ਅਸੰਭਵ ਨੂੰ ਵੀ ਸੰਭਵ ਕਰ ਵਿਖਾਇਆ ਮਹਾਨ ਸ਼ੂਟਰ ਕਰੋਲੀ ਟੇਕਾਸ ਨੇ
ਓਲੰਪਿਕ ਖੇਡਾਂ ਵਿੱਚ ਨਵਾਂ ਇਤਿਹਾਸ ਸਿਰਜਣ ਵਾਲ਼ੇ ਮਹਾਨ ਸ਼ੂਟਰ – ਕਰੋਲੀ ਟੇਕਾਸ
ਪਟਿਆਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਗਸਤ:
ਦੁਨੀਆਂ ਵਿੱਚ ਕੁੱਝ ਅਜਿਹੇ ਵੀ ਲੋਕ ਹੋਏ ਹਨ, ਜਿਨ੍ਹਾਂ ਨੇ ਆਪਣੀ ਇੱਛਾ ਸ਼ਕਤੀ ਨਾਲ ਅਜਿਹੇ ਕੰਮਾਂ ਨੂੰ ਅੰਜ਼ਾਮ ਦਿੱਤਾ ਹੈ, ਜਿਹੜੇ ਹੋਰ ਲਈ ਅਸੰਭਵ ਸਨ। ਅਜਿਹਾ ਹੀ ਇਕ ਵਿਅਕਤੀ ਕਰੋਲੀ ਟੈਕਾਸ ਸੀ, ਜਿਸ ਦਾ ਜਨਮ 21 ਜਨਵਰੀ 1910 ਨੂੰ ਹੰਗਰੀ ਦੇ ਸ਼ਹਿਰ ਬੂਡਪਾਟਸ ਵਿਚ ਹੋਇਆ। ਉਹ ਪੇਸ਼ੇ ਵਜੋਂ ਹੰਗਰੀ ਦੀ ਆਰਮੀ ਵਿਚ ਨੌਕਰੀ ਕਰਦਾ ਸੀ। ਉਹ ਇੱਕ ਬਿਹਤਰੀਨ ਪਿਸਟਲ ਸ਼ੂਟਰ ਸੀ। ਉਸ ਨੇ 1938 ਦੀਆਂ ਨੈਸ਼ਨਲ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਪ੍ਰਤੀਯੋਗਤਾ ਜਿੱਤੀ। ਉਸ ਦੇ ਚੰਗੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੂਰੇ ਹੰਗਰੀ ਵਾਸੀਆਂ ਨੂੰ ਵਿਸ਼ਵਾਸ ਹੋ ਗਿਆ ਕਿ 1940 ਦੀਆਂ ਉਲੰਪਿਕ ਖੇਡਾਂ ਵਿਚ ਦੇਸ਼ ਸੋਨ ਤਗਮਾ ਜਿੱਤੇਗਾ…!
