ਤਿੰਨ ਦਿਨਾਂ ਵਿਚ 2 ਕਤਲ, ਇਕ ਲਾਸ਼ ਮਿਲੀ
ਚੰਡੀਗੜ੍ਹ 2 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਨਿਊ ਚੰਡੀਗੜ੍ਹ ਦੇ ਹਾਲਾਤ ਜ਼ਿਆਦਾ ਵਧੀਆ ਨਹੀਂ ਹਨ। ਬੀਤੇ ਤਿੰਨ ਦਿਨਾਂ ਵਿੱਚ 2 ਬੰਦੇ ਕਤਲ ਹੋਏ ਹਨ ਤੇ ਤੀਜੇ ਨੌਜਵਾਨ ਦੇ ਮਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਪਹਿਲਾ ਕੇਸ ਮੁੱਲਾਂਪੁਰ ਬੈਰੀਅਰ ਨੇੜੇ ਰਾਤ ਸਮੇਂ ਟੈਕਸੀ ਡਰਾਈਵਰ ਦਾ ਕਤਲ ਹੋਇਆ ਹੈ ਜੋ ਰਾਜਸਥਾਨ ਦਾ ਸੀ ਤੇ ਮੁਹਾਲੀ ਜਿਲ੍ਹੇ ਵਿੱਚ ਟੈਕਸੀ ਚਲਾਉਂਦਾ ਸੀ। ਇਸ ਕਤਲ ਨੂੰ ਲੈ ਕੇ ਟੈਕਸੀ ਡਰਾਈਵਰਾਂ ਵਿੱਚ ਡਰ ਦਾ ਮਾਹੌਲ ਹੈ। ਦੂਜਾ ਕਤਲ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਵਸੇ ਪਿੰਡ ਸਿਸਵਾਂ ਸਥਿਤ ਸਿਸਵਾਂ ਡੈਮ ਦੇ ਨਜ਼ਦੀਕ ਬਣੇ ਇਕ ਬਲੈਕ ਹੋਲ ਕਲੱਬ ਅਤੇ ਕੈਫੇ ਵਿੱਚੋਂ ਇੱਕ ਲਾਸ਼ ਮਿਲੀ, ਜਿਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਅਤੇ ਮੌਕੇ ਤੇ ਪਹੁੰਚ ਕੇ ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲਿਸ ਵੱਲੋਂ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਕੈਫੇ ਦੇ ਮਾਲਕ ਮਾਨਵ ਨੇ ਦੱਸਿਆ ਕਿ ਇਸ ਕੈਫੇ ਵਿੱਚ ਦੋ ਵਿਅਕਤੀਆਂ ਨੂੰ ਕੇਅਰ ਟੇਕਰ ਰੱਖਿਆ ਗਿਆ ਸੀ, ਜਿਸ ਵਿੱਚ ਇੱਕ ਸੰਜੇ ਉਰਫ਼ ਮਾਮੂ ਤਕਰੀਬਨ ਦਸ ਸਾਲ ਤੋਂ ਇੱਥੇ ਰਹਿ ਰਿਹਾ ਸੀ, ਜਿਸ ਨੂੰ ਕਿ ਦੂਜੇ ਵਿਅਕਤੀ ਮਨੀਸ਼ ਨੇ ਕਿਸੇ ਤੇਜ਼ ਹਥਿਆਰ ਨਾਲ ਕਤਲ ਕਰ ਦਿੱਤਾ। ਇਹ ਦੋਵੇਂ ਸ਼ਰਾਬ ਦੇ ਨਸ਼ੇ ਵਿਚ ਆਪਸ ਵਿੱਚ ਝਗੜੇ ਤੇ ਇਹ ਲੜਾਈ ਹੀ ਸੰਜੇ ਦੇ ਕਤਲ ਦਾ ਕਾਰਨ ਬਣੀ। ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲਿਸ ਦੁਆਰਾ ਜਾਂਚ ਚੱਲ ਰਹੀ ਹੈ। ਤੀਜਾ ਪਿੰਡ ਰਾਣੀ ਮਾਜਰਾ ਨਿਉਂ ਚੰਡੀਗੜ੍ਹ ਤੋਂ ਇੱਕ ਲਾਸ਼ ਬਰਾਮਦ ਹੋਈ। ਬੂਥਗੜ੍ਹ ਤੋਂ ਚੰਡੀਗੜ੍ਹ ਜਾਣ ਵਾਲੀ ਰੋਡ ਤੇ ਝਾੜੀਆਂ ਵਿਚੋਂ ਇਹ ਲਾਸ਼ ਮਿਲੀ ਹੈ।
ਆਸ-ਪਾਸ ਦੇ ਲੋਕਾਂ ਤੋਂ ਇਹ ਪਤਾ ਲੱਗਾ ਕਿ ਇਹ ਨੌਜਵਾਨ ਕੱਲ੍ਹ ਤੋਂ ਇੱਥੇ ਹੀ ਘੁੰਮਦਾ ਦਿਖਾਈ ਦਿੱਤਾ ਸੀ। ਇਸ ਦੀ ਲਾਸ਼ ਨੂੰ ਮੁੱਲਾਂਪੁਰ ਗਰੀਬਦਾਸ ਥਾਣੇ ਦੇ ਮੁਲਾਜ਼ਮਾਂ ਵਲੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤੀ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮ੍ਰਿਤਕ ਵਿਅਕਤੀ ਮੂਲ ਰੂਪ ਵਿਚ ਉਤਰਾਖੰਡ ਦਾ ਰਹਿਣ ਵਾਲਾ ਸੀ, ਜਿਸ ਦਾ ਨਾਮ ਸੁਰੇਸ ਚੰਦਰ ਅਤੇ ਉਮਰ 33 ਸਾਲ ਦੇ ਕਰੀਬ ਹੈ। ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਵਿਅਕਤੀ ਐਲਰਜ਼ੀ ਦਾ ਮਰੀਜ਼ ਸੀ, ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ ਹੈ। ਪੁਲਿਸ ਵਲੋਂ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

