ਖਰੜ ਥਾਣੇ ਵਿਚ ਤਾਇਨਾਤ ਰਿਸ਼ਵਤਖੋਰ ਪੁਲਿਸ ਮੁਲਾਜ਼ਮ ਵਿਰੁੱਧ ਪਰਚਾ ਦਰਜ
ਰਿਸ਼ਵਤਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਅਨਮੋਲ ਗਗਨ ਮਾਨ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਅਗਸਤ:
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਹੁਕਮਾਂ ‘ਤੇ ਪੁਲਿਸ ਸਟੇਸ਼ਨ ਸਦਰ ਖਰੜ ਵਿਖੇ ਤਾਇਨਾਤ ਪੁਲਿਸ ਮੁਲਾਜ਼ਮ ਊਧਮ ਸਿੰਘ ਖਿਲਾਫ਼ ਰਿਸ਼ਵਤ ਮੰਗਣ ਦੇ ਦੋਸ਼ ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਖਿਜਰਾਬਾਦ ਨਿਵਾਸੀ ਪਰਮਜੀਤ ਸਿੰਘ ਤੋਂ ਪੁਲਿਸ ਮੁਲਾਜ਼ਮ ਊਧਮ ਸਿੰਘ ਅਸਿੱਧੇ ਢੰਗ ਨਾਲ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਪਰਮਜੀਤ ਸਿੰਘ ਵਲੋਂ ਇਸ ਸਬੰਧੀ ਵੀਡੀਓ ਬਣਾ ਕੇ ਵਾਈਰਲ ਕਰ ਦਿੱਤੀ ਗਈ ਸੀ।
ਹਲਕਾ ਖਰੜ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਧਿਆਨ ਵਿੱਚ ਜਦੋਂ ਇਹ ਵੀਡੀਓ ਆਈ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਐਸ.ਐਸ.ਪੀ. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ। ਕਾਰਵਾਈ ਕਰਦਿਆਂ ਊਧਮ ਸਿੰਘ ਖਿਲਾਫ ਥਾਣਾ ਸਦਰ ਖਰੜ ਵਿਖੇ ਐਫ.ਆਈ.ਆਰ. ਦਰਜ ਕਰਕੇ ਸਰਕਾਰੀ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿਸੇ ਵੀ ਤਰ੍ਹਾਂ ਦੀ ਰਿਸ਼ਵਤਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸ਼ਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਰੋਕਣ ਲਈ ਵੱਟਸਐਪ ਨੰਬਰ 95012 00200 ਜਾਰੀ ਕੀਤਾ ਗਿਆ ਹੈ, ਜਿਸ ਉੱਤੇ ਵੀ ਲੋਕ ਭ੍ਰਿਸ਼ਟਾਚਾਰ ਸਬੰਧੀ ਆਪਣੀ ਸ਼ਿਕਾਇਤਾਂ ਦਰਜ ਕਰ ਸਕਦੇ ਹਨ।