ਪੰਜਾਬੀ ਸਾਹਿਤਕ ਮੈਗਜ਼ੀਨ ਲਫ਼ਜ਼ਨਾਮਾ ਰਲੀਜ਼
ਰਿਵਰਸ ਚੰਡੀਗੜ੍ਹ ਲਿਟਰੇਰੀ ਸੋਸਾਇਟੀ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ਼ ਕਰਵਾਇਆ ਗਿਆ ਇਹ ਸਮਾਗਮ
ਸਾਰੀਆਂ ਭਾਸ਼ਾਵਾਂ ਦਾ ਆਪਣਾ ਮਹੱਤਵ ਹੈ ਪਰੰਤੂ ਪੰਜਾਬੀ ਭਾਸ਼ਾ ਦਾ ਰਿਸ਼ਤਾ ਇਨ੍ਹਾਂ ਸਾਰੀਆਂ ਤੋਂ ਅਲੱਗ ਹੈ – ਰਿਵਰਸ ਪਬਲਿਸ਼ਿੰਗ ਦੇ ਡਾਇਰੈਕਟਰ ਅਫਾਨ ਯਸ਼ਵੀ
ਅਨੁਵਾਦ ਦੀ ਬਦੌਲਤ ਲੇਖਕਾਂ ਦੀਆਂ ਰਚਨਾਵਾਂ ਨਾਲ਼ ਪਾਠਕਾਂ ਦੇ ਗਿਆਨ ਵਿੱਚ ਚੋਖਾ ਵਾਧਾ ਹੁੰਦਾ ਹੈ – ਸੁਭਾਸ਼ ਭਾਸਕਰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਅਗਸਤ:


ਪਿਛਲੇ ਦਿਨੀਂ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਸਾਹਿਤਕ ਮੈਗਜ਼ੀਨ ਲਫਜ਼ਨਾਮਾ ਰਲੀਜ਼ ਕੀਤਾ ਗਿਆ। ਇਸ ਮੌਕੇ ਬੋਲਦਿਆਂ ਰਿਵਰਸ ਪਬਲਿਸ਼ਿੰਗ ਦੇ ਡਾਇਰੈਕਟਰ ਅਫਾਨ ਯਸ਼ਵੀ ਨੇ ਕਿਹਾ ਕਿ ‘ਅਸੀਂ ਜਦੋਂ ਵੀ ਕਿਸੇ ਕੰਮ ਦੀ ਸ਼ੁਰੂਆਤ ਕਰਦੇ ਹਾਂ ਤਾਂ ਜ਼ਾਹਿਰ ਹੈ ਕਿ ਉਸ ਕੰਮ ਨਾਲ਼ ਬਹੁਤ ਸਾਰੀਆਂ ਹੋਰ ਗੱਲਾਂ ਵੀ ਜੁੜੀਆਂ ਹੋਈਆਂ ਹੁੰਦੀਆਂ ਹਨ। ਇਸ ਵਿੱਚ ਮਕਸਦ ਤਾਂ ਖਾਸ ਹੁੰਦਾ ਹੀ ਹੈ ਪਰੰਤੂ ਸਭ ਤੋਂ ਖਾਸ ਹੁੰਦਾ ਹੈ ਇਸ ਵਿੱਚਲੇ ਭਾਵ। ਸਾਰੀਆਂ ਭਾਸ਼ਾਵਾਂ ਦਾ ਆਪਣਾ ਮਹੱਤਵ ਹੈ ਪਰੰਤੂ ਪੰਜਾਬੀ ਭਾਸ਼ਾ ਦਾ ਰਿਸ਼ਤਾ ਇਨ੍ਹਾਂ ਸਾਰੀਆਂ ਤੋਂ ਅਲੱਗ ਹੈ। ਇਸ ਲਈ ਸਾਹਿਤ ਨੂੰ ਲੈ ਕੇ ਹੀ ਲਫ਼ਜ਼ਨਾਮਾ ਮੈਗਜ਼ੀਨ ਦੀ ਸ਼ੁਰੂਆਤ ਕੀਤੀ ਗਈ ਹੈ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਅਸੀਂ ਲਫ਼ਜ਼ਾਂ ਨਾਲ਼ ਸਜੀ ਮੁਹੱਬਤ ਨੂੰ ਇਸ ਮੈਗਜ਼ੀਨ ਦੇ ਰੂਪ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।’
