ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 19 ਜੁਲਾਈ:
ਸੱਚੇ ਮਾਰਗ ਚੱਲਦਿਆਂ ਉਸਤਿਤ ਕਰੇ ਜਹਾਨ
ਬੋਲ ਕਿ ਲਬ ਕਿ ਆਜ਼ਾਦ ਹੈਂ ਤੇਰੇ/ ਵਰਿਆਮ ਸਿੰਘ ਸੰਧੂ
ਡਾ ਲਖਵਿੰਦਰ ਜੌਹਲ ਹੁਰੀਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਰਵਸੰਮਤੀ ਨਾਲ ਚੁਣੇ ਪ੍ਰਧਾਨ ਹਨ ਤੇ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਜਨਰਲ ਸਕੱਤਰ ਦੇ ਵੱਕਾਰੀ ਅਹੁਦੇ ਨਾਲ ਜੁੜੇ ਹੋਏ ਹਨ।


ਉਹਨਾਂ ਨੇ ਪਿਛਲੇ ਸਮਿਆਂ ਵਿਚ ਸਾਬਤ ਕੀਤਾ ਹੈ ਕਿ ‘ਅਹੁਦੇ’ ਸਿਰਫ਼ ਚੌਧਰ ਦਾ ਪ੍ਰਦਰਸ਼ਨ ਕਰਨ ਲਈ ਹੀ ਨਹੀਂ ਹੁੰਦੇ ਤੇ ਨਾ ਹੀ ‘ਖ਼ੁਸ਼ਨੂਦੀ’ ਹਾਸਲ ਕਰਨ ਦਾ ਵਸੀਲਾ ਹੁੰਦੇ ਨੇ, ਸਗੋਂ ਇਹਨਾਂ ਨਾਲ ਵੱਡੀਆਂ ਜ਼ਿੰਮੇਵਾਰੀਆਂ ਜੁੜੀਆਂ ਹੁੰਦੀਆਂ ਨੇ ਤੇ ਇਹ ਜ਼ਿੰਮੇਵਾਰੀਆਂ ਨਿਭਾਉਂਦਿਆਂ ‘ਵੱਡੀਆਂ ਕੁਰਸੀਆਂ’ ਦੀ ਨਰਾਜ਼ਗੀ ਵੀ ਸਹੇੜਨੀ ਪੈਂਦੀ ਹੈ। ਪਿਛਲੇ ਸਮੇਂ ਵਿਚ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤੇ ਪੰਜਾਬੀ ਵਿਰੋਧੀ ਫ਼ੈਸਲਿਆਂ ਦੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਉਹਨਾਂ ਦੀ ਆਵਾਜ਼ ਨਾਲ ਇੱਕ-ਸੁਰ ਹੋ ਕੇ ਹੋਰ ਸਾਹਿਤਕ ਅਦਾਰਿਆਂ ਤੇ ਜਥੇਬੰਦੀਆਂ ਮੈਦਾਨ ਵਿਚ ਨਿੱਤਰ ਆਈਆਂ ਤੇ ਦੋਵਾਂ ਯੂਨੀਵਰਸਿਟੀਆਂ ਨੂੰ ਆਪਣੇ ਪੰਜਾਬੀ ਭਾਸ਼ਾ ਵਿਰੋਧੀ ਫ਼ੈਸਲੇ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ।
ਹੁਣ ਉਹਨਾਂ ਨੇ ਪੰਜਾਬੀ ਯੂਨੀਵਰਸਟੀ ਵੱਲੋਂ ਪੰਜਾਬੀ ਭਾਸ਼ਾ ਨਾਲ ਕੀਤੇ ਜਾਣ ਵਾਲੇ ਵਿਤਕਰੇ ਵਿਰੁੱਧ ਬਿਗ਼ਲ ਵਜਾਇਆ ਹੈ ਤੇ ਪਹਿਲਾਂ ਵਾਂਗ ਹੀ ਇੱਕ ਤਰ੍ਹਾਂ ਦੀ ਪੰਜਾਬੀ ਹਿਤੈਸ਼ੀਆਂ ਅੱਗੇ ਵੰਗਾਰ ਵੀ ਖੜ੍ਹੀ ਕੀਤੀ ਹੈ ਕਿ ਉਹ ਚੁੱਪ ਨਾ ਰਹਿਣ। ਬੋਲਣ ਕਿਉਂਕਿ ਉਹਨਾਂ ਦਾ ਨਾਹਰਾ ਹੈ, “ਬੋਲ ਕਿ ਲਬ ਕਿ ਆਜ਼ਾਦ ਹੈਂ ਤੇਰੇ!”
ਜੌਹਲ ਹੁਰਾਂ ਸਾਹਿਤਕ ਜਥੇਬੰਦੀਆਂ ਦੇ ਅਹੁਦੇਦਾਰਾਂ ਅੱਗੇ ਵੀ ਇੱਕ ਮਿਆਰ ਖੜਾ ਕੀਤਾ ਹੈ ਕਿ ਅਹੁਦਿਆਂ ਲਈ ਲਾਲਸਾ ਰੱਖਣੀ ਹੀ ਕਾਫ਼ੀ ਨਹੀਂ ਸਗੋਂ ਅਹੁਦੇ ਹਾਸਲ ਕਰਕੇ ਇਹਨਾਂ ਨਾਲ ਜੁੜੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣਾ ਹੀ ਉਹਨਾਂ ਦਾ ਅੱਵਲੀਨ ਫ਼ਰਜ਼ ਹੈ।
ਮੈਂ ਡਾ ਲਖਵਿੰਦਰ ਜੌਹਲ ਹੁਰਾਂ ਦੀ ਇਸ ਪੱਖੋਂ ਭਰਪੂਰ ਸ਼ਲਾਘਾ ਕਰਦਾ ਹਾਂ ਕਿ ਉਹਨਾਂ ਨੇ ਆਪਣੇ ਅਹੁਦੇ ਦਾ ਮਾਣ ਰੱਖਦਿਆਂ ਅਕਾਦਮੀ ਦੇ ਪ੍ਰਧਾਨ ਵਜੋਂ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਬਣਦੇ ਸਥਾਨ ਲਈ ਹਮੇਸ਼ਾ ਪੁਰਜ਼ੋਰ ਆਵਾਜ਼ ਉਠਾਈ ਹੈ। ਮੈਨੂੰ ਖ਼ੁਸ਼ੀ ਹੈ ਕਿ ਜੌਹਲ ਹੁਰਾਂ ਦੇ ਸਾਰੇ ਪਰਿਵਾਰ ਨਾਲ ਹੀ ਮੇਰਾ ਵਰ੍ਹਿਆਂ ਤੋਂ ਮੋਹ ਅਤੇ ਮਾਣ ਦਾ ਰਿਸ਼ਤਾ ਰਿਹਾ ਹੈ। ਆਪਣੇ ਘਰ ਦਾ ਜੀਅ ਜਦੋਂ ਸੱਚੇ ਮਾਰਗ ’ਤੇ ਤੁਰ ਰਿਹਾ ਹੋਵੇ ਤਾਂ ਪਰਿਵਾਰ ਦੇ ਵਡੇਰੇ ਵਰਗਾ ਮਾਣ ਤੇ ਖ਼ੁਸ਼ੀ ਮਿਲਣੀ ਮੇਰੀ ਪ੍ਰਾਪਤੀ ਵੀ ਹੈ।
ਵਰਿਆਮ ਸਿੰਘ ਸੰਧੂ

