ਹੋਮੀ ਭਾਭਾ ਕੈਂਸਰ ਹਸਪਤਾਲ ਵਿਖੇ ਡਾਕਟਰਾਂ ਤੇ ਸਮਾਜ ਸੇਵੀ ਸੰਸਥਾਵਾਂ ਦੀ ਮੀਟਿੰਗ ਹੋਈ
ਚੰਡੀਗੜ੍ਹ 23 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਨਿਊ ਚੰਡੀਗੜ੍ਹ ਸਥਿਤ ਹੋਮੀ ਭਾਭਾ ਕੈਂਸਰ ਹਸਪਤਾਲ ਮੈਂਡੀ ਸਿਟੀ, ਈਕੋ ਸਿਟੀ ਦਾ ਪਿਛਲੇ ਸਾਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਅਤੇ ਹੋਰ ਮੰਤਰੀਆਂ ਅਤੇ ਸਿਹਤ ਮੰਤਰੀ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਦਘਾਟਨ ਕੀਤਾ ਗਿਆ ਸੀ। ਇਸ ਹਸਪਤਾਲ ਵਿੱਚ ਜਿੱਥੇ +450 ਬੈਡਾਂ ਦੀ ਸਹੂਲਤ ਹੈ, ਨਾਲ ਹੀ ਕੈਂਸਰ ਵਰਗੀ ਭਿਆਨਕ ਬਿਮਾਰੀ ਤੇ ਹੋਰ ਬਿਮਾਰੀਆਂ ਦਾ ਪੰਜਾਬ ਦਾ ਇਹ ਪਹਿਲਾ ਹਸਪਤਾਲ ਵੀ ਹੈ। ਬੀਤੇ ਦਿਨੀਂ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਵਿਖੇ ਡਾਇਰੈਕਟਰ ਡਾ ਅਸ਼ੀਸ਼ ਗੁਲੀਆ, ਡਾ ਰਾਹਤ ਬਰਾੜ (ਰੇਡੀਓਲੋਜਿਸਟ), ਡਾ ਪ੍ਰਭਜੋਤ ਕੌਰ ਐੱਮ ਐੱਸ ਡਬਲਿਊ, ਡਾ ਨੀਲਿਮਾ ਸਲਵੀ (ਸੀਨੀਅਰ ਮੈਡੀਕਲ ਸੋਸ਼ਲ ਵਰਕਰ ) ਵੱਲੋਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਹਸਪਤਾਲ ਦੇ ਸੀਨੀਅਰ ਡਾਕਟਰ ਅਤੇ ਸਟਾਫ ਮੌਜੂਦ ਸਨ, ਜਿਨ੍ਹਾਂ ਵਿੱਚ ਅਜੀਤ ਜੇਤਲੀ (ਐੱਸਓਐੱਸਵੀਏ) ਸ਼ਾਇਨਾ ਵਰਮਾ, ਸਟੇਟ ਹੈੱਡ ਰੈੱਡ ਕਰਾਸ ਸੁਸਾਇਟੀ, ਦਿਵਿਆ ਜੋਸ਼ੀ, ਸਟੇਟ ਕੋਆਰਡੀਨੇਟਰ ਸੰਜੀਵਨੀ, ਦਮਨ ਮਾਂਗਟ, ਡਾ ਪੂਰਨੀਵਲ ਸਹਿਗਲ, ਰੇਨੂੰ ਸਹਿਗਲ, ਮੁਸਹਾਪ ਜਹਿਦੀ ਸਟੇਟ ਕੋਆਰਡੀਨੇਟਰ, ਗਿਤੇਸ ਦੂਆ, ਮਨੀਸ਼ ਕੁਮਾਰ, ਹਿਮਾਂਸ਼ੂ ਪੁਰੀ, ਸ਼ਹਿਬਾਜ਼ ਖਾਨ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ। ਸੀਨੀਅਰ ਡਾ ਗੁਲੀਆ ਅਤੇ ਡਾ ਨੀਲਿਮਾ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਕੈਂਸਰ ਦੀਆਂ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਮਰੀਜਾਂ, ਜ਼ਰੂਰਤ ਮੰਦ ਅਤੇ ਗ਼ਰੀਬਾਂ ਲਈ ਪੇਇਟ ਵੈਲਫੇਅਰ ਫੰਡ ਪੰਜਾਬ ਤਹਿਤ ਸਾਰੇ ਦੇਸ ਵਿਦੇਸ਼ ਵਿੱਚ ਦਾਨੀ ਸੱਜਣਾਂ ਨੂੰ ਫੰਡ ਸਹਾਇਤਾ ਦੇਣ ਦੀ ਅਪੀਲ ਕੀਤੀ ਗਈ ਹੈ, ਜਿਸ ਵਿੱਚ ਦਾਨ ਕਰਨ ਵਾਲੇ ਸੱਜਣਾਂ ਨੂੰ ਪ੍ਰਮਾਣਿਤ ਸਰਟੀਫਿਕੇਟ ਅਤੇ ਇਨਕਮ ਟੈਕਸ ਵਿੱਚ ਵਿਸ਼ੇਸ਼ ਛੋਟ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਹਰੇਕ ਦਾਨੀ ਸੱਜਣ ਵੱਲੋਂ ਦਿੱਤਾ ਗਿਆ ਦਾਨ ਸਹੀ ਵਰਤੋਂ, ਮਰੀਜ਼ਾਂ ਦੇ ਟੈਸਟ, ਦਵਾਈਆਂ ਅਤੇ ਓਪਰੇਸ਼ਨ ਲਈ, ਮਰੀਜ਼ਾਂ ਦੇ ਆਉਣ ਜਾਣ ਅਤੇ ਮੁਫ਼ਤ ਰਹਿਣ ਦੀ ਸੁਵਿਧਾ, ਮੁਫ਼ਤ ਲੰਗਰ ਦੀ ਸੇਵਾ ਵਰਗੀ ਸਹਾਇਤਾ ਵਿੱਚ ਲਿਆਂਦਾ ਜਾਵੇਗਾ। ਇਸ ਲਈ ਦਾਨੀ ਸੱਜਣ ਟਾਟਾ ਮੈਮੋਰੀਅਲ ਸੈਂਟਰ ਚੰਡੀਗੜ੍ਹ, ਸੈਂਟਰਲ ਬੈਂਕ ਆਫ ਇੰਡੀਆ, ਅਕਾਊਂਟ ਨੰਬਰ ਆਈਐੱਫਐੱਸਸੀ ਕੋਡ CBINO281186 ਐੱਮਆਈਸੀਆਰ 5161768959 ਪੈੱਨ ਨੰ AAATT3620R ਤਹਿਤ ਦਾਨ ਕਰ ਕੇ ਰਸੀਦ ਪ੍ਰਾਪਤ ਕਰ ਸਕਦੇ ਹਨ।
ਇਸ ਮੌਕੇ ਮੁੱਲਾਂਪੁਰ ਗਰੀਬਦਾਸ ਤੋਂ ਸਮਾਜ ਸੇਵੀ ਸ੍ਰੀ ਅਰਵਿੰਦ ਪੁਰੀ ਚੇਅਰਮੈਨ ਪੁਰੀ ਟਰੱਸਟ ਵੱਲੋਂ ਸਾਰੇ ਹੀ ਸਮਾਜਸੇਵੀ ਵੀਰਾਂ ਦਾ ਅਤੇ ਸੀਨੀਅਰ ਡਾਕਟਰਾਂ ਤੇ ਸਟਾਫ ਦਾ ਸ੍ਰੀ ਗਣੇਸ਼ ਜੀ ਦੀ ਮੂਰਤੀ ਦੇ ਕੇ ਮਾਣ ਸਨਮਾਨ ਕੀਤਾ ਗਿਆ। ਸ੍ਰੀ ਪੁਰੀ ਵੱਲੋਂ ਕਿਹਾ ਗਿਆ ਕਿ ਅਸੀਂ ਇੱਕ ਜੁੱਟ ਹੋ ਕੇ ਇਹਨਾਂ ਲੋੜਵੰਦ ਕੈਂਸਰ ਦੇ ਮਰੀਜ਼ਾਂ ਲਈ ਸੇਵਾ ਨਿਭਾਉਂਦੇ ਰਹਾਂਗੇ। ਅਖੀਰ ਵਿੱਚ ਸ੍ਰੀ ਪੁਰੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।

