ਲੋਕੀ ਕਰਨ ਗੱਲਾਂ ਤੇਰੇ ਰਾਜ ਦੀਆਂ/ ਗੁਰਭਜਨ ਗਿੱਲ
ਗੁਜਰਾਂਵਾਲੇ ਦੀਏ ਧਰਤੀਏ
ਭੇਜ ਮੁੜ ਕੇ,
ਮਹਾਂਬਲੀ ਰਣਜੀਤ ਸਿੰਘ
ਵਾਂਗ ਸੂਰਾ।
ਜਿਹੜਾ ਕਥਨੀ ਤੇ ਕਰਨੀ ਦਾ
ਹੋਏ ਗਾਜ਼ੀ,
ਜਿਹੜਾ ਦੀਨ ਈਮਾਨ ਦਾ
ਹੋਏ ਪੂਰਾ।
ਟੁੱਟੇ ਮੋਤੀ ਪਰੋਏ ਜੋ
ਇਕ ਮਾਲਾ,
ਸ਼ਾਨਾਂ ਕਰੇ ਸਵਾਈਆਂ ਜੋ
ਤਾਜ ਦੀਆਂ।
ਕੋਹੇਨੂਰ ਦੇ ਮਾਲਕਾ,
ਸੂਰਬੀਰਾ,
ਲੋਕੀਂ ਕਰਨ ਗੱਲਾਂ ਤੇਰੇ ਰਾਜ ਦੀਆਂ।
ਜਦੋਂ ਵਿਦਾ ਹੋਇਓਂ
ਸਿਰਫ਼ ਦਸ ਮਹੀਨੇ,
ਦੋਧੀ ਦੰਦੀ,
ਦਲੀਪ ਦੀ ਉਮਰ ਕੀ ਸੀ?
ਰਾਣੀ ਜਿੰਦਾਂ ਵੀ
ਘੇਰੀ ਮੁਸੀਬਤਾਂ ਨੇ,
ਲਾਲਚ ਵਿਚ ਡੁੱਬਾ
ਘਰ ਦਾ ਹਰ ਜੀਅ ਸੀ।
ਕੈਂਠੇ ਮੰਗਦੇ ਸੀ,
ਯੁੱਧ ਕਰਨ ਵਾਲੇ,
ਚਾਲਾਂ ਸਮਝੀਆਂ ਨਾ
ਦਗਾਬਾਜ਼ ਦੀਆਂ।
ਜਦੋਂ ਹੱਥ ਪੱਲੇ ਕੁਝ ਵੀ
ਰਿਹਾ ਨਹੀਓਂ, ਲੋਕੀਂ ਕਰਨ ਗੱਲਾਂ
ਤੇਰੇ ਰਾਜ ਦੀਆਂ।
ਤੇਰੇ ਹੁੰਦਿਆਂ ਸੁੰਦਿਆਂ
ਸ਼ਹਿਨਸ਼ਾਹਾ,
ਜਿਹੜੇ ਡੋਗਰੇ
ਜੁੱਤੀਆਂ ਝਾੜਦੇ ਸੀ।
ਤੇਰੀ ਨਜ਼ਰ ਸਵੱਲੀ ਨੂੰ
ਤਰਸਦੇ ਸੀ,
ਜਿਹੜੇ ਰੌਂ ਤੇਰਾ
ਹਰ ਪਲ ਤਾੜਦੇ ਸੀ।
ਅੱਖਾਂ ਮੀਟਦੇ ਸਾਰ ਹੀ
ਤੌਰ ਬਦਲੇ,
ਤਾਰਾਂ ਟੁੱਟੀਆਂ
ਟੁਣਕਦੇ ਸਾਜ਼ ਦੀਆਂ।
ਹਾਉਕਾ ਨਿਕਲਦੈ,
ਜਦੋਂ ਵੀ ਗੱਲ ਛਿੜਦੀ,
ਲੋਕੀ ਕਰਨ ਗੱਲਾਂ
ਤੇਰੇ ਰਾਜ ਦੀਆਂ।
ਡਾਢਾ ਜੁਲਮ ਕਮਾਇਆ
ਫਰੰਗੀਆਂ ਨੇ,
ਜਿਹੜਾ ਪਾਦਰੀ ਜੁੰਮੇ
ਦਲੀਪ ਕੀਤਾ।
ਖ਼ਾਨਦਾਨੀ ਸਰੂਪ
ਤਬਾਹ ਕਰਕੇ,
ਧਰਮ ਬਦਲ
ਈਸਾਈ ਦਲੀਪ ਕੀਤਾ।
