ਅਮਰਜੀਤ ਗਰੇਵਾਲ਼ ਦੇ ਨਾਟਕ “ਸੋ ਦਰੁ” ‘ਤੇ ਕਰਵਾਇਆ ਗਿਆ ਇਕ ਰੋਜ਼ਾ ਸੈਮੀਨਾਰ
ਕਲਾ ਪਰਿਸ਼ਦ ਦੇ ਵਿਹੜੇ ਰਚਾਇਆ ਗਿਆ ਇਹ ਸਮਾਗਮ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਅਗਸਤ:
ਸ਼ਬਦ ਲੋਕ ਪੰਜਾਬ ਵੱਲੋਂ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ ਅਮਰਜੀਤ ਗਰੇਵਾਲ ਦੁਆਰਾ ਰਚਿਤ ਨਾਟ-ਕਿਤਾਬ “ਸੋ ਦਰੁ” ‘ਤੇ ਇਕ ਰੋਜ਼ਾ ਸੈਮੀਨਾਰ ਏਥੇ ਕਲਾ ਪਰਿਸ਼ਦ ਸੈਕਟਰ-16 ਵਿਖੇ ਆਯੋਜਿਤ ਕੀਤਾ ਗਿਆ। ਉਦਘਾਟਨੀ ਸੈਸ਼ਨ ਵਿਚ ਡਾ. ਸੁਰਜੀਤ ਪਾਤਰ, ਡਾ.ਮਨਮੋਹਨ, ਡਾ.ਰਵੇਲ ਸਿੰਘ ਅਤੇ ਡਾ.ਭੁਪਿੰਦਰ ਬਰਾੜ ਸ਼ਾਮਿਲ ਹੋਏ।
ਸਭ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉੱਘੇ ਆਲੋਚਕ ਡਾ.ਪ੍ਰਵੀਨ ਕੁਮਾਰ ਨੇ ਆਪਣਾ ਪਰਚਾ ਪੇਸ਼ ਕੀਤਾ। ਉਹਨਾਂ ਇਸ ਕਿਤਾਬ ਪ੍ਰਤੀ ਆਪਣੀ ਆਲੋਚਨਾ ਦ੍ਰਿਸ਼ਟੀ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ-ਇਤਿਹਾਸਕ ਪਰਿਪੇਖ ਤੋਂ ਇਸ ਕਿਤਾਬ ਦੀ ਥਾਂ, ਆਧੁਨਿਕਤਾ ਦੇ ਸੰਦਰਭ ਵਿਚ ਇਸ ਕਿਤਾਬ ਦੀ ਸਪੇਸ ਅਤੇ ਪੰਜਾਬੀ ਨਾਟ-ਆਲੋਚਨਾ ਵਿਚ ਇਸ ਕਿਤਾਬ ਦੀ ਜਗ੍ਹਾ।
ਇਸ ਤੋਂ ਬਾਅਦ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਉੱਘੇ ਆਲੋਚਕ ਡਾ.ਆਤਮ ਰੰਧਾਵਾ ਨੇ ਆਪਣੀ ਗੱਲ ਉੱਤਰ-ਮਾਨਵਵਾਦ ਦੇ ਦ੍ਰਿਸ਼ਟੀਕੋਣ ਤੋਂ ਕੀਤੀ।ਉਹਨਾਂ ਅੱਗੇ ਕਿਹਾ ਕਿ ਇਹ ਨਾਟ-ਕਿਤਾਬ ਪੁਰਾਣੀਆਂ ਨਾਟ ਧਾਰਨਾਵਾਂ ਨੂੰ ਵੀ ਚੁਣੌਤੀ ਦੇਵੇਗੀ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ‘ਚੋਂ ਉੱਘੇ ਵਿਦਵਾਨ ਡਾ. ਮਨਮੋਹਨ ਨੇ ਇਸ ਕਿਤਾਬ ਵਿਚਲੀ ਆਪਣੀ ਲਿਖੀ ਭੂਮਿਕਾ ਬਾਬਤ ਤੇ ਇਸ ਕਿਤਾਬ ਦੀ ਨਵੀਂ ਕਿਸਮ ਦੀ ਟੈਕਸਟ ਬਾਰੇ ਆਪਣੇ ਤਜਰਬੇ ਤੋਂ ਗੱਲ ਕੀਤੀ।
