ਜਸਵਿੰਦਰ ਸਿੰਘ ਕਾਈਨੌਰ ਦੀ ਪੁਸਤਕ ‘ਇੰਡੀਅਨ ਕਲਚਰ ਐਂਡ ਰਿਚੂਅਲਜ਼’ ਰਿਲੀਜ਼
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 27 ਮਈ:
ਜਸਵਿੰਦਰ ਸਿੰਘ ਕਾਈਨੌਰ ਦੀ ਪੁਸਤਕ ‘ਇੰਡੀਅਨ ਕਲਚਰ ਐਂਡ ਰਿਚੂਅਲਜ਼’ ਇੱਥੇ ਸੈਂਟਰਲ ਸਟੇਟ ਲਾਇਬ੍ਰੇਰੀ ਵਿੱਚ ਰਿਲੀਜ਼ ਕੀਤੀ ਗਈ
ਬੀਤੇ ਦਿਨੀਂ ਟੀ.ਐਸ.ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਚੰਡੀਗੜ੍ਹ ਅਤੇ ਸਾਹਿਤਕ ਸੱਥ ਖਰੜ ਦੇ ਸਾਂਝੇ ਸਹਿਯੋਗ ਨਾਲ ਚੰਡੀਗੜ੍ਹ ਲਾਇਬ੍ਰੇਰੀ ’ਚ ਰੱਖੇ ਗਏ ਪ੍ਰੋਗਰਾਮ ’ਚ ਸਾਹਿਤਕਾਰ ਜਸਵਿੰਦਰ ਸਿੰਘ ਕਾਈਨੌਰ (ਹੁਣ ਖਰੜ ਨਿਵਾਸੀ) ਦੀ ਪੁਸਤਕ ‘ਇੰਡੀਅਨ ਕਲਚਰ ਐਂਡ ਰਿਚੂਅਲਜ਼’ ਰਿਲੀਜ਼ ਕੀਤੀ ਗਈ। ਸਮਾਗਮ ਦੇ ਸ਼ੁਰੂ ‘ਚ ਸ਼੍ਰੀਮਤੀ ਨੀਲਮ ਬਾਂਸਲ ਲਾਇਬ੍ਰੇਰੀ ਇੰਚਾਰਜ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ।


ਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਮੁੱਖ ਮਹਿਮਾਨ ਜਗਮੋਹਨ ਸਿੰਘ ਕੰਗ, ਸਾਬਕਾ ਕੈਬਨਿਟ ਮੰਤਰੀ ਅਤੇ ਵਿਸ਼ੇਸ਼ ਮਹਿਮਾਨ ਸ਼੍ਹੀ ਸੰਜੀਵ ਦੋਸਾਝ, ਆਈ.ਬੀ.ਪੀ.ਐਸ ਵਲੋਂ ਸਾਂਝੇ ਤੋਰ ਤੇ ਨਿਭਾਈ ਗਈ। ਲੇਖਕ ਨੇ ਇਸ ਪੁਸਤਕ ਵਿੱਚ ਭਾਰਤੀ ਸੰਸਕ੍ਰਿਤੀ ਅਤੇ ਰੀਤੀ-ਰਿਵਾਜਾਂ, ਜਿਵੇਂ ਕਿ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾ, ਜਾਤੀਵਾਦ, ਧਰਮ, ਧਾਰਮਿਕ ਗ੍ਰੰਥ, ਪੂਜਾ ਵਿਧੀਆਂ, ਖੇਤੀਬਾੜੀ, ਭਾਸ਼ਾਵਾਂ, ਭੋਜਨ, ਪਹਿਰਾਵੇ, ਵਿਸ਼ਵਾਸਾਂ ਤੇ ਅੰਧਵਿਸ਼ਵਾਸ, ਬੱਚੇ ਦਾ ਜਨਮ, ਵਿਆਹ ਸੱਭਿਆਚਾਰ, ਮੌਤ ਤੋਂ ਬਾਅਦ ਦੀਆਂ ਰਸਮਾਂ ਆਦਿ ਨਾਲ ਸੰਬੰਧਤ ਵਿਸ਼ਿਆਂ ਨੂੰ ਅੰਗਰੇਜ਼ੀ ਦੀ ਸਰਲ ਭਾਸ਼ਾ ਵਿੱਚ ਕਵਰ ਕੀਤਾ ਹੈ ਤਾਂ ਜੋ ਕੇਵਲ ਭਾਰਤ ਦੇ ਹੀ ਨਹੀਂ ਬਲਕਿ ਦੂਸਰੇ ਦੇਸ਼ਾਂ ਦੇ ਪਾਠਕ ਵੀ ਭਾਰਤੀ ਸੰਸਕ੍ਰਿਤੀ ਅਤੇ ਰਸਮਾਂ ਬਾਰੇ ਜਾਣ ਸਕਣ। ਇਸ ਮੌਕੇ ’ਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਆਪਣੇ ਭਾਸ਼ਨ ਦੌਰਾਨ ਕਿਹਾ ਕਿ ਇਹ ਕਿਤਾਬ ਕਾਫੀ ਮਿਹਨਤ ਨਾਲ ਲਿਖੀ ਗਈ ਲੱਗਦੀ ਹੈ। ਲੇਖਕ ਨੇ ਹਰ ਪੱਖ ਦਾ ਧਿਆਨ ਰੱਖਿਆ ਹੈ। ਇਸ ਵਿਸ਼ੇ ਦੇ ਜ਼ਰੀਏ ਗਾਗਰ ਵਿੱਚ ਸਾਗਰ ਭਰਨ ਦੇ ਬਰਾਬਰ ਹੈ। ਇਹ ਲੇਖਕ ਦੀ ਮਿਹਨਤ ਦਾ ਨਤੀਜਾ ਹੈ। ਲੇਖਕ ਵਧਾਈ ਦਾ ਹੱਕਦਾਰ ਹੈ। ਇਹ ਕਿਤਾਬ ਭਾਰਤ ਦੀ ਸੰਸਕ੍ਰਿਤੀ ਅਤੇ ਪ੍ਰਚੱਲਤ ਰੀਤੀ ਰਿਵਜਾਂ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ।
ਵਿਸ਼ੇਸ਼ ਮਹਿਮਾਨ ਸ਼੍ਰੀ ਸੰਜੀਵ ਦੋਸਾਝ ਨੇ ਕਿਹਾ ਕਿ ਜਸਵਿੰਦਰ ਸਿੰਘ ਕਾਈਨੌਰ ਦੀ ਇਹ ਕਿਤਾਬ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਨ ਬਣੇਗੀ।ਇਸ ਕਿਤਾਬ ਬਾਰੇ ਡਾ. ਨੀਜ਼ਾ ਸਿੰਘ, ਸ਼੍ਰੀ ਪ੍ਰੀਤਮ ਰੁਪਾਲ ਅਤੇ ਗਿਆਨੀ ਗੁਰਮੀਤ ਸਿੰਘ ਖਰੜ ਨੇ ਆਪਣੇ ਪਰਚੇ ਪੜ੍ਹਦਿਆਂ ਕਿਹਾ ਕਿ ਇਸ ਕਿਤਾਬ ਦੇ ਜ਼ਰੀਏ ਲੇਖਕ ਨੇ ਭਾਰਤ ਦੀ ਸੰਸਕ੍ਰਿ਼ਤੀ ਤੇ ਰੀਤੀ ਰਿਵਾਜਾਂ ਅਤੇ ਧਰਮਾਂ ਦੀ ਮਹੱਤਤਾ ਬਾਰੇ ਵਧੀਆ ਲਿਖਿਆ ਹੈ। ਲੇਖਕ ਦੀ ਲਿਖਣ ਸ਼ੈਲੀ ਬਹੁਤ ਵਧੀਆ ਹੈ। ਲੇਖਕ ਆਪਣੇ ਪ੍ਰਚੱਲਿਤ ਭਾਰਤੀ ਸੱਭਿਆਚਾਰ ਨੂੰ ਦਰਸਾਉਣ ’ਚ ਸਫਲ ਹੋਇਆ ਹੈ। ਇੱਥੇ ਵਰਣਨ ਯੋਗ ਹੈ ਕਿ ਲੇਖਕ ਨੇ ਪਹਿਲਾਂ ਵੀ ਪੰਜਾਬੀ ਸੱਭਿਆਚਾਰ ਤੇ ਰੀਤੀ ਰਿਵਾਜ ਅਤੇ 9 ਹੋਰ ਲੇਖ, ਕਵਿਤਾ ਅਤੇ ਕਹਾਣੀਆਂ ਦੀਆਂ ਕਿਤਾਬਾਂ ਹੋਰ ਲੇਖਕਾਂ ਨਾਲ ਮਿਲਕੇ ਲਿਖੀਆਂ ਹਨ।
