ਹੁਣ ਜਦੋਂ ਤੁਹਾਡੇ ਉਪਰ ਭੀੜ ਪਈ ਤਾਂ ਤੁਹਾਨੂੰ ਕਾਂਸ਼ੀ ਰਾਮ ਯਾਦ ਆ ਗਿਆ
ਬਹੁਜਨ ਮਹਾਂ ਨਾਇਕ, ਕ੍ਰਾਂਤੀਕਾਰੀ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਸਘੰਰਸ ਅਤੇ ਤਿਆਗ ਭਰੀ ਜ਼ਿੰਦਗੀ ਦੀ ਦਾਸਤਾਨ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਹਾਂ।
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਗਸਤ:
ਇਹ ਗੱਲ ਹੈ ਸੰਨ 2001 ਜਲੰਧਰ ਸ਼ਹਿਰ ਵਿਖੇ ਸਾਹਿਬ ਦੀ ਰਿਹਾਇਸ਼ ਦੀ। ਉਸ ਵਕਤ ਐਮਡੀ ਡਾਕਟਰਾਂ ਉਤੇ ਭੀੜ ਪਈ ਹੋਣ ਕਾਰਣ ਉਹਨਾਂ ਦਾ ਵਫ਼ਦ ਸਾਹਿਬ ਨੂੰ ਮਿਲਣ ਆਏ, ਜਿਸ ਵਿੱਚ ਡਾਕਟਰ ਅੰਜਨੀ, ਡਾਕਟਰ ਗੁਰਮੀਤ, ਡਾਕਟਰ ਖਾਲਸਾ ਅਤੇ ਡਾਕਟਰ ਰਿਤੇਸ਼ ਕੁਮਾਰ ਦਸੂਹਾ ਵੀ ਸ਼ਾਮਿਲ ਸਨ। ਉਹ ਆਪਣੀ ਸਮੱਸਿਆ ਲੈ ਕੇ ਜਦੋਂ ਸਾਹਿਬ ਨੂੰ ਵਰਕਰਾਂ ਦੇ ਰਾਹੀਂ ਮਿਲੇ।


ਸਾਹਿਬ ਨੇ ਉਹਨਾਂ ਨੂੰ ਆਉਣ ਦਾ ਕਾਰਣ ਪੁੱਛਿਆ ਤਾਂ ਉਹਨਾਂ ਨੇ ਵਿਸਥਾਰ ਸਹਿਤ ਆਪਣੀ ਗੱਲ ਦੱਸੀ ਕਿ ਸਾਹਿਬ ਜੀ ਸਾਡੀ ਡਾਕਟਰਾਂ ਦੀ ਰਿਜ਼ਰਵੇਸ਼ਨ ਖ਼ਤਮ ਕਰ ਦਿੱਤੀ ਗਈ ਹੈ। ਇਸ ਦੇ ਹੱਲ ਸਬੰਧੀ ਸਾਡੀ ਸਾਰੀ ਟੀਮ ਤੁਹਾਡੇ ਕੋਲ ਆਈ ਹੈ ਤਾਂ ਅੱਗੋਂ ਸਾਹਿਬ ਦਾ ਜਵਾਬ ਵੀ ਨਹਿਲੇ ਤੇ ਦਹਿਲਾ ਸੀ ਕਿ ਤੁਸੀਂ ਸਾਰੇ ਡਾਕਟਰ ਮੇਰੀ ਗੱਲ ਨੂੰ ਕੰਨ ਖੋਲ੍ਹ ਕੇ ਸੁਣ ਲਵੋ, ਤੁਹਾਡੀਆਂ ਸਭ ਦੀਆਂ ਰਿਜ਼ਰਵੇਸ਼ਨਾਂ ਬੰਦ ਕਰ ਦਿੱਤੀਆਂ ਗਈਆਂ ਹਨ। ਹੁਣ ਚਾਹੇ ਤੁਸੀਂ ਹਾਈਕੋਰਟ ਚਲੇ ਜਾਓ ਜਾਂ ਸੁਪਰੀਮ ਕੋਰਟ ਚਲੇ ਜਾਓ ਤੁਹਾਡੇ ਠੂਠੇ ਵਿੱਚ ਕਿਤੋਂ ਵੀ ਖੈਰ ਨਹੀਂ ਪੈਣੀ ਹੈ। ਮੈਂ ਤੁਹਾਨੂੰ ਸੁਪਰੀਮ ਕੋਰਟ ਦਾ ਲਿਖਿਆ ਜੱਜਮੈਂਟ ਪੜ੍ਹਾ ਦਿੰਦਾਂ ਹਾਂ, ਜਿਸ ਵਿੱਚ ਸੁਪਰੀਮ ਕੋਰਟ ਨੇ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ। ਮਤਲਬ ਸੁਪਰੀਮ ਕੋਰਟ ਤਾਂ ਤੁਹਾਡੀ ਹਰ ਤਰ੍ਹਾਂ ਦੀ ਰਿਜ਼ਰਵੇਸ਼ਨ ਨੂੰ ਬੰਦ ਕਰਵਾਉਣ ਲਈ ਤਿਆਰ ਬੈਠੀ ਹੈ।
ਦੂਸਰਾ ਮੇਰੀ ਇੱਕ ਗੱਲ ਹੋਰ ਵੀ ਧਿਆਨ ਦੇ ਨਾਲ ਸੁਣ ਲਵੋ ਕਿ ਹੁਣ ਤੁਸੀਂ ਸਾਰੇ ਨੌਕਰੀਆਂ ਉਤੇ ਲੱਗੇ ਹੋਏ ਹੋ। ਜੇਕਰ ਅੱਜ ਤੁਹਾਡੇ ਉੱਪਰ ਭੀੜ ਆ ਪਈ ਤਾਂ ਤੁਹਾਨੂੰ ਅੱਜ ਕਾਂਸ਼ੀ ਰਾਮ ਯਾਦ ਆ ਗਿਆ। ਤੁਸੀਂ ਸੋਚਦੇ ਹੋਵੋਗੇ ਕਿ ਕਾਂਸ਼ੀ ਰਾਮ ਇਕੱਲਾ ਹੀ ਸਮਾਜ ਨੂੰ ਆਪਣੇ ਪੈਰਾਂ ਉਤੇ ਖੜ੍ਹਾ ਕਰ ਦੇਵੇ। ਜਿਸ ਦਿਨ ਮੈਂ ਤੁਹਾਡੇ ਇਕੱਲੇ ਇਕੱਲੇ ਦੇ ਦਰਵਾਜ਼ੇ ਉਤੇ ਜਾ ਕੇ ਅਲਖ ਜਗਾਉਂਦਾ ਫਿਰਦਾ ਸੀ, ਤੁਸੀਂ ਕਿਸੇ ਨੇ ਮੇਰੀ ਇੱਕ ਵੀ ਗੱਲ ਨਹੀਂ ਮੰਨੀ ਅਤੇ ਨਾ ਹੀ ਉਸਨੂੰ ਗੰਭੀਰਤਾ ਨਾਲ ਲਿਆ ਸੀ ਕਿ ਅਸੀਂ ਵੀ ਕਾਂਸ਼ੀ ਰਾਮ ਦੇ ਨਾਲ ਖੜ੍ਹੇ ਹੋਈਏ। ਅਗਰ ਤੁਸੀਂ ਉਸ ਵਕਤ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋ ਜਾਂਦੇ ਤਾਂ ਅੱਜ ਇਹ ਤੁਹਾਡੇ ਉੱਪਰ ਇਸ ਤਰ੍ਹਾਂ ਦੀ ਭੀੜ ਪੈਣ ਦਾ ਕੋਈ ਸਵਾਲ ਪੈਦਾ ਨਹੀਂ ਸੀ ਹੋ ਸਕਦਾ।
