪੁਰਾ ਤੇ ਗੁਰ ਰੰਧਾਵਾ ਦੀ ਸਮੁੱਚੀ ਟੀਮ ਨੂੰ ਮੁਬਾਰਕ ਦਿੱਤੀ। ਇਕੱਤਰਤਾ ਵਿੱਚ ਵਿਦਵਾਨ ਲੇਖਕਾਂ ਵੱਲੋਂ ਇਸ ਫਿਲਮ ਦੇ ਤਕਨੀਕੀ ਪੱਖ ਨੂੰ ਵੀ ਛੋਹਿਆ ਗਿਆ।
ਸਾਹਿਤਕ ਦੌਰ ਵਿੱਚ ਗੋਰਾ ਹੁਸ਼ਿਆਰਪੁਰੀ ਵੱਲੋਂ ਗੀਤ ਨਾਮਦਾਨ ਸੁਣਾਇਆ ਗਿਆ। ਜਸਬੀਰ ਸਿੰਘ ਢਿੱਲੋਂ ਦਾਵਰ ਵੱਲੋਂ ਰਜਵਾੜਾਸ਼ਾਹੀ ਦੇ ਸਮਿਆਂ ਦੀ ਬਾਤ ਪਾਉਂਦੀ ਪ੍ਰਭਾਵਸ਼ਾਲੀ ਲੰਬੀ ਕਵਿਤਾ ਪੇਸ਼ ਕੀਤੀ ਗਈ। ਇਸ ਰਚਨਾ ਵਿੱਚੋਂ ਅੱਜ ਵੀ ਰਜਵਾੜਾਸ਼ਾਹੀ ਦੀ ਆਉਂਦੀ ਦੁਰਗੰਧ ਦੀ ਝਲਕ ਸਾਫ ਦਿਖਾਈ ਦਿੱਤੀ। ਸਰੂਪ ਸਿਆਲ਼ਵੀ ਨੇ ਕਹਾਣੀ ਨੇੜਿਉਂ ਨੇੜੇ ਦੂਰੋਂ ਦੂਰ ਸੁਣਾਈ। ਹਰਨਾਮ ਸਿੰਘ ਡੱਲਾ ਹੋਰਾਂ ਵਿਅੰਗਮਈ ਗ਼ਜ਼ਲ ਸੋਚ ਸਮਝ ਦੇ ਪਾਵੀਂ ਵੋਟ ਮੀਆਂ ਸੁਣਾਈ। ਇੰਦਰਜੀਤ ਪ੍ਰੇਮੀ ਹੋਰਾਂ ਹਾਕੀ ਕਮੈਂਟੇਟਰ-ਜਸਦੇਵ ਸਿੰਘ ਬਾਰੇ ਰੇਖਾ ਚਿੱਤਰ ਪੜ੍ਹ ਕੇ ਸੁਣਾਇਆ। ਸਤਨਾਮ ਸਿੰਘ ਸ਼ੋਕਰ ਨੇ ਨਿੱਕੀ ਕਹਾਣੀ ਭੰਡਾਰਾ ਸੁਣਾਈ। ਇਸੇ ਤਰ੍ਹਾਂ ਸੁਰਜੀਤ ਸੁਮਨ ਨੇ ਗੀਤ ਸੁਣਾਇਆ।
ਇਸ ਇਕੱਤਰਤਾ ਵਿੱਚ ਹਾਜ਼ਰ ਸਾਹਿਤਕਾਰਾਂ ਵੱਲੋਂ ਪੜ੍ਹੀਆਂ/ ਸੁਣਾਈਆਂ ਗਈਆਂ ਰਚਨਾਵਾਂ ਉਤੇ ਨਿੱਠ ਕੇ ਉਸਾਰੂ ਵਿਚਾਰ ਵਟਾਂਦਰਾ ਹੋਇਆ। ਵਿਦਵਾਨ ਲੇਖਕਾਂ ਵੱਲੋਂ ਇਨ੍ਹਾਂ ਰਚਨਾਵਾਂ ਬਾਰੇ ਆਪਣੇ ਵੱਡਮੁੱਲੇ ਸੁਝਾਅ ਵੀ ਦਿੱਤੇ ਗਏ ਅਤੇ ਭਾਸ਼ਾਈ ਪੱਖ ਨੂੰ ਵੀ ਛੋਹਿਆ ਗਿਆ। ਮੰਚ ਸੰਚਾਲਨ ਸੁਰਜੀਤ ਸੁਮਨ ਵੱਲੋਂ ਕੀਤਾ ਗਿਆ ਅਤੇ ਅੰਤ ਵਿੱਚ ਸਤਨਾਮ ਸਿੰਘ ਸ਼ੋਕਰ ਵੱਲੋਂ ਆਏ ਲੇਖਕਾਂ ਦਾ ਧੰਨਵਾਦ ਕੀਤਾ ਗਿਆ।