ਇਸ ਤੋਂ ਬਾਅਦ ਡਾ. ਭੁਪਿੰਦਰ ਬਰਾੜ ਨੇ ਯੂਟੋਪੀਆ ਤੇ ਡਾਇਸਟੋਪੀਆ ਦੇ ਮਾਧਿਅਮ ਨਾਲ ਆਪਣੀ ਗੱਲ ਰੱਖੀ।
ਭਾਰਤੀ ਸਾਹਿਤ ਅਕਾਦਮੀ ਵਿਚ ਪੰਜਾਬੀ ਦੇ ਕਨਵੀਨਰ ਡਾ.ਰਵੇਲ ਸਿੰਘ ਨੇ ਕਿਹਾ ਕਿ ਮੈਂ ਭਾਰਤ ਦੀਆਂ ਚੌਵੀ ਭਾਸ਼ਾਵਾਂ ਨੂੰ ਡੀਲ ਕਰਦਾਂ ਹਾਂ। ਮੈਂ ਇਸ ਵਿਸ਼ੇ ‘ਤੇ ਇਸ ਤਰ੍ਹਾਂ ਦੀ ਰਚਨਾ ਨਹੀਂ ਪੜ੍ਹੀ। ਪਹਿਲੇ ਸੈਸ਼ਨ ਦੇ ਪ੍ਰਧਾਨਗੀ ਭਾਸ਼ਣ ਵਿਚ ਡਾ.ਸੁਰਜੀਤ ਪਾਤਰ ਹੋਰਾਂ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ; ਇਕ ਤਾਂ ਬਹੁਤ ਮੁੱਲਵਾਨ ਗੱਲਾਂ ਹੋਈਆਂ, ਦੂਸਰਾ ਅਮਰਜੀਤ ਗਰੇਵਾਲ ਹੋਰਾਂ ਨੇ ਚਾਲੀ ਸਾਲਾਂ ਬਾਅਦ ਨਾਟਕ ਲਿਖਿਆ। ਇਸ ਸਾਰੇ ਸੈਸ਼ਨ ਦਾ ਮੰਚ ਸੰਚਾਲਨ ਕਲਾ ਪਰਿਸ਼ਦ ਦੇ ਉੱਪ -ਚੇਅਰਮੈਨ ਸਿਰਮੌਰ ਆਲੋਚਕ ਡਾ. ਯੋਗ ਰਾਜ ਨੇ ਕਿਤਾਬ ਬਾਰੇ ਖੂਬਸੂਰਤ ਗੱਲਾਂ ਕਰਦਿਆਂ ਬਾਖੂਬੀ ਨਿਭਾਇਆ।
ਕੁਰਕਸ਼ੇਤਰ ਯੂਨੀਵਰਸਿਟੀ ਤੋਂ ਨੌਜਵਾਨ ਆਲੋਚਕ ਡਾ.ਕੁਲਦੀਪ ਸਿੰਘ ਨੇ ਦੂਸਰੇ ਸੈਸ਼ਨ ਦਾ ਖੂਬਸੂਰਤ ਆਗਾਜ਼ ਕਰਦੇ ਹੋਏ ਟੈਕਸਟ ਦੇ ਸੰਦਰਭ ਵਿਚ ਗੱਲ ਕੀਤੀ ਕਿ ਏ.ਆਈ. ਮਨੁੱਖ ਦੇ ਪੱਖ ਵਿਚ ਜਾਂ ਵਿਰੋਧ ਵਿਚ ਖੜ੍ਹੀ ਹੋਵੇਗੀ, ਇਸ ਤਰ੍ਹਾਂ ਉਹਨਾਂ ਹੋਰ ਮਹੱਤਵਪੂਰਨ ਸੁਆਲ ਉਠਾਏ। ਡਾ.ਤੇਜਿੰਦਰ ਹੋਰਾਂ ਆਪਣੇ ਪਰਚੇ ਵਿਚ ਪਹਿਲਾਂ ਨਾਟਕ ਬਾਰੇ ਵਿਸਥਾਰ ਨਾਲ ਗੱਲ ਕੀਤੀ ਅਤੇ ਉਹਨਾਂ ਆਉਣ ਵਾਲੇ ਸਮੇਂ ਵਿਚ ਏ.ਆਈ. ਦੁਆਰਾ ਪੈਦਾ ਹੋਣ ਵਾਲ਼ੇ ਆਪਣੇ ਡਰਾਂ ਤੇ ਸੰਭਾਵਨਾਵਾਂ ਨੂੰ ਤਰਕ ਨਾਲ ਦੱਸਿਆ।