ਅਫਾਨ ਯਸ਼ਵੀ ਨੇ ਅੱਗੇ ਕਿਹਾ ਕਿ ਸਾਡਾ ਮਕਸਦ ਹੈ ਕਿ ਇੱਕ ਐਸਾ ਮੰਚ ਤਿਆਰ ਕੀਤਾ ਜਾਵੇ ਜਿਸ ਵਿੱਚ ਪੰਜਾਬ ਦੇ ਇਤਿਹਾਸ, ਸੰਸਕ੍ਰਿਤੀ, ਸਾਹਿਤ ਅਤੇ ਹੋਰ ਪਹਿਲੂਆਂ ਨੂੰ ਕਲ਼ਾਵੇ ਵਿੱਚ ਲੈਂਦੇ ਹੋਏ ਦੂਸਰਿਆਂ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਲਫ਼ਜ਼ਨਾਮਾ ਮੈਗਜ਼ੀਨ ਅਲੱਗ ਅਲੱਗ ਥੀਮ ਤੇ ਆਧਾਰਿਤ ਪ੍ਰਕਾਸ਼ਿਤ ਕੀਤਾ ਜਾਵੇਗਾ ਜਿਵੇਂ ਕਿ ਇਸ ਵਾਰ ਇਸ ਦਾ ਥੀਮ ਪੰਜਾਬ ਦੇ ਤਿਉਹਾਰ ਹਨ। ਦੇਖਿਆ ਜਾਵੇ ਤਾਂ ਪੰਜਾਬੀ ਭਾਸ਼ਾ ਦਾ ਦਾਇਰਾ ਸੀਮਤ ਨਹੀਂ ਹੈ। ਵਿਦੇਸ਼ ਜਾਂਦੇ ਹੋਏ ਪੰਜਾਬੀ ਆਪਣੀ ਭਾਸ਼ਾ ਅਤੇ ਸਭਿਆਚਾਰ ਨਾਲ਼ ਹੀ ਲੈ ਕੇ ਗਏ ਹਨ। ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਜਿੰਨੀਆਂ ਲਹਿੰਦੇ ਪੰਜਾਬ ਵਿੱਚ ਮਜ਼ਬੂਤ ਹਨ, ਉਨੀਆਂ ਹੀ ਚੜ੍ਹਦੇ ਪੰਜਾਬ ਵਿੱਚ ਹਨ। ਉਨ੍ਹਾਂ ਕਿਹਾ ਮੈਗਜ਼ੀਨ ਦਾ ਅਗਲਾ ਅੰਕ ਸੂਫੀਵਾਦ ਤੇ ਆਧਾਰਿਤ ਹੋਵੇਗਾ।
ਜ਼ਿਕਰਯੋਗ ਹੈ ਕਿ ਇਹ ਸਮਾਗਮ ਰਿਵਰਸ ਚੰਡੀਗੜ੍ਹ ਲਿਟਰੇਰੀ ਸੋਸਾਇਟੀ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ਼ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ ਅਤੇ ਸੋਸਾਇਟੀ ਦੇ ਚੇਅਰਪਰਸਨ ਆਈ.ਏ.ਐਸ. ਅਧਿਕਾਰੀ ਡਾ. ਸੁਮਿਤ ਮਿਸ਼ਰਾ ਸਨ ਜਦਕਿ ਗੈਸਟ ਆਫ ਆਨਰ ਬੱਬੂ ਤੀਰ ਅਤੇ ਡਾ. ਲਖਵਿੰਦਰ ਜੌਹਲ।
ਲਫ਼ਜ਼ਨਾਮਾ ਮੈਗਜ਼ੀਨ ਰਲੀਜ਼ ਹੋਣ ਉਪਰੰਤ ਪੈਨਲ਼ ਡਿਸਕਸ਼ਨ ਹੋਈ, ਜਿਸ ਵਿੱਚ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ, ਉਪਿੰਦਰ ਕੌਰ ਸੇਖੋਂ ਅਤੇ ਫਿਲਮ ਮੇਕਰ ਬਲਪ੍ਰੀਤ ਸ਼ਾਮਿਲ ਹੋਏ ਜਦਕਿ ਇਸ ਡਿਸਕਸ਼ਨ ਦੇ ਮਾਡਰੇਟਰ ਸਨ ਰਾਵੀ ਪੰਧੇਰ। ਇੱਕ ਸਵਾਲ ਦਾ ਜਵਾਬ ਦਿੰਦਿਆਂ ਸੁਭਾਸ਼ ਭਾਸਕਰ ਨੇ ਕਿਹਾ ਕਿ ਅਨੁਵਾਦ ਆਸਾਨ ਨਹੀਂ ਹੁੰਦਾ, ਭਾਸ਼ਾ ਤੇ ਪਕੜ ਮਜ਼ਬੂਤ ਬਣਾਉਣੀ ਹੁੰਦੀ ਹੈ। ਜੇਕਰ ਕਿਸੇ ਸ਼ਬਦ ਤੇ ਮੈਂ ਅਟਕ ਜਾਵਾਂ ਤਾਂ ਐਪ ਜਾਂ ਦੋਸਤਾਂ ਦੀ ਮਦਦ ਲੈਂਦਾ ਹਾਂ। ਅਨੁਵਾਦ ਦੀ ਬਦੌਲਤ ਲੇਖਕਾਂ ਦੀਆਂ ਰਚਨਾਵਾਂ ਨਾਲ਼ ਪਾਠਕਾਂ ਦੇ ਗਿਆਨ ਵਿੱਚ ਚੋਖਾ ਵਾਧਾ ਹੁੰਦਾ ਹੈ।

