ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਜੂਨ:
ਫਿਰ ਕੌਣ ਹੈ ਇਹ ਪ੍ਰਿਯੰਕਾ – ਇਕ ਪ੍ਰੇਮ ਕਥਾ/ ਜੇ. ਐੱਸ.ਮਹਿਰਾ
ਸੰਨ 2006 ਵਿੱਚ ਕਾਲਜ ਦੇ ਦਿਨਾਂ ਦੌਰਾਨ ਮੇਰੇ ਸਭ ਦੋਸਤਾਂ ਕੋਲ ਨੋਕੀਆ ਦੇ ਵਧੀਆ ਮੋਬਾਈਲ ਫੋਨ ਹੁੰਦੇ ਸਨ। ਮੋਬਾਈਲ ਹੀ ਨਹੀਂ ਉਨ੍ਹਾਂ ਦੀਆਂ ਗਰਲਫਰੈਂਡਾਂ ਵੀ ਹੁੰਦੀਆਂ ਸਨ। ਜਦੋਂ ਵੀ ਵਿਹਲਾ ਸਮਾਂ ਹੁੰਦਾ ਤਾਂ ਉਹ ਆਪਣੀਆਂ-ਆਪਣੀਆਂ ਗਰਲਫਰੈਂਡਾਂ ਨਾਲ ਗੱਲਾਂ ਕਰਦੇ ਰਹਿੰਦੇ ਤੇ ਮੈਨੂੰ ਮਜ਼ਾਕ ਕਰਦੇ ਹੋਏ ਕਹਿੰਦੇ, ”ਓਏ ! ਟਿੱਡਿਆ ਜਿਹਾ ਤੂੰ ਵੀ ਟਿਕਾ ਲੈ ਕੋਈ।”
ਮੈਂ ਵਿਚਾਰਾ ਦੇਸੀ ਜਿਹਾ ਬੰਦਾ ਸਾਇਕਲ ‘ਤੇ ਚੰਡੀਗੜ੍ਹ ਪੜ੍ਹਨ ਜਾਣਾ। ਬੱਸ ਦਾ ਕਿਰਾਇਆ ਵੀ ਨਾ ਹੋਣਾ। ਮੋਬਾਇਲ ਅਤੇ ਗਰਲਫਰੈਂਡ ਤਾਂ ਦੂਰ ਦੀ ਗੱਲ। ਚਲੋ ਫਿਰ ਵੀ ਦੋਸਤਾਂ ਦੇ ਵਾਰ-ਵਾਰ ਚਿੜਾਉਣ ‘ਤੇ ਮੈਂ ਨੋਕੀਆ ਦਾ ਕੈਮਰੇ ਵਾਲਾ ਪੁਰਾਣਾ ਜਿਹਾ ਫੋਨ ਲੈ ਲਿਆ। ਏਅਰਟੈੱਲ ਕੰਪਨੀ ਦਾ ਮੇਰਾ ਸਭ ਤੋਂ ਪਹਿਲਾ ਮੋਬਾਈਲ ਨੰਬਰ 98729 34558 ਸੀ। ਇਹ ਮੋਬਾਈਲ ਤਾਂ ਮੈਂ ਲੈ ਲਿਆ ਸੀ, ਪਰ ਹੁਣ ਉਸ ਕੁੜੀ ਨੂੰ ਕਿਥੋਂ ਲੱਭ ਕੇ ਲਿਆਉਂਦਾ ਜੋ ਮੇਰੇ ਖ਼ਿਆਲਾਂ ਵਿਚ ਹੀ ਵਸੀ ਹੋਈ ਸੀ। ਮੇਰੀ ਕਲਪਨਾ ਵਿਚ ਸੀ ਤੇ ਜਿਸ ਦੀ ਕਲਪਨਾ ਕਰਦਿਆਂ ਮੈਂ ਅਪਣੀ ਇਸ ਕਵਿਤਾ ਦੀਆਂ ਤੁਕਾਂ ਗੁਣਗੁਣਾਉਂਦਾ ਰਹਿੰਦਾ ਸੀ;


ਇੱਕ ਕੁੜੀ ਹਵਾ ਦੇ ਝੋਂਕੇ ਵਰਗੀ
ਸਾਦੇ ਕੱਪੜੇ ਪਾਉਂਦੀ ਹੈ
ਜਦ ਮੈਂ ਖੌਵਾਂ ਵਿੱਚ ਖਿਆਲਾਂ
