ਕੱਚੇ ਅਧਿਆਪਕਾਂ ਦਾ ਪੱਕੇ ਹੋਣ ਲਈ ਦਹਾਕਿਆਂ ਦਾ ਇੰਤਜਾਰ ਹੋਵੇਗਾ ਖ਼ਤਮ; ਮੁੱਖ ਮੰਤਰੀ 28 ਜੁਲਾਈ ਨੂੰ ਸਰਵਿਸ ਰੈਗੂਲਰਾਈਜ਼ੇਸ਼ਨ ਲੈਟਰ ਸੌਂਪਣਗੇ
ਇਹ ਸਮਾਗਮ ਸਕੂਲ ਪੱਧਰ ’ਤੇ ਇਕੋ ਸਮੇਂ ਕਰਵਾਏ ਜਾਣਗੇ: ਹਰਜੋਤ ਬੈਂਸ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਜੁਲਾਈ:
ਇੱਕ ਹੋਰ ਵਾਅਦਾ ਪੂਰਾ ਕਰਨ ਦੀ ਦਿਸ਼ਾ ਵੱਲ ਵਧਦਿਆਂ ਪੰਜਾਬ ਸਰਕਾਰ ਇੱਕ ਦਹਾਕੇ ਤੋਂ ਸਕੂਲ ਸਿੱਖਿਆ ਵਿਭਾਗ ਵਿੱਚ ਠੇਕੇ ’ਤੇ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰ, ਆਈ. ਈ, ਈ.ਜੀ.ਐਸ, ਐਸ. ਟੀ. ਆਰ, ਏ.ਆਈ. ਈ, ਅਤੇ ਸਪੈਸ਼ਲ ਇਨਕਲੂਸਿਵ ਟੀਚਰਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਸਬੰਧੀ 28 ਜੁਲਾਈ ਨੂੰ ਚੰਡੀਗੜ੍ਹ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ ਅਤੇ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮੌਕੇ ਮੁੱਖ ਮੰਤਰੀ ਠੇਕੇ ’ਤੇ ਕੰਮ ਕਰ ਰਹੇ ਇਨ੍ਹਾਂ 12,500 ਅਧਿਆਪਕਾਂ ਨੂੰ ਸਰਵਿਸ ਰੈਗੂਲਰਾਈਜ਼ੇਸ਼ਨ ਲੈਟਰ ਸੌਂਪਣਗੇ ਅਤੇ ਇਹ ਸਮਾਗਮ ਸੂਬੇ ਭਰ ਦੇ ਸਕੂਲਾਂ ਵਿੱਚ ਵੀ ਇੱਕੋ ਸਮੇਂ ਕਰਵਾਏ ਜਾਣਗੇ।
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਹਨਾਂ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਸਾਡੀ ਸਰਕਾਰ ਨੇ ਵਾਅਦਾ ਕੀਤਾ ਸੀ ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਵੱਲੋਂ ਦਹਾਕਿਆਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਨ ਲਈ ਹਰੇਕ ਸਕੂਲ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ, ਜਿਸ ਵਿੱਚ ਪ੍ਰਿੰਸੀਪਲ, ਸਕੂਲ ਕਮੇਟੀਆਂ ਦੇ ਮੈਂਬਰ, ਪੰਚਾਇਤਾਂ ਅਤੇ ਸ਼ਹਿਰੀ ਸੰਸਥਾਵਾਂ ਦੇ ਪ੍ਰਤੀਨਿਧਾਂ ਸਮੇਤ ਸਿੱਖਿਆ ਅਧਿਕਾਰੀਆਂ ਤੇ ਵਿਧਾਇਕ ਸ਼ਾਮਲ ਹੋਣਗੇ।
ਸ. ਹਰਜੋਤ ਸਿੰਘ ਬੈਂਸ ਨੇ ਪੱਕੇ ਹੋਣ ਵਾਲੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਨਿਭਾ ਰਹੀ ਹੈ।