www.sursaanjh.com > ਅੰਤਰਰਾਸ਼ਟਰੀ > ਪੰਜਾਬ ਸਾਹਿਤ ਅਕਾਦਮੀ ਵੱਲੋਂ ਦੇਸ ਰਾਜ ਕਾਲੀ ਦੇ ਬੇਵਕਤ ਤੁਰ ਜਾਣ ‘ਤੇ ਪ੍ਰਗਟਾਇਆ ਗਿਆ ਅਫ਼ਸੋਸ

ਪੰਜਾਬ ਸਾਹਿਤ ਅਕਾਦਮੀ ਵੱਲੋਂ ਦੇਸ ਰਾਜ ਕਾਲੀ ਦੇ ਬੇਵਕਤ ਤੁਰ ਜਾਣ ‘ਤੇ ਪ੍ਰਗਟਾਇਆ ਗਿਆ ਅਫ਼ਸੋਸ

ਪੰਜਾਬ ਸਾਹਿਤ ਅਕਾਦਮੀ ਵੱਲੋਂ ਦੇਸ ਰਾਜ ਕਾਲੀ ਦੇ ਬੇਵਕਤ ਤੁਰ ਜਾਣ ‘ਤੇ ਪ੍ਰਗਟਾਇਆ ਗਿਆ ਅਫ਼ਸੋਸ

ਦੇਸ ਰਾਜ ਕਾਲੀ ਉੱਘੇ ਨਾਵਲਕਾਰ, ਚਰਚਿਤ ਕਹਾਣੀਕਾਰ, ਸੰਪਾਦਕ, ਚਿੰਤਕ, ਨਿਧੜਕ ਪੱਤਰਕਾਰ ਅਤੇ ਜ਼ਿੰਦਾਦਿਲ ਇਨਸਾਨ ਵਜੋਂ ਵਿਚਰਦੇ ਰਹੇ

ਪੰਜਾਬ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਵਜੋਂ ਦੇਸ ਰਾਜ ਕਾਲੀ ਦੀਆਂ ਸੇਵਾਵਾਂ ਯਾਦਗਾਰੀ ਹਨ- ਡਾ. ਸਰਬਜੀਤ ਕੌਰ ਸੋਹਲ 

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 28 ਅਗਸਤ:

ਪੰਜਾਬ ਸਾਹਿਤ ਅਕਾਦਮੀ ਪੰਜਾਬੀ ਦੇ ਵੱਡੇ ਨਾਵਲਕਾਰ, ਕਹਾਣੀਕਾਰ, ਚਿੰਤਕ, ਸੰਪਾਦਕ ਅਤੇ ਅਕਾਦਮੀ ਦੇ ਮੀਤ ਪ੍ਰਧਾਨ ਦੇਸ ਰਾਜ ਕਾਲੀ ਦੀ ਅਚਾਨਕ ਹੋਈ ਮੌਤ ‘ਤੇ ਡੂੰਘੇ ਅਫਸੋਸ ਦਾ ਪਰਗਟਾਵਾ ਕਰਦੀ  ਹੈ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਦੇਸ ਰਾਜ ਕਾਲੀ ਵਰਤਮਾਨ ਦੌਰ ਵਿੱਚ ਪੰਜਾਬੀ ਦਾ ਸਮਰੱਥਾਵਾਨ ਚਿੰਤਕ ਸੀ। ਉਸ ਨੇ ਪੰਜਾਬੀ ਆਲੋਚਨਾ, ਖੋਜ ਤੇ ਚਿੰਤਨ ਦੇ ਖੇਤਰ ਵਿੱਚ ਆਪਣੀਆਂ ਨਵੀਨ ਅਤੇ ਮੌਲਿਕ ਧਾਰਨਾਵਾਂ ਨਾਲ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।