ਇਸ ਸਮਾਗਮ ਦੇ ਸ਼ੁਰੂ ’ਚ ਗਾਇਕ ਗੁਰਦਾਸ ਸਿੰਘ ਦਾਸ ਵਲੋਂ ਤੂੰਬੀ ਨਾਲ ਇੱਕ ਗੀਤ ਪੇਸ਼ ਕੀਤਾ ਗਿਆ। ਇਸ ਭਰਵੇਂ ਸਮਾਗਮ ’ਚ ਹੋਰਨਾਂ ਤੋਂ ਇਲਾਵਾ ਪ੍ਰੋ. (ਡਾ.) ਮੋਨਿਕਾ ਐਮ ਸਿੰਘ, ਪ੍ਰੀਤਮ ਰੁਪਾਲ, ਰਮਜੀਤ ਰੁਪਾਲ, ਨੀਲਮ ਬਾਂਸਲ, ਧਿਆਨ ਸਿੰਘ ਕਾਹਲੋਂ, ਸਤਬੀਰ ਕੌਰ, ਗੁਰਦਰਸ਼ਨ ਸਿੰਘ ਮਾਵੀ, ਕ੍ਰਿਸ਼ਨ ਰਾਹੀ, ਹਾਕਮ ਸਿੰਘ, ਬਲਦੇਵ ਸਿੰਘ ਬੁਰਜਾਂ, ਸੁਮਿੱਤਰ ਸਿੰਘ ਦੋਸਤ, ਕੇਸਰ ਸਿੰਘ ਇੰਸਪੈਕਟਰ, ਗੁਰਸ਼ਰਨ ਸਿੰਘ ਕਾਕਾ, ਬਲਵਿੰਦਰ ਸਿੰਘ ਢਿੱਲੋਂ, ਬਹਾਦਰ ਸਿੰਘ ਗੋਸਲ, ਭੁਪਿੰਦਰ ਭਾਗੋਮਾਜਰਾ, ਸਿਕੰਦਰ ਸਿੰਘ, ਕਿਰਪਾਲ ਸਿੰਘ, ਅਜੈਬ ਸਿੰਘ ਸੁਹਾਵੀ, ਹਰਜਿੰਦਰ ਗੋਪਾਲੋਂ, ਰਣਜੀਤ ਕੌਰ ਬੇਦੀ, ਰਣਜੀਤ ਕੌਰ ਕਾਈਨੌਰ, ਗੁਰਦਾਸ ਸਿੰਘ ਦਾਸ, ਪੁਸ਼ਪਿੰਦਰ ਦੀਪ ਸਿੰਘ ਖੇੜੀ, ਸਪੈਸ਼ਲ ਐਜੂਕੇਟਰ ਅਮਨਦੀਪ ਕੌਰ, ਕ੍ਰਿਸ਼ਨ ਬਾਂਸਲ, ਸੁਦੇਸ਼ ਕੁਮਾਰ ਗੁਪਤਾ, ਬਲਜੀਤ ਸਿੰਘ ਦਤਾਰਪੁਰੀ, ਪ੍ਰੀਤ ਮੋਹਿੰਦਰ ਸਿੰਘ ਬੇਦੀ, ਊਸ਼ਾ ਭਟੋਏ, ਦਲਬਾਰਾ ਸਿੰਘ ਲਾਂਬਾ, ਛਿੰਦਰ ਪਾਲ ਕੌਰ, ਮੋਹਿਤ ਬੈਂਸ, ਗੁਰਮਿੰਦਰ ਗੁਮੀ, ਸੋਹਨ ਸਿੰਘ, ਰਣਜੀਤ ਸਿੰਘ, ਧਰਮਵੀਰ ਆਰੀਆ ਅਤੇ ਜ਼ੋਰਾਵਰ ਸਿੰਘ ਬੇਦੀ ਆਦਿ ਹਾਜ਼ਿਰ ਸਨ। ਮੰਚ ਸੰਚਾਲਨ ਦੀ ਕਾਰਵਾਈ ਸਾਹਿਤਕਾਰ ਪਿਆਰਾ ਸਿੰਘ ਰਾਹੀ ਵੱਲੋਂ ਬਾਖੂਬੀ ਨਿਭਾਈ ਗਈ।
ਪੇਸ਼ਕਸ਼: ਪਿਆਰਾ ਸਿੰਘ ਰਾਹੀ, ਜਨਰਲ ਸਕੱਤਰ-ਸੰਪਰਕ 94638-37388