ਪਰ ਕਹਿੰਦੇ ਹਨ ਕਿ ਹੋਣੀ ਨੂੰ ਕੁੱਝ ਹੋਰ ਹੀ ਮੰਨਜ਼ੂਰ ਸੀ। ਸਾਲ 1938 ਦੀਆਂ ਰਾਸ਼ਟਰੀ ਖੇਡਾਂ ਦੇ ਤੁਰੰਤ ਬਾਅਦ ਇੱਕ ਦਿਨ ਆਰਮੀ ਟ੍ਰੇਨਿੰਗ ਕੈਂਪ ਵਿੱਚ ਉਸ ਦੇ ਸੱਜੇ ਹੱਥ ਵਿੱਚ ਗਰਨੇਡ ਫੱਟ ਗਿਆ, ਜਿਸ ਨੂੰ ਉਸ ਨੇ ਬਚਪਨ ਵੇਲੇ ਤੋਂ ਹੀ ਟ੍ਰੇਂਡ ਕੀਤਾ ਸੀ। ਫਿਰ ਉਸ ਦਾ ਸੱਜਾ ਹੱਥ ਹਮੇਸ਼ਾ ਲਈ ਸਰੀਰ ਨਾਲੋਂ ਵੱਖ ਕਰਨਾ ਪਿਆ। ਸਾਰਾ ਹੰਗਰੀ ਖ਼ਾਮੋਸ਼ੀ ਵਿਚ ਡੁੱਬ ਜਾਂਦਾ ਹੈ। ਇਸ ਘਟਨਾ ਨਾਲ ਉਲੰਪਿਕ ਸੋਨ ਤਗਮੇ ਦਾ ਸੁਪਨਾ ਖ਼ਤਮ ਹੋ ਜਾਂਦਾ ਹੈ।
ਦੂਜੇ ਪਾਸੇ ਕਰੋਲੀ ਇਸ ਘਟਨਾ ਨੂੰ ਆਪਣੀ ਹਾਰ ਨਹੀਂ ਮੰਨਦਾ। ਉਸ ਨੂੰ ਅਰਜਨ ਦੀ ਤਰ੍ਹਾਂ ਆਪਣੇ ਲਕਸ਼ ਤੋਂ ਇਲਾਵਾ ਕੁੱਝ ਵੀ ਨਜ਼ਰ ਨਹੀਂ ਸੀ ਆਉਂਦਾ। ਇਸ ਲਈ ਉਹ ਕਿਸੇ ਨੂੰ ਬਿਨਾਂ ਦੱਸੇ ਆਪਣੇ ਖੱਬੇ ਹੱਥ ਨਾਲ ਪ੍ਰੈਕਟਿਸ ਸ਼ੁਰੂ ਕਰ ਦਿੰਦਾ ਹੈ .. ! ਇਸ ਦੇ ਲੱਗਭਗ ਇਕ ਸਾਲ ਬਾਅਦ 1939 ਦੀਆਂ ਰਾਸ਼ਟਰੀ ਖੇਡਾਂ ਵਿਚ ਉਹ ਲੋਕਾਂ ਦੇ ਸਾਹਮਣੇ ਆਉਂਦਾ ਹੈ ਅਤੇ ਖੇਡਾਂ ਵਿੱਚ ਭਾਗ ਲੈਣ ਦੀ ਗੱਲ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੰਦਾ ਹੈ। ਉਸ ਨੂੰ ਖੇਡਾਂ ਵਿਚ ਭਾਗ ਲੈਣ ਦੀ ਇਜਾਜ਼ਤ ਮਿਲ਼ੀ ਤਾਂ ਉਹ ਪਿਸਟਲ ਸ਼ੂਟਿੰਗ ਵਿਚ ਭਾਗ ਲੈਂਦਾ ਹੈ ਅਤੇ ਚਮਤਕਾਰ ਕਰਦੇ ਹੋਏ ਸੋਨ ਤਗਮਾ ਜਿੱਤ ਲੈਂਦਾ ਹੈ।
ਖੇਡਾਂ ਦੇਖਣ ਆਏ ਸਾਰੇ ਲੋਕ ਹੈਰਾਨ ਰਹਿ ਜਾਂਦੇ ਹਨ ਕਿ ਅਖੀਰ ਇਹ ਕਿਵੇਂ ਹੋ ਗਿਆ, ਜਿਸ ਹੱਥ ਨਾਲ ਉਹ ਇਕ ਸਾਲ ਪਹਿਲਾਂ ਲਿਖ ਵੀ ਨਹੀਂ ਸਕਦਾ ਸੀ, ਉਸ ਨੂੰ ਉਸ ਨੇ ਬਹੁਤ ਹੀ ਜਲਦੀ ਐਨਾ ਟ੍ਰੇਂਡ ਕਿਵੇਂ ਕਰ ਲਿਆ ਤੇ ਸੋਨ ਤਗਮਾ ਜਿੱਤ ਗਿਆ। ਕਰੋਲੀ ਨੂੰ ਦੇਸ਼-ਵਿਦੇਸ਼ ਵਿਚ ਖੂਬ ਸਨਮਾਨ ਮਿਲਿਆ ਅਤੇ ਪੂਰੇ ਹੰਗਰੀ ਨੂੰ ਫਿਰ ਵਿਸ਼ਵਾਸ ਹੋ ਗਿਆ ਕਿ 1940 ਦੇ ਉਲੰਪਿਕਸ ਵਿਚ ਪਿਸਟਲ ਸ਼ੂਟਿੰਗ ਵਿੱਚ ਸੋਨ ਤਗਮਾ ਹੀ ਜਿੱਤੇਗਾ… !
