ਬੱਦੋਵਾਲ਼ ਦਾ ਮੰਦਭਾਗਾ ਸਕੂਲ ਹਾਦਸਾ
ਚੰਡੀਗੜ੍ਹ 24 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਕੱਲ੍ਹ ਲੁਧਿਆਣਾ ਜ਼ਿਲ੍ਹੇ ਦੇ ਵੱਡੀ ਆਬਾਦੀ ਵਾਲ਼ੇ ਪਿੰਡ ਬੱਦੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਮੁਰੰਮਤ ਅਧੀਨ ਬਿਲਡਿੰਗ ਦੇ ਦੋ ਕਮਰਿਆਂ ਦੀਆਂ ਛੱਤਾਂ ਦੀਆਂ ਸਲੈਬਾਂ ਢਹਿ-ਢੇਰੀ ਹੋ ਜਾਣ ਕਾਰਨ ਇਸ ਦੀ ਲਪੇਟ ਵਿੱਚ ਆਏ ਚਾਰ ਅਧਿਆਪਕਾਂ ਵਿੱਚੋ ਇੱਕ ਅਧਿਆਪਕਾ ਰਵਿੰਦਰਪਾਲ ਕੌਰ ਦੀ ਮੌਤ ਹੋ ਗਈ ਹੈ ਅਤੇ ਨਰਿੰਦਰਜੀਤ ਕੌਰ, ਇੰਦੂ ਰਾਣੀ ਅਤੇ ਸੁਖਜੀਤ ਕੌਰ ਫੱਟੜ ਹੋ ਗਏ ਹਨ। ਇਸ ਹੌਲਨਾਕ ਘਟਨਾ ਨਾਲ਼ ਸਮੁੱਚੇ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।


ਇਸ ਸਬੰਧੀ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਜੀ ਨੇ ਪ੍ਰੈੱਸ ਰਾਹੀਂ ਉਪਰੋਕਤ ਘਟਨਾ ਬਾਰੇ ਅਵਾਮ ਅੱਗੇ ਰੂਬਰੂ ਹੁੰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੁਰਘਟਨਾ ਸਬੰਧੀ ਸ਼੍ਰੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਆਪਣੀ ਸੰਵੇਦਨਾ ਪ੍ਰਗਟ ਕੀਤੀ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਨੂੰ ਕਿਹਾ। ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਬਿਲਡਿੰਗ ਦਾ ਕੰਮ ਕਰ ਰਹੇ ਠੇਕੇਦਾਰ ਖਿਲਾਫ਼ ਐਫ਼ਆਈਆਰ ਦਰਜ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਦੇ ਮਜਿਸਟ੍ਰੇਟੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
ਇਸ ਤਰ੍ਹਾਂ ਦੀ ਇੱਕ ਹੋਰ ਘਟਨਾਂ ਵਿੱਚ ਅੱਜ ਹੀ ਮਿਜ਼ੋਰਮ ਦੀ ਰਾਜਧਾਨੀ ਆਈਜ਼ੋਲ ਨਜ਼ਦੀਕ ਇੱਕ ਉਸਾਰੀ ਅਧੀਨ ਰੇਲਵੇ ਪੁਲ਼ ਦਾ ਇੱਕ ਪਲੇਟ ਗਿਰਡਰ ਟੁੱਟ ਜਾਣ ਕਾਰਨ ਉਸ ਉਪਰ ਬੈੱਡ ਕੇ ਕੰਮ ਕਰ ਰਹੇ 17 ਮਜ਼ਦੂਰਾਂ ਦੀ 341 ਫੁੱਟ ਉਚਾਈ ਤੋਂ ਹੇਠਾਂ ਡਿਗ ਕੇ ਮੌਤ ਹੋ ਜਾਣ ਦੀ ਦਰਦਨਾਕ ਖ਼ਬਰ ਵੀ ਆਈ ਹੈ। ਮੀਡੀਆ ਰਾਹੀਂ ਨਸ਼ਰ ਹੋਈਆਂ ਖ਼ਬਰਾਂ ਮੁਤਾਬਕ ਬੱਦੋਵਾਲ ਦੇ ਸਕੂਲ ਆਫ਼ ਐਮੀਨੈੱਸ ਤਹਿਤ ਉਪਰੋਕਤ ਸਕੂਲ ਦੀ ਮੁਰੰਮਤ ਦੇ ਚੱਲ ਰਹੇ ਕੰਮ ਦੌਰਾਨ ਉਪਰਲੀ ਮੰਜ਼ਿਲ ਦੇ ਇੱਕ ਕਮਰੇ ਦੀ ਸਲੈਬ (ਲੈਂਟਰ) ਫੇਲ ਹੋ ਕੇ ਉਸ ਦੇ ਹੇਠਲੇ ਗਰਾਊਂਡ ਫਲੋਰ ਦੇ ਕਮਰੇ ਦੀ ਸਲੈਬ ਉਪਰ ਡਿਗ ਪਈ, ਜਿਸ ਦਾ ਭਾਰ ਨਾ ਝੱਲਦਿਆਂ ਇਸ ਨੇ ਇਸ ਕਮਰੇ (ਸਟਾਫ਼ ਰੂਮ) ਵਿੱਚ ਲੰਚ ਕਰ ਰਹੇ ਚਾਰ ਟੀਚਰਾਂ ਨੂੰ ਦੱਬ ਲਿਆ। ਇੱਕ ਚਸ਼ਮਦੀਦ ਬੱਗਾ ਸਿੰਘ ਅਨੁਸਾਰ ਉਪਰਲੀ ਮੰਜ਼ਿਲ ਦੀ ਕੰਧ ਉੱਤੇ ਪਈਆਂ ਇੱਟਾਂ ਸਟਾਫ਼ ਰੂਮ ਦੀ ਛੱਤ ਉੱਤੇ ਡਿਗ ਪਈਆਂ ਅਤੇ ਛੱਤ ਢਹਿ ਗਈ।
ਉਪਰੋਕਤ ਬਿਲਡਿੰਗ 63 ਸਾਲ ਪੁਰਾਣੀ ਸੀ ਅਤੇ ਇਸ ਦੀ ਉਪਰਲੀ ਮੰਜ਼ਿਲ ਦੀ ਛੱਤ ਦੀ ਰਿਪੇਅਰ ਚੱਲ ਰਹੀ ਸੀ। ਇਹ ਦੁਰਘਟਨਾ ਕਿਉਂ ਵਾਪਰੀ ? ਇਸ ਲਈ ਕੌਣ ਦੋਸ਼ੀ ਹੈ? ਇਸ ਬਾਰੇ ਤਾਂ ਪਤਾ ਇਸਦੀ ਮੁਕੰਮਲ ਪੜਤਾਲ ਤੋਂ ਬਾਅਦ ਹੀ ਲੱਗੇਗਾ, ਪਰ ਇਹ ਗੱਲ ਜ਼ਰੂਰ ਹੈ ਕਿ ਕਿਸੇ ਨਾ ਕਿਸੇ ਪੱਧਰ ਉੱਤੇ ਅਣਗਹਿਲੀ ਤਾਂ ਵਾਪਰੀ ਹੀ ਹੈ। ਉਪਰੋਕਤ ਦੁਰਘਟਨਾ ਸਕੂਲਾਂ ਦੀਆਂ ਇਮਾਰਤਾਂ ਵਿਸ਼ੇਸ਼ ਕਰਕੇ ਪੁਰਾਣੀਆਂ ਬਿਲਡਿੰਗਾਂ ਦੇ ਸੁਰੱਖਿਅਤ ਹੋਣ ਸਬੰਧੀ ਸਵਾਲੀਆ ਨਿਸ਼ਾਨ ਲਾਉਂਦੀ ਹੈ। ਪੰਜਾਬ ਦੇ ਲਗਭਗ ਹਰੇਕ ਪਿੰਡ – ਸ਼ਹਿਰ ਵਿੱਚ ਸਰਕਾਰੀ ਸਕੂਲ ਅਤੇ ਆਂਗਨਵਾੜੀ ਸੈਂਟਰ ਹਨ। ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਦੀਆਂ ਇਮਾਰਤਾਂ ਦੀ ਉਸਾਰੀ ਅਤੇ ਰੱਖ-ਰਖਾਅ ਦੀ ਵਿਵਸਥਾ ਨੂੰ ਵੇਖਿਆ ਜਾਵੇ ਤਾਂ ਇਹ ਅਜੇ ਸਮੇਂ ਦੀ ਹਾਣੀ ਨਹੀਂ ਬਣ ਸਕੀ ਹੈ। ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ-ਬੀਐਂਡਆਰ) ਪੰਜਾਬ ਵਿੱਚ ਸਰਕਾਰੀ ਬਿਲਡਿੰਗਾਂ ਦੀ ਉਸਾਰੀ ਸਬੰਧੀ ਨਿਯਮਾਂ-ਮਾਪਦੰਡਾਂ ਦਾ ਨਿਰਧਾਰਨ ਕਰਨ ਅਤੇ ਸੁਰੱਖਿਆ ਜਾਂਚ ਕਰਨ ਲਈ ਅਧਿਕਾਰਤ ਨੋਡਲ ਏਜੰਸੀ ਹੈ।

