ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਧੀ ਹੋਈ ਮਿਲਿੰਗ ਸਮਰੱਥਾ ਦੀ ਅੰਤਿਮ ਰਜਿਸਟ੍ਰੇਸ਼ਨ ਸਬੰਧੀ ਰਾਈਸ ਮਿੱਲਰਾਂ ਦੀ ਮੰਗ ਨੂੰ ਵਿਚਾਰਦਿਆਂ ਰਜਿਸਟ੍ਰੇਸ਼ਨ ਦੀ ਮਿਆਦ ਇੱਕ ਦਿਨ ਲਈ ਵਧਾਈ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਅਗਸਤ:
ਰਾਈਸ ਮਿੱਲਰ ਐਸੋਸੀਏਸ਼ਨਾਂ ਦੀਆਂ ਬੇਨਤੀਆਂ ‘ਤੇ ਵਿਚਾਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਅੱਜ ਸਾਉਣੀ ਮਾਰਕੀਟਿੰਗ ਸੀਜ਼ਨ 2023-24 ਲਈ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਤੋਂ ਆਪਣੀ ਵਧੀ ਹੋਈ ਮਿਲਿੰਗ ਸਮਰੱਥਾ (ਟਨਾਂ ਵਿੱਚ) ਦੀ ਅੰਤਿਮ ਰਜਿਸਟ੍ਰੇਸ਼ਨ ਕਰਵਾਉਣ ਦੀ ਮੰਗ ਕਰਨ ਵਾਲੇ ਰਾਈਸ ਮਿੱਲਰਾਂ ਲਈ ਰਜਿਸਟ੍ਰੇਸ਼ਨ ਦੀ ਮਿਆਦ ਇੱਕ ਦਿਨ ਲਈ ਵਧਾਉਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਫੀਲਡ ਸਟਾਫ਼ ਵੱਲੋਂ ਮਿੱਲਾਂ ਦੇ ਨਿਰੀਖਣ ਦੀ ਆਖਰੀ ਮਿਤੀ 28 ਅਗਸਤ, 2023 ਤੋਂ ਵਧਾ ਕੇ 1 ਸਤੰਬਰ, 2023 ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ।
ਇਨ੍ਹਾਂ ਫੈਸਲਿਆਂ ਦਾ ਉਦੇਸ਼ ਸੂਬੇ ਵਿੱਚ ਹੜ੍ਹਾਂ ਕਰਕੇ ਬਣੇ ਹਾਲਾਤਾਂ ਦੇ ਮੱਦੇਨਜ਼ਰ ਆਪਣੀ ਪ੍ਰਕਿਰਿਆ ਮੁਕੰਮਲ ਕਰਵਾਉਣ ਵਿੱਚ ਪੱਛੜ ਗਏ ਰਾਈਸ ਮਿੱਲਰਾਂ ਨੂੰ ਆਪਣੀਆਂ ਨਵੀਆਂ ਸਥਾਪਿਤ ਰਾਈਸ ਯੂਨਿਟਾਂ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ। ਚਾਹਵਾਨ ਰਾਈਸ ਮਿੱਲਰ 25-8-2023 ਰਾਤ 9 ਵਜੇ ਤੋਂ 26-08-2023 ਦੀ ਰਾਤ ਤੱਕ ਵਿਭਾਗ ਦੇ ਅਨਾਜ ਖਰੀਦ ਪੋਰਟਲ ‘ਤੇ ਲੌਗ-ਆਨ ਕਰ ਸਕਦੇ ਹਨ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਵਧੀ ਹੋਈ ਮਿਲਿੰਗ ਸਮਰੱਥਾ ਸਬੰਧੀ ਰਜਿਸਟ੍ਰੇਸ਼ਨ ਲਈ ਅਪਲਾਈ ਕਰਨ ਦੀ ਆਖਰੀ ਮਿਤੀ 21-8-2023 ਤੱਕ ਸੀ, ਜਿਸਦੀ ਮਿਆਦ ਹੁਣ ਵਧੀ ਹੋਈ ਸਮਰੱਥਾ ਦੀ ਅੰਤਿਮ ਰਜਿਸਟ੍ਰੇਸ਼ਨ ਸਬੰਧੀ ਰਾਈਸ ਮਿੱਲਰਾਂ ਦੀ ਮੰਗ ਨੂੰ ਵਿਚਾਰਦਿਆਂ ਇੱਕ ਦਿਨ ਹੋਰ ਵਧਾ ਦਿੱਤੀ ਗਈ ਹੈ।
ਇਹ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਪੜਾਅ 2 ਦੀ ਅਲਾਟਮੈਂਟ ਅਤੇ ਸਮਝੌਤਿਆਂ ‘ਤੇ ਹਸਤਾਖਰ ਕਰਨ ਅਤੇ ਬੈਂਕ ਗਾਰੰਟੀ ਜਮ੍ਹਾ ਕਰਨ ਦੀਆਂ ਅੰਤਿਮ ਤਾਰੀਖਾਂ ਸਮੇਤ ਹੋਰ ਤਰੀਕਾਂ ਵਿੱਚ ਅੱਗੇ ਕੋਈ ਵਾਧਾ ਨਹੀਂ ਕੀਤਾ ਜਾਵੇਗਾ, ਤਾਂ ਜੋ ਆਨਲਾਈਨ ਰਜਿਸਟ੍ਰੇਸ਼ਨ, ਔਨਲਾਈਨ ਚੈਕਿੰਗ ਅਤੇ ਵੈਰੀਫਿਕੇਸ਼ਨ ਦੇ ਨਾਲ-ਨਾਲ ਖਰੀਦ ਕੇਂਦਰ ਦੇ ਨਾਲ ਮਿੱਲਾਂ ਦੀ ਆਨਲਾਈਨ ਲਿੰਕੇਜ ਦੇ ਸਮੁੱਚੇ ਉਦੇਸ਼ ਨੂੰ ਨਿਰਵਿਘਨ ਢੰਗ ਨਾਲ ਪ੍ਰਾਪਤ ਕਰਨਾ ਯਕੀਨੀ ਬਣਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਰਾਈਸ ਮਿੱਲਰਾਂ ਨੂੰ ਆਪਣੀ ਮਿਲਿੰਗ ਸਮਰੱਥਾ ਵਿੱਚ ਵਾਧਾ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਬਸ਼ਰਤੇ ਉਹ ਵਿਭਾਗ ਦੀ ਕਸਟਮ ਮਿਲਿੰਗ ਨੀਤੀ ਵਿੱਚ ਨਿਰਧਾਰਤ ਢੁੱਕਵੇਂ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ। ਝੋਨੇ ਦਾ ਆਗਾਮੀ ਖਰੀਦ ਸੀਜ਼ਨ 1 ਅਕਤੂਬਰ, 2023 ਤੋਂ ਸ਼ੁਰੂ ਹੋਵੇਗਾ ਜਿਸ ਦੌਰਾਨ ਸੂਬੇ ਦੀਆਂ ਖਰੀਦ ਏਜੰਸੀਆਂ ਅਤੇ ਐਫ.ਸੀ.ਆਈ. ਵੱਲੋਂ ਲਗਭਗ 182 ਲੱਖ ਮੀਟ੍ਰਿਕ ਟਨ (ਐਲ.ਐਮ.ਟੀ.) ਝੋਨੇ ਦੀ ਖਰੀਦ ਕੀਤੀ ਜਾਵੇਗੀ। ਸਾਉਣੀ ਮੰਡੀਕਰਨ ਸੀਜ਼ਨ 2023-24 ਲਈ ਕਸਟਮ ਮਿਲਿੰਗ ਨੀਤੀ ਦੇ ਉਪਬੰਧਾਂ ਅਨੁਸਾਰ ਕਿਸਾਨਾਂ ਤੋਂ ਖਰੀਦਿਆ ਝੋਨਾ ਕਸਟਮ ਮਿਲਿੰਗ ਲਈ ਯੋਗ ਰਾਈਸ ਮਿੱਲਰਾਂ ਨੂੰ ਅਲਾਟ ਕੀਤਾ ਜਾਵੇਗਾ।