ਪਰ ਸਮੇਂ ਨੇ ਦੁਬਾਰਾ ਫਿਰ ਉਸ ਨਾਲ ਖੇਡ ਖੇਡੀ ਅਤੇ 1940 ਦੀਆਂ ਉਲੰਪਿਕ ਖੇਡਾਂ ਵਿਸ਼ਵ ਯੁੱਧ ਕਾਰਨ ਰੱਦ ਹੋ ਗਈਆਂ। ਉਹ ਨਿਰਾਸ਼ ਨਹੀਂ ਹੋਇਆ। ਉਸ ਨੇ ਆਪਣਾ ਪੂਰਾ ਧਿਆਨ 1944 ਦੀਆਂ ਉਲੰਪਿਕ ਖੇਡਾਂ ਉੱਤੇ ਲਗਾ ਦਿੱਤਾ। ਜਿਵੇਂ ਸਮੇਂ ਨੇ ਉਸ ਦੇ ਸਬਰ ਦੀ ਪ੍ਰੀਖਿਆ ਲੈਣੀ ਹੋਵੇ, ਇਕ ਵਾਰ ਫਿਰ 1944 ਦੀਆਂ ਉਲੰਪਿਕ ਖੇਡਾਂ ਵੀ ਵਿਸ਼ਵ ਯੁੱਧ ਕਾਰਨ ਰੱਦ ਹੋ ਗਈਆਂ … ! ਇਕ ਵਾਰ ਫਿਰ ਹੰਗਰੀ ਵਾਸੀਆਂ ਦਾ ਵਿਸ਼ਵਾਸ ਘਟਣ ਲੱਗਾ, ਕਿਉਂਕਿ ਕਰੋਲੀ ਦੀ ਉਮਰ ਵੱਧਦੀ ਜਾ ਰਹੀ ਸੀ। ਖੇਡਾਂ ਵਿੱਚ ਉਮਰ ਅਤੇ ਪ੍ਰਦਰਸ਼ਨ ਦਾ ਗੂੜ੍ਹਾ ਰਿਸ਼ਤਾ ਹੁੰਦਾ ਹੈ। ਇਕ ਉਮਰ ਦੇ ਬਾਅਦ ਤੁਹਾਡੇ ਪ੍ਰਦਰਸ਼ਨ ਵਿੱਚ ਕਮੀ ਆਉਣ ਲਗਦੀ ਹੈ। ਪਰ ਉਸ ਦਾ ਸਿਰਫ ਇਕ ਹੀ ਮੰਤਵ ਸੀ, ਪਿਸਟਲ ਸ਼ੂਟਿੰਗ ਵਿੱਚ ਉਲੰਪਿਕ ਖੇਡਾਂ ਵਿੱਚ ਸੋਨ ਤਗਮਾ। ਇਸ ਲਈ ਉਸ ਨੇ ਲਗਾਤਾਰ ਅਭਿਆਸ ਜਾਰੀ ਰੱਖਿਆ।
ਆਖਿਰਕਾਰ 1948 ਦੀਆਂ ਉਲੰਪਿਕ ਖੇਡਾਂ ਸ਼ੁਰੂ ਹੋਈਆਂ। ਉਸ ਨੇ ਖੇਡਾਂ ਵਿਚ ਹਿੱਸਾ ਲਿਆ ਅਤੇ ਆਪਣੇ ਦੇਸ਼ ਲਈ ਪਿਸਟਲ ਸ਼ੂਟਿੰਗ ‘ਚ ਸੋਨ ਤਗਮਾ ਜਿੱਤਿਆ। ਸਾਰਾ ਹੰਗਰੀ ਖੁਸ਼ੀ ਵਿਚ ਝੂਮ ਉੱਠਿਆ, ਕਿਉਂਕਿ ਉਸ ਨੇ ਉਹ ਕਰ ਦਿਖਾਇਆ, ਜੋ ਅਸੰਭਵ ਲੱਗ ਰਿਹਾ ਸੀ, ਉਹ ਇੱਥੇ ਹੀ ਨਹੀਂ ਰੁਕਿਆ, ਉਸ ਨੇ 1952 ਦੀਆਂ ਉਲੰਪਿਕ ਖੇਡਾਂ ਵਿਚ ਵੀ ਭਾਗ ਲਿਆ ਅਤੇ ਫਿਰ ਸੋਨ ਤਗਮਾ ਜਿੱਤ ਕੇ ਇਤਿਹਾਸ ਬਣਾ ਦਿੱਤਾ … !