ਸਾਹਵੇਂ ਮੇਰੇ ਆਉਂਦੀ ਹੈ।
ਨਾ ਗੋਰੀ ਹੈ ਨਾ ਕਾਲੀ ਹੈ
ਉਹਦੀ ਸ਼ਕਲ ਤਾਂ ਭੋਲੀ ਭਾਲੀ ਹੈ
ਉਹਦੀ ਤੋਰ ਬੜੀ ਮਤਵਾਲੀ ਹੈ
ਮੋਰਾਂ ਵਾਂਗੂੰ ਪੈਲਾਂ ਪਾਉਂਦੀ
ਜਦ ਮੈਂ ਖੌਵਾਂ ਵਿੱਚ ਖਿਆਲਾਂ
ਸਾਹਮਣੇ ਮੇਰੇ ਆਉਂਦੀ ਹੈ।
ਤੇ ਜਿਸ ਦੇ ਇੰਤਜ਼ਾਰ ‘ਚ
ਮੈਂ ਹਾਂ ਲਿਖਦਾ
ਇਕ ਦਿਨ ਆਵੇਗਾ
ਜਦੋਂ ਮੇਰੀ ਮੰਜ਼ਿਲ
ਜਦੋਂ ਮੇਰੀ ਤਲਾਸ਼
ਜਿਸ ਦੇ ਸਹਾਰੇ ਚੱਲ ਰਹੇ ਨੇ
ਯਾਰੋ ਮੇਰੇ ਸਵਾਸ
ਖ਼ੁਦ ਚੱਲ ਕੇ ਆਵੇਗੀ ਓਹ
ਇੱਕ ਦਿਨ ਮੇਰੇ ਪਾਸ
ਉਹ ਇੱਕ ਦਿਨ ਆਵੇਗਾ।
ਉਸ ਸਮੇਂ ਏਅਰਟੈੱਲ ਕੰਪਨੀ ਦੇ ਸਿੰਮਾਂ ਵਿੱਚ ਇਹ ਸੁਵਿਧਾ ਵੀ ਹੁੰਦੀ ਸੀ ਕਿ ਤੁਸੀਂ ਇੱਕ ਕੋਡ ਆਪਣੇ ਮੋਬਾਈਲ ਨੰਬਰ ਤੋਂ ਡਾਇਲ ਕਰੋ ਤਾਂ ਤੁਹਾਨੂੰ ਤੁਹਾਡੇ ਹੀ ਨੰਬਰ ਤੋਂ ਕਾਲ ਆ ਜਾਵੇਗੀ। ਕੋਡ ਕੁਝ ਇਸ ਤਰ੍ਹਾਂ ਦਾ ਸੀ ਜੋ ਹੁਣ ਮੇਰੇ ਬਹੁਤਾ ਕੁੱਝ ਯਾਦ ਨਹੀਂ ਪ; ਸ਼ਾਇਦ *140*123# ਸੀ। ਉਂਝ ਅੱਜ-ਕੱਲ੍ਹ ਇਹ ਸੁਵਿਧਾ ਬੰਦ ਹੋ ਗਈ ਹੈ।
ਇੱਕ ਦਿਨ ਮੈਂ ਇੱਕ ਮੈਗਜ਼ੀਨ ਵਿੱਚ ਕਿਸੇ ਕੁੜੀ ਦੀ ਤਸਵੀਰ ਦੇਖੀ ਜੋ ਕਾਲਪਨਿਕ ਸੀ। ਮੈਂ ਉਸ ਦੀ ਫੋਟੋ ਖਿੱਚ ਲਈ ਤੇ ਆਪਣੇ ਮੋਬਾਈਲ ਵਿੱਚ ਆਪਣਾ ਹੀ ਮੋਬਾਇਲ ਨੰਬਰ ਭਰ ਕੇ ਪ੍ਰਿਯੰਕਾ ਨਾਮ ਹੇਠ ਇਹ ਫੋਟੋ ਸੇਵ ਕਰ ਦਿਤੀ। ਹੁਣ ਮੈ ਆਪਣੇ ਮੋਬਾਇਲ ਨੰਬਰ ਤੋਂ ਇਹ ਕੋਡ ਡਾਇਲ ਕਰਦਾ ਤੇ ਮੈਨੂੰ ਮੇਰੇ ਹੀ ਨੰਬਰ ‘ਤੇ ਕੁਝ ਹੀ ਸੈਕਿੰਡਾਂ ਵਿੱਚ ਕਾਲ ਆ ਜਾਂਦੀ। ਮੈਂ ਆਪਣੇ ਦੋਸਤਾਂ ਸਾਹਮਣੇ ਗੱਲਾਂ ਕਰਨ ਦਾ ਡਰਾਮਾ ਕਰਦਾ ਹੋਇਆ ਪਰਾਂ ਨੂੰ ਖਿਸਕ ਲੈਂਦਾ। ਮੇਰੇ ਦੋਸਤ ਮੇਰੀਆਂ ਤਰਲੇ-ਮਿੰਨਤਾਂ ਕਰਦੇ ਮੇਰੇ ਪਿੱਛੇ-ਪਿੱਛੇ ਭੱਜੇ ਆਉਂਦੇ ਤੇ ਕਹਿੰਦੇ “ਯਾਰ ਗੱਲ ਤਾਂ ਕਰਵਾ ਦੇ ਭਰਜਾਈ ਨਾਲ। ਗੱਲ ਨਹੀਂ ਕਰਵਾੳਣੀ ਤਾਂ ਫੋਟੋ ਹੀ ਦਿਖਾ ਦੇ।” ਮੈਂ ਝੱਟ ਮੋਬਾਈਲ ਵਿਚੋਂ ਉਹ ਫੋਟੋ ਕੱਢ ਕੇ ਦਿਖਾ ਦਿੰਦਾ।
ਹੁਣ ਮੈਂ ਉਲਟਾ ਆਪਣੇ ਦੋਸਤਾਂ ਨੂੰ ਚਿੜਾਉਂਦਾ ਹੋਇਆ ਕਹਿੰਦਾ “ਆਹ ਵੇਖ ਲਓ ਤੁਹਾਡੇ ਵਾਲੀਆਂ ਤਾਂ ਕੇਵਲ ਮਿੱਸ-ਕਾਲਾਂ ਹੀ ਮਾਰਦੀਆਂ ਨੇ, ਮੇਰੇ ਵਾਲੀ ਤਾਂ ਮੇਰੇ ਮਿਸ ਕਾਲ ਮਾਰਨ ‘ਤੇ ਖੁਦ ਫੋਨ ਕਰ ਲੈਂਦੀ ਹੈ।” ਕਾਲਜ ਦਾ ਵਕਤ ਗੁਜ਼ਰਿਆਂ ਅੱਜ ਲਗਪਗ ਡੇਢ ਦਹਾਕਾ ਹੋ ਚੁੱਕਿਆ ਹੈ ਪਰ ਮੇਰੇ ਦੋਸਤਾਂ ਨੂੰ ਮੇਰੀ ਗਰਲਫਰੈਂਡ ਦਾ ਅੱਜ ਪਤਾ ਲਗਦਾ ਹੈ। ਫਿਰ ਜਦੋਂ ਉਨ੍ਹਾਂ ਨੂੰ ਪਤਾ ਚਲਿਆ ਕਿ ਮੇਰੀ ਘਰਵਾਲੀ ਦਾ ਨਾਮ ਹੀ ਪ੍ਰਿਯੰਕਾ ਹੈ ਤੇ ਉਹ ਕਹਿੰਦੇ “ਬਾਈ ਤੂੰ ਤਾਂ ਬਾਜ਼ੀ ਮਾਰ ਗਿਆ।”
ਜਦੋਂ ਕਿ ਮੈਨੂੰ ਉਨ੍ਹਾਂ ਦੀਆਂ ਗਰਲਫਰੈਂਡਾਂ ਬਾਰੇ ਉਦੋਂ ਹੀ ਪਤਾ ਚੱਲ ਗਿਆ ਸੀ ਕਿ ਕਿਸ ਦੀ ਕੌਣ ਹੈ? ਪਰ ਜੋ ਪ੍ਰਿਯੰਕਾ ਹੈ ਹੀ ਨਹੀਂ ਸੀ, ਉਹ ਕਿੱਥੋਂ ਆਈ? ਮੈਨੂੰ ਵੀ ਇਹ ਉਦੋਂ ਹੀ ਪਤਾ ਚੱਲਿਆ, ਜਦੋਂ ਮੇਰੀ ਚੇਤਨਾ ਜਾਗੀ। ਇਸ ਲਈ ਜੇ ਤੁਸੀਂ ਵੀ ਮੇਰੀ ਇਸ ਰਹੱਸਮਈ ਪ੍ਰੇਮ ਕਥਾ ਨੂੰ ਜਾਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੇਰੀ ਜੀਵਨ ਗਾਥਾ ਜਾਣਨੀ ਪਵੇਗੀ।
ਲੇਖਕ: ਜੇ. ਐੱਸ.ਮਹਿਰਾ – 95924 30420

