ਆਪ ਆਗੂ ਗੁਰਿੰਦਰ ਖਿਜ਼ਰਾਬਾਦ ਨੇ ਅਧਿਆਪਕਾ ਨੂੰ ਦਿੱਤੇ ਨਿਯੁਕਤ ਪੱਤਰ
ਚੰਡੀਗੜ੍ਹ 28 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਪਿਛਲੇ ਲੰਬੇ ਸਮੇਂ ਤੋਂ ਕੱਚੇ ਅਧਿਆਪਕ, ਜਿੱਥੇ ਸਕੂਲਾਂ ‘ਚ ਬੱਚਿਆਂ ਨੂੰ ਪੜ੍ਹਾ ਰਹੇ ਸਨ, ਉਥੇ ਹੀ ਸਰਕਾਰਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਸੰਘਰਸ਼ ਵੀ ਕਰਦੇ ਆ ਰਹੇ ਹਨ। ਅੱਜ ਪੰਜਾਬ ਸਰਕਾਰ ਵੱਲੋਂ 12,500 ਅਧਿਆਪਕਾਂ ਨੂੰ ਪੱਕੇ ਕਰਦਿਆਂ ਉਨ੍ਹਾਂ ਨੂੰ ਬਣਦਾ ਹੱਕ ਦਿੱਤਾ ਗਿਆ ਹੈ। ਸਰਕਾਰ ਦੇ ਇਸ ਕਦਮ ਨਾਲ ਅਧਿਆਪਕ ਵਰਗ ‘ਚ ਖੁਸ਼ੀ ਪਾਈ ਜਾ ਰਹੀ ਹੈ।
ਪਿੰਡ ਖਿਜ਼ਰਾਬਾਦ ਵਿਖੇ ਪਿੰਡ ਦੇ ਸਰਪੰਚ ਤੇ ਸੀਨੀਅਰ ਯੂਥ ਆਗੂ ਗੁਰਿੰਦਰ ਸਿੰਘ ਨੇ ਵੀ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕੱਚੇ ਅਧਿਆਪਕਾਂ ਨੂੰ ਪੱਕੀ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਹਨ। ਇਹ ਅਧਿਆਪਕ ਸਰਵਜੀਤ ਕੌਰ, ਮਨਦੀਪ ਕੌਰ, ਸਮਰਜੀਤ ਸਿੰਘ ਸ਼ਾਮਲ ਹਨ।
ਦੱਸਣਾ ਬਣਦਾ ਹੈ ਕਿ ਅਧਿਆਪਕ ਸਮਰਜੀਤ ਸਿੰਘ ਨੇ ਪੱਕੀ ਨੌਕਰੀ ਪਾਉਣ ਲਈ ਸੰਘਰਸ਼ ਦੌਰਾਨ ਟੈਂਕੀ ‘ਤੇ ਚੜ੍ਹ ਕੇ ਪੈਟਰੌਲ ਪਾ ਕੇ ਅੱਗ ਵੀ ਲਾ ਲਈ ਸੀ, ਫਿਰ ਵੀ ਪੱਕੀ ਨੌਕਰੀ ਨਹੀਂ ਮਿਲੀ ਸੀ। ਗੁਰਿੰਦਰ ਸਿੰਘ ਖਿਜ਼ਰਾਬਾਦ ਨੇ ਕਿਹਾ ਕਿ ਪਾਰਟੀ ਨੇ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸਨ, ਉਹ ਸਰਕਾਰ ਬਣਦਿਆ ਹੀ ਪੂਰੇ ਹੋ ਰਹੇ ਹਨ ਤੇ ਸਰਕਾਰ ਆਪਣੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ। ਇਸ ਮੌਕੇ ਹੈੱਡ ਟੀਚਰ ਪ੍ਰੀਤੀ ਤੇ ਸਮੂਹ ਸਟਾਫ਼ ਸਮੇਤ ਨੰਬਰਦਾਰ ਪਰਮਜੀਤ ਸਿੰਘ, ਸਤਨਾਮ ਸਿੰਘ ਸੱਤਾ, ਦਵਿੰਦਰ ਬਿੰਦੂ ਅਤੇ ਗੁਰਪ੍ਰੀਤ ਕੌਰ ਪੰਚ ਹਾਜ਼ਰ ਸਨ।