ਉਹ ਪਿਸਟਲ ਈਵੈਂਟ ਵਿੱਚ ਲਗਾਤਾਰ ਦੋ ਸੋਨ ਤਗਮੇ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਗਿਆ। ਕਰੋਲੀ ਦੀ ਇੱਛਾ ਸ਼ਕਤੀ ਨੇ ਉਹ ਕਰ ਦਿਖਾਇਆ, ਜਿਸ ਦੇ ਬਾਰੇ ਵਿੱਚ ਤੁਸੀਂ ਅਤੇ ਅਸੀਂ ਸੋਚ ਵੀ ਨਹੀਂ ਸਕਦੇ। ਸੋਚੋ ਜੇਕਰ ਸਾਡੇ ਨਾਲ ਅਜਿਹਾ ਹੁੰਦਾ ਤਾਂ ਅਸੀਂ ਕੀ ਇਹ ਕਰ ਸਕਦੇ? ਸ਼ਾਇਦ ਅਸੀਂ ਪੂਰੀ ਜ਼ਿੰਦਗੀ ਆਪਣੀ ਕਿਸਮਤ ਅਤੇ ਪਰਮਾਤਮਾ ਨੂੰ ਦੋਸ਼ ਦਿੰਦੇ ਰਹਿੰਦੇ। ਦੋਸਤੋ ! ਜ਼ਿੰਦਗੀ ਦੇ ਕਿਸੇ ਵੀ ਮੋੜ ਉੱਤੇ ਤੁਹਾਨੂੰ ਲੱਗੇ ਕਿ ਸਮਾਂ ਅਤੇ ਪ੍ਰਸਥਿਤੀਆ ਤੁਹਾਡੇ ਨਾਲ ਨਹੀਂ ਹਨ, ਤੁਸੀਂ ਲਕਸ਼ ਨੂੰ ਪ੍ਰਾਪਤ ਕਰਨ ਲਈ ਇਕ ਵਾਰ ਕਰੋਲੀ ਦੇ ਸੰਘਰਸ਼, ਉਸ ਦੀ ਇੱਛਾ ਸ਼ਕਤੀ ਦੇ ਬਾਰੇ ਜ਼ਰੂਰ ਸੋਚਣਾ … !
ਭਵਿੱਖ ਵਿੱਚ ਸ਼ਾਇਦ ਹੀ ਕੋਈ ਖਿਡਾਰੀ ਉਸ ਦਾ ਇਹ ਰਿਕਾਰਡ ਤੋੜਨ ਵਿੱਚ ਕਾਮਯਾਬ ਹੋ ਸਕੇਗਾ, ਕਿਉਂਕਿ ਇਹੋ ਜਿਹੇ ਰਿਕਾਰਡ ਬਣਾਉਣਾ ਮੁਸ਼ਕਲ ਹੀ ਨਹੀਂ ਬਲਕਿ ਅਸੰਭਵ ਵੀ ਹੁੰਦਾ ਹੈ।
ਪੇਸ਼ਕਰਤਾ: ਇੰਜੀ. ਤੇਜਪਾਲ ਸਿੰਘ – 94177-94756