ਜਿਸ ਕਾਂਸ਼ੀ ਰਾਮ ਨੇ ਆਪਣੇ ਦੱਬੇ ਕੁੱਚਲੇ ਸਮਾਜ ਦੇ ਲੋਕਾਂ ਦੀ ਭਲਾਈ ਵਾਸਤੇ ਆਪਣੀ ਆਲੀਸ਼ਾਨ, ਸ਼ਾਨੋਂ-ਸ਼ੌਕਤ, ਐਸ਼ੋ ਆਰਾਮ ਵਾਲੀ ਨੌਕਰੀ ਛੱਡ ਦਿੱਤੀ ਅਤੇ ਆਪਣਾ ਘਰ ਬਾਰ ਤਿਆਗ ਛੱਡਿਆ। ਤੁਸੀਂ ਮੇਰੇ ਨਾਲ ਉਸ ਸਮੇਂ ਖੜ੍ਹਨਾ ਸੀ। ਤੁਸੀਂ ਹੁਣ ਆਰਾਮ ਨਾਲ ਜਾ ਸਕਦੇ ਹੋ, ਕਿਉਂਕਿ ਜ਼ਿੰਦਗੀ ਵਿੱਚ ਮੈਂ ਆਪਣੇ ਸਮਾਜ ਦੇ ਲੋਕਾਂ ਵਾਸਤੇ ਇਸ ਤੋਂ ਕਿਤੇ ਵੱਧ ਜ਼ਰੂਰੀ ਕੰਮ ਕਰਨੇ ਹਨ।
ਭਾਰਤੀ ਸਿਆਸਤ ਦਾ ਸੰਤ, ਬਹੁਜਨ ਸਮਾਜ ਦਾ ਰਾਜਨੀਤਕ ਪਿਤਾਮਾ, ਵੀਹਵੀਂ ਸਦੀ ਦਾ ਮਹਾਨ ਸਮਾਜ ਸੁਧਾਰਕ, ਮੁਰਦਿਆਂ ਵਿੱਚ ਜਾਨ ਪਾਉਣ ਵਾਲਾ, ਗ਼ਜ਼ਬ ਦੀ ਦੂਰ ਅੰਦੇਸ਼ੀ ਸੋਚ ਦਾ ਮਾਲਕ,ਸਾਰੀ ਜ਼ਿੰਦਗੀ ਸਧਾਰਨ ਕਮੀਜ਼ ਪਜ਼ਾਮਾ ਪਾਉਣ ਵਾਲਾ ਮਹਾਂ ਅਣਖੀ, ਸਿਆਸੀ ਦਾਅ ਪੇਚਾਂ ਦਾ ਐਨਾ ਮਾਹਿਰ ਕਿ ਰਾਤੋ ਰਾਤ ਹੀ ਕੇਂਦਰ ਦੀ ਸਰਕਾਰ ਦਾ ਪਾਸਾ ਪਲਟਣ ਵਾਲਾ ਸੂਰਮਾ। ਮੁਲਕ ਦੀਆਂ ਸਾਰੀਆਂ ਬ੍ਰਾਹਮਣਵਾਦੀ ਪਾਰਟੀਆਂ ਦਾ ਤਾਪਮਾਨ ਆਪਣੇ ਹਿਸਾਬ ਕਿਤਾਬ ਨਾਲ ਘਟਾਉਣ ਵਧਾਉਣ ਦਾ ਮਾਹਿਰ।
ਮੈਂ ਕਾਂਸ਼ੀ ਰਾਮ ਬੋਲਦਾਂ ਹਾਂ। ਪੰਮੀ ਲਾਲੋ ਮਜਾਰਾ-ਟੁੱਟੀਆਂ ਚੱਪਲਾਂ ਦੇ ਨਿਸ਼ਾਨਾਂ ਦਾ ਖੋਜੀ।
ਪੇਸ਼ ਕਰਤਾ: ਇੰਜੀਨੀਅਰ ਤੇਜਪਾਲ ਸਿੰਘ-Er. Tejpal Singh-94177-94756
ਮੈਡਮ ਸਤਵੰਤ ਕੌਰ (ਮਿਸ਼ਨਰੀ)-97811-00478