ਜ਼ਰਾ ਹੋਇਆ ਵੱਡਾ,
ਤੇਰਾ ਖੂਨ ਅਣਖ਼ੀ,
ਉਹਨੇ ਭਰੀਆਂ
ਉਡਾਰੀਆਂ ਬਾਜ਼ ਦੀਆਂ।
ਤਾਜਾਂ ਵਾਲਿਆ
ਤੇਰੇ ਪੰਜਾਬ ਵਾਲੇ,
ਲੋਕੀਂ ਕਰਨ ਗੱਲਾਂ
ਤੇਰੇ ਰਾਜ ਦੀਆਂ।
ਤੇਰਾ ਖ਼ੂਨ ਸੀ,
ਕਿਸ ਤਰ੍ਹਾਂ ਸਰਦ ਰਹਿੰਦਾ,
ਉਹ ਤਾਂ ਉੱਠਿਆ
ਫੇਰ ਵੰਗਾਰ ਬਣਕੇ।
ਅੰਮ੍ਰਿਤ ਬੂੰਦ ਚੱਖੀ,
ਜਦੋਂ ਮਰਦ ਬੱਚੇ,
ਕੰਵਰ ਉੱਠਿਆ
ਸਿੰਘ ਸਰਦਾਰ ਬਣ ਕੇ।
ਉਹਨੇ ਕਿਹਾ ਭਰਾਉ,
ਪੰਜਾਬੀਓ ਓਇ,
ਮੇਰੇ ਨਾਲ ਤੁਰ ਪਉ
ਮੇਰੇ ਯਾਰ ਬਣ ਕੇ।
ਸਾਡੀ ਗ਼ੈਰਤ ਨੂੰ
ਖ਼ੌਰੇ ਕੀ ਸੱਪ ਲੜਿਆ,
ਅਸੀਂ ਬੈਠੇ ਰਹੇ
ਧਰਤੀ ਤੇ ਭਾਰ ਬਣ ਕੇ।
ਅੱਜ ਓਸੇ ਸਰਾਪ ਨੂੰ
ਭੁਗਤ ਰਹੇ ਆਂ,
ਓਦੋਂ ਸਾਂਭੀਆਂ ਨਾ
ਸ਼ਾਨਾਂ ਤਾਜ ਦੀਆਂ।
ਤਾਜ ਪੋਸ਼ੀ ਦਿਹਾੜੇ ਨੂੰ
ਯਾਦ ਕਰਕੇ,
ਲੋਕੀਂ ਕਰਨ ਗੱਲਾਂ
ਤੇਰੇ ਰਾਜ ਦੀਆਂ।
ਏਨਾ ਸਮਾਂ ਗੁਜ਼ਾਰ ਕੇ
ਨੀਂਦ ਅੰਦਰ,
ਚਲੋ ਏਧਰ ਨੂੰ
ਪਾਸਾ ਮਰੋੜ ਲਈਏ।
ਸਾਂਝ ਕਰੀਏ ਪਕੇਰੀ
ਪੰਜਾਬੀਆਂ ਦੀ,
ਦਿਲ ਤੋੜੀਏ ਨਾ,
ਸਿਰ ਜੋੜ ਲਈਏ।
ਅਣਖ਼ੀ ਸ਼ੇਰ ਦਲੇਰ
ਰਣਜੀਤ ਵਾਲੀ,
ਕਲਗੀ ਵਾਲੀ
ਦਸਤਾਰ ਨੂੰ ਮੋੜ ਲਈਏ।
ਕੋਹੇ ਨੂਰ ਦੇ ਵਾਰਸੋ
ਬਣੋ ਦੂਲੇ,
ਸ਼ਾਨਾਂ ਫੇਰ ਚਮਕਣ
ਤਖ਼ਤੋ-ਤਾਜ ਦੀਆਂ।
ਏਸ ਧਰਤੀ ਦੀ
ਪੂਰਨ ਸਲਾਮਤੀ ਲਈ,
ਗੱਲਾਂ ਚਲੋ ਕਰੀਏ
ਉਹਦੇ ਰਾਜ ਦੀਆਂ।
ਗੀਤ ਸੰਗ੍ਰਹਿ “ਫੁੱਲਾਂ ਦੀ ਝਾਂਜਰ “ਵਿੱਚੋਂ।
ਮਿਲਣ ਦਾ ਪਤਾਃ ਚੇਤਨਾ ਪ੍ਰਕਾਸ਼ਨ
ਪੰਜਾਬੀ ਭਵਨ ,ਲੁਧਿਆਣਾ
ਸੰਪਰਕਃ 0161-2413613
|