ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 28 ਜੁਲਾਈ:
ਮੇਰੀ ਵਸੀਅਤ/ ਹਰਭਜਨ ਸਿੰਘ ਹੁੰਦਲ
ਭਾਗਵਾਨੇ!
ਮੈਂ ਏਸ ਮਾਰਚ ਨੂੰ
ਨੱਬੇ ਸਾਲਾਂ ਦਾ ਹੋ ਜਾਵਾਂਗਾ।
ਕਵਿਤਾ ਲਿਖਦਿਆਂ,ਪੜ੍ਹਦਿਆਂ
ਜੀਣ ਦਾ ਲੋਭ ਵਧਦਾ ਜਾਂਦਾ ਹੈ
ਵਿਸ਼ਵ-ਕਵਿਤਾ ਦੇ ਸਮੁੰਦਰ ਵਿੱਚੋਂ
ਮੋਤੀ ਚੁਗਣ ਦੀ ਤਾਂਘ
ਹੋਰ ਤੀਬਰ ਹੋਈ ਜਾਂਦੀ ਹੈ
ਜੇ ਭਲਾ ਮਰਨਾ ਵੀ ਹੋਇਆ
ਤਾਂ ਰਾਤ ਨੂੰ ਸੁੱਤੇ-ਸੁੱਤਿਆਂ
ਚੁੱਪ-ਚਾਪ ਤੁਰ ਜਾਣ ਨੂੰ
ਜੀ ਕਰਦਾ ਹੈ।
ਤੂੰ ਸਵੇਰੇ ਸਵੇਰੇ
ਚਾਹ ਦਾ ਗਲਾਸ ਲੈਕੇ ਆਵੀਂ
ਤੇ ਆਖੀਂ
ਉਠੋ ਚਾਹ ਲਵੋ
ਤੇ ਮੈਂ ਉਸ ਵੇਲੇ ਤੀਕ
ਪਿੰਡ ਦੀ ਜੂਹ ਨੂੰ ਟੱਪ
ਲੰਮੇ ਸਫ਼ਰ ‘ਤੇ ਤੁਰ ਗਿਆ ਹੋਵਾਂ


ਵੇਖ ਕੇ ਨਾਟਕੀ ਧਾਹਾਂ ਨਾ ਮਾਰੀਂ
ਧੀਰਜ ਨਾਲ
ਘਰਦਿਆਂ ਨੂੰ ਦੱਸੀਂ ਤੇ ਯਾਦ ਰੱਖੀਂ
ਮੇਰੇ ਗਿਆਂ ਕੋਈ ਪਹਾੜ
ਨਹੀਂ ਢਹਿ ਪੈਣਾ
ਤੇ ਨਾ ਕਵੀ ਦੀ ਕਲਪਨਾ ਨੇ
ਉਡਾਣ ਤੋਂ ਰੁਕ ਜਾਣਾ ਹੈ।
ਮੇਰੇ ਤੋਂ ਅਗਲੀ ਪੀੜ੍ਹੀ
ਮੇਰੇ ਤੋਂ ਬਿਹਤਰ ਕਵਿਤਾ ਲਿਖੇਗੀ
ਲੋਕ ਗੀਤਾਂ ਦੇ ਮੁੱਖ ਵਰਗੀ
ਸੁਰਖ਼ ਗੁਲਾਬ ਦੇ ਰੰਗ ਵਰਗੀ
ਤਪੇ ਹੋਏ ਲੋਹੇ ਦੇ ਰੋਹ ਵਰਗੀ।
ਪੂਜਾ ਪਾਠਾਂ ਦੇ
ਚੱਕਰਾਂ ਵਿੱਚ ਨਾ ਪਵੀਂ
ਮੇਰੀ ਰੂਹ ਨੂੰ
ਪਾਠਾਂ ਨਾਲ ਸ਼ਾਂਤੀ ਨਹੀਂ ਮਿਲਣੀ
ਕਵੀ ਸ਼ਾਂਤ ਨਹੀਂ