ਡਾ. ਅਮਰਜੀਤ ਸਿੰਘ ਹੋਰਾਂ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਇਸ ਕਿਤਾਬ ਬਾਰੇ ਆਪਣੇ ਧਾਰਮਿਕ ਅਕੀਦੇ ਤੋਂ ਖੂਬਸੂਰਤ ਗੱਲਾਂ ਕੀਤੀਆਂ। ਪ੍ਰਧਾਨਗੀ ਮੰਡਲ ਵਿਚੋਂ ਹੀ ਉੱਘੇ ਕਥਾਕਾਰ ਬਲਵਿੰਦਰ ਗਰੇਵਾਲ ਨੇ ਕਿਤਾਬ ਦੇ ਪਾਤਰਾਂ ਤੇ ਪ੍ਰੇਮ ਸ਼ਬਦ ਬਾਰੇ ਮਹੱਤਵਪੂਰਨ ਸੁਆਲ ਉਠਾਏ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਉੱਘੇ ਵਿਦਵਾਨ ਡਾ. ਸੁਰਜੀਤ ਨੇ ਕੁਦਰਤ, ਮਸ਼ੀਨ, ਮਨੁੱਖ ਦੇ ਜੋੜਮੇਲ ਦੇ ਸੰਦਰਭ ਵਿਚ ਆਪਣੀ ਗੱਲ ਰੱਖੀ। ਉੱਘੇ ਕਵੀ ਤੇ ਵਾਰਤਕਕਾਰ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਡਾ.ਅਮਰਜੀਤ ਗਰੇਵਾਲ ਦੀ ਗੁਰੂ ਨਾਨਕ ਤਕ ਪਹੁੰਚ ਹੈ, ਇਸ ਲਈ ਏ.ਆਈ. ਪ੍ਰਤੀ ਸੰਭਾਵਨਾਵਾਂ ਦੀ ਗੱਲ ਕਰਦੇ ਨੇ।
ਚਿਤਰਕਾਰ,ਕਵੀ ਸਵਰਨਜੀਤ ਸਵੀ ਨੇ “ਸੋ ਦਰੁ” ਦੇ ਪ੍ਰਕਾਸ਼ਕ ਦੇ ਤੌਰ ‘ਤੇ ਗੱਲ ਕਰਦੇ ਹੋਏ ਕਿਹਾ ਕਿ ਇਹ ਕਿਤਾਬ ਭਵਿੱਖ ਵਿਚ “ਰੈਫਰੈਂਸ ਬੁੱਕ” ਦੇ ਤੌਰ ‘ਤੇ ਕੰਮ ਵੀ ਆਏਗੀ। ਆਖ਼ਰ ਵਿਚ ਇਸ ਸੈਸ਼ਨ ਦੇ ਪ੍ਰਧਾਨਗੀ ਭਾਸ਼ਣ ਵਿਚ ਡਾ. ਰਾਜਿੰਦਰ ਪਾਲ ਬਰਾੜ ਨੇ ਇਸ ਸੈਮੀਨਾਰ ਨੂੰ ਮੁੱਲਵਾਨ ਦੱਸਦਿਆਂ ਕਈ ਸੁਆਲ ਵੀ ਖੜ੍ਹੇ ਕੀਤੇ। ਇਸ ਸੈਸ਼ਨ ਦਾ ਸੰਚਾਲਨ ਜਗਦੀਪ ਸਿੱਧੂ ਨੇ ਕੀਤਾ। ਇਸ ਸੈਮੀਨਾਰ ਵਿਚ ਕੁਮਾਰ ਸੁਸ਼ੀਲ, ਡਾ. ਹਰਵਿੰਦਰ, ਸ੍ਰੀ ਚੀਮਾ, ਜਸ਼ਨਪ੍ਰੀਤ, ਜਸਪਾਲ ਫਿਰਦੌਸੀ, ਹਰਮੇਲ ਸਿੰਘ, ਡਾ. ਜਗਤਾਰ ਸਿੰਘ, ਸੁਖਵਿੰਦਰ ਸੇਖੋਂ, ਗੁਲ ਚੌਹਾਨ, ਬਲੀਜੀਤ, ਡਾ. ਲਾਭ ਸਿੰਘ ਖੀਵਾ ਆਦਿ ਨੇ ਸ਼ਿਰਕਤ ਕੀਤੀ।
ਜਗਦੀਪ ਸਿੱਧੂ