www.sursaanjh.com > Uncategorized > ਨਿਮਰਤਾ/ ਡਾ. ਕੁਲਬੀਰ ਸਿੰਘ ਸੂਰੀ

ਨਿਮਰਤਾ/ ਡਾ. ਕੁਲਬੀਰ ਸਿੰਘ ਸੂਰੀ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 5 ਅਗਸਤ:
ਨਿਮਰਤਾ/ ਡਾ. ਕੁਲਬੀਰ ਸਿੰਘ ਸੂਰੀ
ਬਾਊ ਜੀ (ਸਰਦਾਰ ਨਾਨਕ ਸਿੰਘ ਨਾਵਲਕਾਰ) ਦਾ ਦੇਹਾਂਤ 28 ਦਸੰਬਰ 1971 ਨੂੰ ਹੋਇਆ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਯਾਦ ਵਿਚ ਕਈ ਪ੍ਰੋਗਰਾਮ ਹੋਏ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵੀ ਵੱਡੀ ਪੱਧਰ ’ਤੇ ਇਕ ਸੈਮੀਨਾਰ ਕਰਵਾਇਆ। ਪੰਜਾਬੀ ਦੇ ਵੱਡੇ ਲੇਖਕ ਅਤੇ ਯੂਨੀਵਰਸਿਟੀਆਂ ਦੇ ਉੱਘੇ ਵਿਦਵਾਨ ਬੁਲਾਏ ਹੋਏ ਸਨ। ਉਨ੍ਹਾਂ ਵਿਚ ਨਾਵਲਕਾਰ ਗੁਰਦਿਆਲ ਸਿੰਘ ਵੀ ਸਨ।
ਸਾਰੇ ਵਿਦਵਾਨਾਂ ਨੇ ਬੜੀਆਂ ਵਿਦਵਤਾ ਭਰਪੂਰ ਗੱਲਾਂ ਕੀਤੀਆਂ। ਜਦੋਂ ਨਾਵਲਕਾਰ ਗੁਰਦਿਆਲ ਸਿੰਘ ਜੀ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਬੜੇ ਸਿੱਧੇ ਅਤੇ ਸਾਦੇ ਢੰਗ ਨਾਲ ਸ. ਨਾਨਕ ਸਿੰਘ ਜੀ ਦੇ ਨਾਵਲਾਂ ਦੀ ਮਹਾਨਤਾ ਬਾਰੇ ਗੱਲਾਂ ਕੀਤੀਆਂ। ਉਨ੍ਹਾਂ ਵਿਚੋਂ ਇਕ ਗੱਲ ਮੈਨੂੰ ਕਦੀ ਨਹੀਂ ਭੁੱਲੀ, ਜਿਹੜੀ ਅੱਜ ਮੈਂ ਸਾਰਿਆਂ ਨਾਲ ਸਾਂਝੀ ਕਰ ਰਿਹਾ ਹਾਂ। ਉਨ੍ਹਾਂ ਨੇ ਕਿਹਾ, “ਅਸੀਂ ਜਦੋਂ ਛੋਟੇ ਸਾਂ ਤਾਂ ਪਿੰਡ ਵਿਚ ‘ਬੋਹੜ ਤੋਂ ਠੀਕਰੀ ਟਪਾਉਣੀ’ ਨਾਂ ਦੀ ਇਕ ਖੇਡ ਖੇਡਦੇ ਹੁੰਦੇ ਸਾਂ। ਸਾਡੇ ਪਿੰਡ ਇਕ ਬਹੁਤ ਵੱਡਾ ਬੋਹੜ ਹੁੰਦਾ ਸੀ। ਅਸੀਂ ਕੁਝ ਮੁੰਡੇ ਇਕੱਠੇ ਹੋ ਕੇ ਸ਼ਾਮ ਨੂੰ ਉਸ ਬੋਹੜ ਕੋਲ ਚਲੇ ਜਾਣਾ। ਅਸੀਂ ਟੁੱਟੇ ਘੜਿਆਂ ਦੀਆਂ ਠੀਕਰੀਆਂ ਇਕੱਠੀਆਂ ਕੀਤੀਆਂ ਹੁੰਦੀਆਂ ਸਨ। ਸੋ ਵਾਰੋ–ਵਾਰੀ ਅਸੀਂ ਉਨ੍ਹਾਂ ਠੀਕਰੀਆਂ ਨੂੰ ਬੋਹੜ ਉਪਰੋਂ ਟਪਾਉਣ ਦੀ ਕੋਸ਼ਿਸ਼ ਕਰਨੀ। ਬਹੁਤਿਆਂ ਦੀਆਂ ਠੀਕਰੀਆਂ ਤਾਂ ਬੋਹੜ ਦੇ ਅੱਧ ਤੀਕ ਹੀ ਮਸਾਂ ਪਹੁੰਚਦੀਆਂ ਸਨ। ਕਿਸੇ-ਕਿਸੇ ਦੀ ਠੀਕਰੀ ਥੋੜ੍ਹੀ ਉੱਪਰ ਜਾ ਕੇ ਟਾਹਣੀਆਂ ਵਿਚ ਅੜ ਜਾਂਦੀ ਸੀ ਪਰ ਸਾਡੇ ’ਚੋਂ ਕਦੀ ਵੀ ਕਿਸੇ ਦੀ ਠੀਕਰੀ ਬੋਹੜ ਦੇ ਉੱਪਰੋਂ ਪਾਰ ਨਹੀਂ ਸੀ ਹੋਈ। ਸੋ ਉਹ ਬੋਹੜ ਪੰਜਾਬੀ ਨਾਵਲ ਦਾ ਪਿਤਾਮਾ ਨਾਨਕ ਸਿੰਘ ਹੈ ਅਤੇ ਅਸੀਂ ਸਾਰੇ ਉਸ ਉਪਰੋਂ ਠੀਕਰੀਆਂ ਟਪਾਉਣ ਵਾਲੇ। ਸਾਡੀ ਐਨੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਸੀਂ ਅਜੇ ਇਸ ਬੋਹੜ ਤੋਂ ਠੀਕਰੀ ਟਪਾਉਣ ਜੋਗੇ ਨਹੀਂ ਹੋਏ।”
ਵੀਰ ਗੁਰਦਿਆਲ ਸਿੰਘ ਹੋਰਾਂ ਦੀ ਨਿਮਰਤਾ ਅੱਗੇ ਸਿਰ ਹਮੇਸ਼ਾ ਝੁਕਦਾ ਹੈ।
ਡਾ. ਕੁਲਬੀਰ ਸਿੰਘ ਸੂਰੀ

Leave a Reply

Your email address will not be published. Required fields are marked *