ਅਸ਼ਾਂਤ ਹੀ ਰਹਿੰਦਾ ਹੈ ਹਮੇਸ਼ਾ।
ਸਵੇਰ ਦੀ ਚਾਹ ਪੀ ਕੇ
ਆਰਾਮ ਨਾਲ
ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਫੋਨ ਕਰੀਂ।
ਮੇਰੀ ਪਾਰਟੀ ਨੂੰ ਦੱਸਣਾ ਨਾ ਭੁੱਲੀਂ
ਮੇਰੇ ਉੱਤੇ ਲੋਈਆਂ ਨਹੀਂ
ਲਾਲ ਝੰਡਾ ਪਾਵੀਂ
ਸੁਰਖ਼ ਗੁਲਾਬ ਦੇ ਰੰਗ ਵਰਗਾ
ਲਾਲ ਸੂਹਾ।
ਅੰਤਿਮ ਸੰਸਕਾਰ ਤੋਂ ਬਾਅਦ
ਘਰ ਆ ਕੇ ਲੌਂਗਾਂ ਵਾਲੀ
ਚਾਹ ਬਣਾਵੀਂ ਤੇ ਕਹੀ-
“ਉਸ ਨੂੰ ਇਹ ਚਾਹ
ਬੜੀ ਚੰਗੀ ਲੱਗਦੀ ਸੀ”
ਵੈਣ ਨਾ ਪਾਵੀਂ
ਮੈਂ ਜ਼ਿੰਦਗੀ ਨੂੰ ਰੱਜ ਕੇ ਜੀਵਿਆ ਹੈ
ਸ਼ੁਕਰ ਜੇ ਕਰਨਾ ਵੀ ਪਵੇ
ਤਾਂ ਰੱਬ ਦਾ ਨਹੀਂ
ਕਵਿਤਾ ਦਾ ਕਰੀਂ
ਜਿਸ ਮੈਨੂੰ ਜ਼ਿੰਦਗੀ ਬਖ਼ਸ਼ੀ ਹੈ।
ਮੇਰੀ ਰਾਖ ਨੂੰ
ਮੇਰੀ ਬਗੀਚੀ ਵਿੱਚ
ਖਿਲਾਰ ਦੇਈਂ
ਤੇ ਫੁੱਲ ਬਿਆਸਾ ਦੇ ਪੁਲ ਤੋਂ
ਵਗਦੇ ਪਾਣੀਆਂ ਨੂੰ ਸੌਂਪ ਦੇਵੀ।
ਮੇਰਾ ਅਫ਼ਸੋਸ ਨਾ ਕਰੀਂ
ਮਾਣ ਕਰੀਂ ਮੇਰੇ ਉੱਤੇ
ਜੇ ਹੋ ਸਕੇ
ਤੇ ਮਿਲਣ ਆਇਆਂ ਨੂੰ ਆਖੀਂ-
ਕੌੜਾ ਸੀ ਸੱਚ ਵਰਗਾ
ਨਿੰਮ ਦੇ ਪੱਤਿਆਂ ਜਿਹਾ
ਪਰ ਅੰਦਰੋਂ ਕੋਮਲ ਸੀ
ਕਵਿਤਾ ਵਰਗਾ
ਗੁਲਾਬ ਦੀ ਪੱਤੀ ਤਰ੍ਹਾਂ
ਪਰ ਇੱਕੋ ਗੱਲ ਮਾੜੀ ਸੀ
ਉਸ ਦੀ ਕਿ ਟਿਕ ਕੇ
ਘਰ ਨਹੀਂ ਸੀ ਬੈਠਦਾ ਹੁੰਦਾ।
ਪੇਸ਼ਕਸ਼: ਗੁਰਭਜਨ ਗਿੱਲ
ਡਾਃ ਹਰਪ੍ਰੀਤ ਸਿੰਘ ਹੁੰਦਲ ਦੀ ਫੇਸਬੁੱਕ ਕੰਧ ਤੋਂ ਧੰਨਵਾਦ ਸਹਿਤ।

