ਭਾਜਪਾ ਨੇ ਜਿੰਨੀ ਵਾਰ ਮੇਰੇ ਨਾਲ ਹੱਥ ਮਿਲਾਇਆ, ਮੈਂ ਉਸ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ – ਜੁੱਗ ਪਲਟਾਊ ਬਹੁਜਨ ਮਹਾਂਨਾਇਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ
ਬਹੁਜਨ ਮਹਾਂ ਨਾਇਕ, ਕ੍ਰਾਂਤੀਕਾਰੀ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਸੰਘਰਸ਼ ਅਤੇ ਤਿਆਗ ਭਰੀ ਜ਼ਿੰਦਗੀ ਦੀ ਦਾਸਤਾਨ ਤੁਹਾਡੇ ਨਾਲ ਸਾਂਝੀ ਕਰਦੇ ਹਾਂ
ਪਟਿਆਲਾ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਗਸਤ:
ਸੰਨ 1998 ਵਿੱਚ ਸਾਹਿਬ ਰਾਜਿਸਥਾਨ ਦੇ ਬੀਕਾਨੇਰ ਸ਼ਹਿਰ ਵਿੱਚ ਸਨ। ਜੁਲਾਈ ਦੇ ਮਹੀਨੇ ਦਾ ਵਕਤ ਸੀ। ਤਾਪਮਾਨ ਵੀ ਲੱਗਭਗ 55-56 ਡਿਗਰੀ ਸੈਲਸੀਅਸ ਦੇ ਕਰੀਬ ਚੱਲ ਰਿਹਾ ਸੀ। ਮਾਨਿਆਵਰ ਸਾਹਿਬ ਜਦੋਂ ਜਨ ਸਭਾ ਨੂੰ ਸੰਬੋਧਨ ਕਰਕੇ ਵਾਪਸ ਆਪਣੇ ਹੈਲੀਕਾਪਟਰ ਵਿੱਚ ਬੈਠਣ ਲੱਗੇ ਤਾਂ ਬਹੁਤ ਸਾਰੇ ਪੱਤਰਕਾਰਾਂ ਨੇ ਸਾਹਿਬ ਨੂੰ ਘੇਰਾ ਪਾ ਲਿਆ। ਪੱਤਰਕਾਰਾਂ ਦਾ ਸਵਾਲ ਸੀ ਕਿ ਜਿਹੜੀ ਭਾਜਪਾ ਨੂੰ ਤੁਸੀਂ ਬ੍ਰਾਹਮਣਵਾਦ ਦੀ ਬੀ ਟੀਮ ਕਹਿ ਕਹਿ ਕੇ ਤੇ ਪਾਣੀ ਪੀ ਪੀ ਕੋਸਦੇ ਰਹਿੰਦੇ ਹੋ, ਤੁਸੀਂ ਤਾਂ ਸੱਤ੍ਹਾ ਦਾ ਅਨੰਦ/ਸਵਾਦ ਲੈਣ ਲਈ ਉਸੇ ਭਾਜਪਾ ਨਾਲ ਉੱਤਰ ਪ੍ਰਦੇਸ਼ ਵਿੱਚ ਦੁਬਾਰਾ ਫਿਰ ਹੱਥ ਮਿਲਾ ਲਿਆ ਹੈ?


ਸਾਹਿਬ ਦਾ ਬਹੁਤ ਹੀ ਦਾਰਸ਼ਨਿਕ ਜਵਾਬ ਸੀ ਕਿ ਮੈਂ ਭਾਜਪਾ ਨਾਲ ਹੱਥ ਨਹੀਂ ਮਿਲਾਉਂਦਾ, ਸਗੋਂ ਭਾਜਪਾ ਮੇਰੇ ਨਾਲ ਹੱਥ ਮਿਲਾਉਣ ਲਈ ਖ਼ੁਦ ਹੀ ਤੜਫ਼ਦੀ ਰਹਿੰਦੀ ਹੈ। ਭਾਜਪਾ ਨੇ ਜਿੰਨੀ ਵਾਰ ਵੀ ਮੇਰੇ ਨਾਲ ਹੱਥ ਮਿਲਾਇਆ ਹੈ, ਮੈਂ ਉਸ ਨੂੰ ਹਮੇਸ਼ਾ ਹੀ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਹੈ। ਕਿਉਂਕਿ ਸ਼ਰਤਾਂ ਤਾਂ ਮੇਰੀਆਂ ਹੀ ਹੁੰਦੀਆਂ ਹਨ।
ਪੱਤਰਕਾਰਾਂ ਨੂੰ ਸਾਹਿਬ ਨੇ ਅਗਲਾ ਜਵਾਬ ਦਿੰਦਿਆਂ ਕਿਹਾ ਕਿ ਸ਼ਾਇਦ ਤੁਹਾਨੂੰ ਕਾਂਸ਼ੀ ਰਾਮ ਦੀ ਫਿਲੌਸਫੀ ਦਾ ਅਜੇ ਪਤਾ ਨਹੀਂ ਹੈ ਕਿਉਂਕਿ ਮੇਰੀ ਪਹਿਲੀ ਅਤੇ ਆਖ਼ਰੀ ਸ਼ਰਤ ਇਹ ਹੁੰਦੀ ਹੈ ਕਿ ਮੁੱਖ ਮੰਤਰੀ ਸਾਡੀ ਪਾਰਟੀ ਦਾ ਹੀ ਹੋਵੇਗਾ। ਕਿਉਂਕਿ ਕਾਂਸ਼ੀ ਰਾਮ ਤਾਂ ਆਪਣੇ ਸਮਾਜ ਦੇ ਦੱਬੇ ਕੁੱਚਲੇ ਲੋਕਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਚਾਹੁੰਦਾ ਹੈ। ਇਸ ਲਈ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹਾਂ। ਸਾਹਿਬ ਨੇ ਇੱਕ ਸੀਨੀਅਰ ਪੱਤਰਕਾਰ ਨੂੰ ਪੁੱਛਿਆ ਕਿ ਤੇਰੀ ਕਿੰਨੀ ਕੁ ਉਮਰ ਹੈ, ਅੱਗੋਂ ਉਸਦਾ ਜਵਾਬ ਸੀ ਕਿ ਲਗਭਗ 52-53 ਸਾਲ ਹੈ।
ਸਾਹਿਬ ਦਾ ਅਗਲਾ ਪਲਟਵਾਰ ਸਵਾਲ ਸੀ ਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਇਹ ਦੱਸ ਕਿ ਹੁਣ ਤੱਕ ਸਾਡੇ ਸਮਾਜ ਦਾ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਕਿੰਨੀ ਵਾਰੀ ਬਣਿਆ ਹੈ? ਜਦੋਂ ਦਾ ਇਹ ਮੁਲਕ ਆਜ਼ਾਦ ਹੋਇਆ ਹੈ, ਇਸ ਮੁਲਕ ਨੂੰ ਆਜ਼ਾਦ ਹੋਇਆਂ ਵੀ ਅੱਜ 51 ਸਾਲ ਪੂਰੇ ਹੋ ਚੁੱਕੇ ਹਨ। ਫਿਰ ਪੱਤਰਕਾਰ ਨੂੰ ਅੱਗੇ ਕੋਈ ਜਵਾਬ ਹੀ ਨਹੀਂ ਆਇਆ। ਸਾਹਿਬ ਕਹਿਣ ਲੱਗੇ ਕਿ ਮੈਂ ਇਸ ਮੁਲਕ ਦੇ ਸਾਰੇ ਮਨੂੰਵਾਦੀ ਮੀਡੀਆ ਨੂੰ ਬਹੁਤ ਹੀ ਚੰਗੀ ਤਰ੍ਹਾਂ ਅਤੇ ਬਹੁਤ ਹੀ ਗਹਿਰਾਈ ਤੱਕ ਜਾਣਦਾ ਹਾਂ। ਮੈਂ ਸਭ ਤੋਂ ਪਹਿਲਾਂ ਇਸ ਉੱਪਰ ਹੀ ਅਧਿਐਨ ਕਰਿਆ ਸੀ। ਉਸ ਤੋਂ ਪਹਿਲਾਂ ਮੈਂ 2000 ਸਾਲਾਂ ਦੇ ਇਤਿਹਾਸ ਬਾਰੇ ਵੀ ਗਹਿਰਾਈ ਤੱਕ ਅਧਿਐਨ ਕੀਤਾ, ਮੈਂ ਇਹ ਸਭ ਕੁੱਝ ਕਰਨ ਤੋਂ ਬਾਅਦ ਹੀ ਰਾਜਨੀਤੀ ਵਿੱਚ ਪੈਰ ਪਾਇਆ।
ਸਾਹਿਬ ਦਾ ਅਗਲਾ ਸਵਾਲ ਸੀ ਕਿ ਤੁਸੀਂ ਉਹਨਾਂ ਲੋਕਾਂ ਦੀ ਕਦੇ ਗੱਲ ਨਹੀਂ ਕਰਦੇ, ਜਿਹੜੇ ਹਜ਼ਾਰਾਂ ਸਾਲਾਂ ਤੋਂ ਸਿੱਖਿਆ ਪ੍ਰਾਪਤ ਕਰਨ ਤੋਂ ਵੰਚਿਤ ਰਹਿ ਚੁੱਕੇ ਹਨ।ਜਾਓ ਜਾਕੇ ਆਪਣਾ ਕੰਮ ਕਰੋ। ਚਾਹੇ ਤੁਸੀਂ ਮੈਨੂੰ ਲੱਖ ਅਵਸਰਵਾਦੀ ਕਹਿੰਦੇ ਰਹੋ। ਮੈਂ ਆਪਣੇ ਸਮਾਜ ਨੂੰ ਸੱਤ੍ਹਾ ਤੱਕ ਪਹੁੰਚਾਉਣ ਲਈ ਕਿਸੇ ਵੀ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਵਾਂਗਾ। ਤੁਸੀਂ ਦੱਸੋ ਮੇਰੇ ਸਮਾਜ ਨੂੰ ਕਿ (51 ਸਾਲ) ਅੱਜ ਤੱਕ ਸੱਤ੍ਹਾ ਦੇ ਅਵਸਰ ਮਿਲੇ ਕਿੱਥੇ ਹਨ?