ਅਕਾਦਮੀ ਦੇ ਜਨਰਲ ਸਕੱਤਰ ਡਾ. ਰਵੇਲ ਸਿੰਘ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਦੇਸ ਰਾਜ ਕਾਲੀ ਦਾ ਕਾਰਜ ਪੰਜਾਬੀ ਸਾਹਿਤ ਅਤੇ ਸਮਾਜ ਦੇ ਖੇਤਰ ਵਿੱਚ ਨਵੇਂ ਮਿਆਰ ਕਾਇਮ ਕਰਨ ਵਾਲਾ ਸੀ। ਉਸ ਦੀ ਸਿਆਸੀ ਸਮੀਖਿਆ ਅਤੇ ਸਮਾਜਿਕ ਵਰਤਾਰਿਆਂ ਦੀਆਂ ਗੁੰਝਲ਼ਾਂ ਨੂੰ ਪਕੜਨ ਵਾਲੀ ਨੀਝ ਵਿਰਲੇ ਲੋਕਾਂ ਕੋਲ ਹੁੰਦੀ ਹੈ। ਉਸ ਦਾ ਇੰਝ ਅਚਾਨਕ ਤੁਰ ਜਾਣਾ ਸਾਹਿਤ ਅਤੇ ਸਮਾਜ ਲਈ ਵੱਡਾ ਘਾਟਾ ਹੈ। ਅਕਾਦਮੀ ਦੀ ਕਾਰਜ ਕਾਰਨੀ ਦੇ ਮੈਂਬਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਕਾਲੀ ਕੁਸ਼ਲ ਪ੍ਰਬੰਧਕ ਅਤੇ ਚਿੰਤਕ ਸੀ ਉੱਥੇ  ਉਹ ਮਾਨਵੀ ਕਦਰਾਂ ਕੀਮਤਾਂ ਨਾਲ ਭਰਿਆ ਹੋਇਆ ਇਨਸਾਨ ਸੀ, ਉਸ ਵਿੱਚ ਸੱਚ ਨੂੰ ਸੱਚ ਕਹਿਣ ਦੀ ਅਥਾਹ ਦਲੇਰੀ ਸੀ। ਪੱਤਰਕਾਰੀ ਦੇ ਖੇਤਰ ਵਿੱਚ ਬੇਬਾਕੀ ਦਾ ਜਿਹੜਾ ਪਰਚਮ ਦੇਸ ਰਾਜ ਕਾਲੀ ਨੇ ਬੁਲੰਦ ਕਰੀ ਰੱਖਿਆ, ਉਹ ਆਪਣੀ ਮਿਸਾਲ ਆਪ ਸੀ।

ਦੇਸ ਰਾਜ ਕਾਲੀ ਨਾਲ ਲੰਬਾ ਸਮਾਂ ਸਾਥ ਨਿਭਾਉਣ ਵਾਲ਼ੇ ਕਹਾਣੀਕਾਰ ਮੱਖਣ ਮਾਨ ਨੇ ਕਿਹਾ ਕਿ ਦੇਸ ਰਾਜ ਕਾਲੀ ਨੇ ਪੰਜਾਬੀ ਸਾਹਿਤ, ਸਮਾਜ ਅਤੇ ਸਭਿਆਚਾਰ ਦੇ ਜਟਿਲ ਵਰਤਾਰਿਆਂ ਦੀ ਜੋ ਵਿਆਖਿਆ ਕੀਤੀ, ਉਸ ਨੂੰ ਦੇਰ ਤਕ ਯਾਦ ਰੱਖਿਆ ਜਾਵੇਗਾ। ਅਕਾਦਮੀ ਮੈਂਬਰ ਬਲਕਾਰ ਸਿੱਧੂ ਨੇ ਕਿਹਾ ਕਿ ਉਨਾਂ ਵਰਗਾ ਜ਼ਹੀਨ ਇਨਸਾਨ ਬਣਨਾ ਅਤੇ ਉਨ੍ਹਾਂ ਜਿੰਨਾ ਕਾਰਜ ਕਰਨਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ। ਸਤਪਾਲ ਭੀਖੀ ਨੇ ਕਿਹਾ ਕਿ ਦੇਸ ਰਾਜ ਕਾਲੀ ਮਨੁੱਖੀ ਸਬੰਧਾਂ ਦਾ ਹਮਸਾਇਆ ਸੀ। ਉਹ ਆਪਣੇ ਯਾਰਾਂ-ਦੋਸਤਾਂ ਅਤੇ ਪਾਠਕਾਂ ਦੀ ਸਹਿਜਾਤਮਕ ਸਰਪ੍ਰਸਤੀ ਕਰਦਾ ਸੀ ਅਤੇ ਦਾਰਸ਼ਨਿਕ ਪਰਤਾਂ ਉਘਾੜਨ ਦਾ ਮਾਹਿਰ ਸੀ।

ਡਾ. ਸਤੀਸ਼ ਕੁਮਾਰ ਵਰਮਾ, ਦੀਪਕ ਚਨਾਰਥਲ, ਅਰਵਿੰਦਰ ਸਿੰਘ ਢਿੱਲੋਂ, ਡਾ. ਅਮਰਜੀਤ ਸਿੰਘ ਅਤੇ ਸੁਰਜੀਤ ਸੁਮਨ ਨੇ ਵੀ ਉਨ੍ਹਾਂ ਦੀ ਬੇਵਕਤੀ ਮੌਤ ਤੇ ਅਫਸੋਸ ਦਾ ਪਰਗਟਾਵਾ ਕੀਤਾ ਹੈ। ਅਕਾਦਮੀ ਵੱਲੋਂ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਕਾਦਮੀ, ਮੀਤ ਪ੍ਰਧਾਨ ਵਜੋਂ ਦੇਸ ਰਾਜ ਕਾਲੀ ਦੁਆਰਾ ਨਿਭਾਈਆਂ ਸੇਵਾਵਾਂ ਹਮੇਸ਼ਾ ਯਾਦ ਰੱਖੇਗੀ ਅਤੇ ਉਨ੍ਹਾਂ ਦੇ ਅਧੂਰੇ ਕਾਰਜਾਂ ਨੂ ਅਗਾਂਹ ਤੋਰੇਗੀ।

Leave a Reply

Your email address will not be published. Required fields are marked *