ਸਾਹਿਬ ਨੇ ਇੱਕ ਵਾਰ ਇਹ ਵੀ ਖੁਲਾਸਾ ਕੀਤਾ ਸੀ ਕਿ ਦਸੰਬਰ 1992 ਨੂੰ ਜਦੋਂ ਭਾਜਪਾ ਨੇ ਮੁਸਲਮਾਨਾਂ ਦੀ ਮਸਜਿਦ ਢਾਹ ਕੇ ਭਾਰਤ ਵਿੱਚ ਹਿੰਦੂਤਵ ਦੀ ਲਹਿਰ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਦਸੰਬਰ 1993 ਵਿੱਚ ਮੈਂ ਮੁਲਾਇਮ ਸਿੰਘ ਨਾਲ ਰਾਜਨੀਤਕ ਸਮਝੌਤਾ ਕਰਕੇ ਉੱਤਰ ਪ੍ਰਦੇਸ਼ ਵਿੱਚ ਉਸ ਦੀ ਇਸ ਕੋਸ਼ਿਸ਼ ਨੂੰ ਪੰਚਰ ਕਰਕੇ ਰੱਖ ਦਿੱਤਾ ਸੀ।
ਅਗਰ ਸਾਡਾ ਬਹੁਜਨ ਸਮਾਜ ਮਜ਼ਬੂਤ ਹੋਵੇਗਾ ਤਾਂ ਦੂਸਰੀਆਂ ਪਾਰਟੀਆਂ ਆਪਣੇ ਆਪ ਹੀ ਕਮਜ਼ੋਰ ਹੋ ਜਾਣਗੀਆਂ, ਇਸੇ ਕਰਕੇ ਹੀ ਮੈਂ ਆਪਣੇ ਸਮਾਜ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਹਰ ਹੀਲਾ ਅਪਲਾਈ ਕਰਨ ਲਈ ਤਿਆਰ-ਬਰ-ਤਿਆਰ ਰਹਿੰਦਾ ਹਾਂ, ਅਸੀਂ ਆਪਣਾ ਰਾਜਨੀਤਕ ਦਲ ਇਸੇ ਕਰਕੇ ਹੀ ਤਾਂ ਵੱਖਰਾ ਬਣਾਇਆ ਕਿ ਸੱਤ੍ਹਾ ਦੀ ਚਾਬੀ ਸਾਡੇ ਸਮਾਜ ਦੇ ਹੱਥਾਂ ਵਿੱਚ ਆਵੇ – ਜੁੱਗ ਪਲਟਾਊ ਬਹੁਜਨ ਮਹਾਂਨਾਇਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ
ਮੈਂ ਕਾਂਸ਼ੀ ਰਾਮ ਬੋਲਦਾਂ ਹਾਂ – ਪੰਮੀ ਲਾਲੋ ਮਜਾਰਾ-ਟੁੱਟੀਆਂ ਚੱਪਲਾਂ ਦੇ ਨਿਸ਼ਾਨਾਂ ਦਾ ਖੋਜੀ – 95011-43755
ਪੇਸ਼ਕਰਤਾ: ਇੰਜੀਨੀਅਰ ਤੇਜਪਾਲ ਸਿੰਘ-94177-94756, ਮੈਡਮ ਸਤਵੰਤ ਕੌਰ (ਮਿਸ਼ਨਰੀ)-97811-00478

