ਸਵੈ-ਸ਼ਬਦ ਚਿੱਤਰ
ਮੇਰਾ ਘਰ/ ਜੇ.ਐੱਸ. ਮਹਿਰਾ
ਚੁਬਾਰੇ ਤੇ ਚੜ੍ਹ, ਤੁਸੀਂ ਸਾਰਾ ਪਿੰਡ ਤੇ ਆਲਾ-ਦੁਆਲਾ ਦੇਖ ਸਕਦੇ ਹੋ, ਕਿਉਂਕਿ ਮੇਰਾ ਘਰ ਸਭ ਤੋਂ ਵੱਧ ਉਚਾਈ ਤੇ ਸਥਿਤ ਹੈ
ਦਰਅਸਲ ਇਹ ਇੱਕ ਲੇਖਕ ਦਾ ਘਰ ਹੈ ਤੇ ਮੇਰੇ ਵਰਗੇ ਲੇਖਕਾਂ ਦੇ ਘਰ ਅਕਸਰ ਅਜਿਹੇ ਹੀ ਹੁੰਦੇ ਹਨ
ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਸਤੰਬਰ:
ਮੇਰੇ ਪਿੰਡ ਦੀ ਆਟਾ ਚੱਕੀ ਤੋਂ ਪਿੰਡ ਦੇ ਅੰਦਰ ਜਾਣ ਵਾਲੀ ਸੜਕ ਤੇ ਖੜ੍ਹ, ਨੱਕ ਦੀ ਸੇਧ ਵਿੱਚ ਥੋੜ੍ਹਾ ਜੇਹਾ ਉਤਾਂਹ ਨੂੰ ਦੇਖੋ, ਤੁਹਾਨੂੰ ਸਾਹਮਣੇ ਹਲਕੇ ਪੀਲੇ ਰੰਗ ਦਾ ਇੱਕ ਚੁਬਾਰਾ ਪਹਾੜੀ ਦੀ ਟੀਸੀ ਵਾਂਗ ਦਿਖਾਈ ਦੇਵੇਗਾ। ਬਸ ਇਹੀ ਮੇਰਾ ਘਰ ਹੈ। ਪਿੰਡ ਵਿੱਚ ਸਭ ਤੋਂ ਉੱਚੀ ਜਗ੍ਹਾ ਤੇ ਹੋਣ ਕਾਰਨ ਦੂਰ ਤੋਂ ਹੀ ਦਿਖਾਈ ਦੇ ਜਾਂਦਾ ਹੈ, ਮੇਰਾ ਘਰ। ਗਲੀਆਂ ਤੰਗ ਹੋਣ ਕਰਕੇ ਤੁਹਾਨੂੰ ਮੇਰੇ ਘਰ ਤੱਕ ਪਹੁੰਚਣ ਲਈ ਪੈਦਲ ਜਾਂ ਮੋਟਰਸਾਈਕਲ ਤੇ ਆਉਣਾ ਪਵੇਗਾ। ਅਗਰ ਤੁਹਾਡੇ ਕੋਲ ਗੱਡੀ ਹੈ ਤਾਂ ਤੁਹਾਨੂੰ ਕਾਫ਼ੀ ਪਿੱਛੇ ਖੜਾਉਣੀ ਪਵੇਗੀ।


ਪਿਛਲੇ 16-17 ਸਾਲਾਂ ਤੋਂ ਰੰਗ-ਰੋਗਨ ਦੀ ਉਡੀਕ ਕਰਦਿਆਂ ਕਰਦਿਆਂ ਛੱਤ ਤੇ ਕੰਧਾਂ ਸਲਾਬ ਕਾਰਨ ਕਾਲੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਦੇਖ ਐਵੇਂ ਲਗਦਾ ਹੈ, ਜਿਵੇਂ ਕਿਸੇ ਇਨਸਾਨ ਦੇ ਪੂਰੇ ਬਦਨ ਤੇ ਛਾਈਆਂ ਪੈ ਗਈਆਂ ਹੋਣ। ਕੰਧਾਂ ਤੋਂ ਕਈ ਜਗ੍ਹਾ ਤੋਂ ਪਲੱਸਤਰ ਉੱਖੜ ਚੁੱਕਾ ਹੈ ਤੇ ਫਰਸ਼ ਵਿੱਚ ਤਰੇੜਾਂ ਪੈ ਚੁੱਕੀਆਂ ਹਨ। ਘਰ ਦੇ ਕਿਸੇ ਕੋਨੇ ਵਿੱਚ ਖੜ੍ਹ ਮੈਂ ਸੈਲਫੀ ਵੀ ਨਹੀਂ ਲੈ ਸਕਦਾ। ਘਰ ਦੇ ਮੁੱਖ ਦਰਵਾਜ਼ੇ ਨੂੰ ਖੋਲ੍ਹ, ਜਿਵੇਂ ਹੀ ਤੁਸੀਂ ਅੰਦਰ ਪ੍ਰਵੇਸ਼ ਕਰੋਗੇ ਤਾਂ ਤੁਹਾਨੂੰ ਸਾਹਮਣੇ ਬਰਾਂਡੇ ਵਿੱਚ ਬਾਣ ਦੇ ਮੰਜੇ ਤੇ ਪਿਆ ਮੇਰਾ ਬਾਪੂ ਦਿਖਾਈ ਦੇਵੇਗਾ ਤੇ ਉਸਦੇ ਪਿਛਲੇ ਪਾਸੇ ਇੱਕ ਛੋਟਾ ਜਿਹਾ ਕਮਰਾ ਜੋ ਕਿ ਮੇਰਾ ਹੈ। ਮੁੱਖ ਦਰਵਾਜ਼ੇ ਦੇ ਨਾਲ ਹੀ ਸੱਜੇ ਪਾਸੇ ਖੂੰਜੇ ਵਿੱਚ ਉਪਰ ਜਾਣ ਲਈ ਪੌੜੀ ਹੈ ਤੇ ਖੱਬੇ ਪਾਸੇ ਲੈਟਰੀਨ, ਬਾਥਰੂਮ ਤੇ ਰਸੋਈ ਹੈ। ਜਿਵੇਂ ਹੀ ਤੁਸੀਂ ਬਰਾਂਡੇ ਵਿੱਚ ਪ੍ਰਵੇਸ਼ ਕਰੋਗੇ, ਤਾਂ ਤੁਸੀ ਦੇਖੋਂਗੇ ਕਿ ਬਾਪੂ ਦੇ ਮੰਜੇ ਦੇ ਨਾਲ ਇੱਕ ਮੰਜਾ ਹੋਰ ਪਿਆ ਹੈ, ਜਿਸ ਉੱਤੇ ਮੇਰੀ ਮਾਂ ਪਈ ਹੈ। ਇਹਨਾਂ ਦੋਵਾਂ ਮੰਜਿਆਂ ਦੇ ਵਿਚਾਲੇ ਇੱਕ ਪਾਸੇ ਦੀਵਾਰ ਦੇ ਨਾਲ ਇੱਕ ਟੁੱਟਿਆ ਜਿਹਾ ਟੇਬਲ ਪਿਆ ਹੈ, ਜਿਸ ਉੱਤੇ ਦੋ ਕਤਾਰਾਂ ਵਿੱਚ ਕਾਫ਼ੀ ਦਵਾਈਆਂ ਦੇ ਪੱਤੇ ਰੱਖੇ ਹੋਏ ਹਨ।
ਇਹਨਾਂ ਦੋ ਕਤਾਰਾਂ ਦੇ ਵਿਚਕਾਰ ਇਕ ਪਾਣੀ ਦੀ ਬੋਤਲ ਤੇ ਦੋ ਕੱਚ ਦੇ ਗਲਾਸ ਪਏ ਹਨ। ਇਹ ਸਭ ਦਵਾਈਆਂ ਮੇਰੀ ਮਾਂ ਤੇ ਪਿਤਾ ਜੀ ਦੀਆਂ ਹਨ। ਮੇਰੇ ਪਿਤਾ ਜੀ ਦਿਲ ਦੇ ਤੇ ਮਾਨਸਿਕ ਰੋਗੀ ਹਨ ਤੇ ਮਾਤਾ ਜੀ ਬੀਪੀ, ਸ਼ੂਗਰ ਤੇ ਮੋਟਾਪੇ ਤੋਂ ਪੀੜਤ ਨੇ। ਪਿਤਾ ਜੀ ਨੂੰ ਇੱਕ ਵਾਰ ਹਾਰਟ ਅਟੈਕ ਵੀ ਆ ਚੁੱਕਾ ਹੈ। ਮੇਰੇ ਕਮਰੇ ਵਿੱਚ ਇੱਕ ਦੀਵਾਨ ਬੈਡ, ਇੱਕ ਅਲਮਾਰੀ ਤੇ ਇੱਕ ਪੁਰਾਣੀ ਟੀਵੀ ਟਰਾਲੀ ਪਈ ਹੈ, ਜੋ ਕਿਸੀ ਟੀਵੀ ਦੇ ਇੰਤਜ਼ਾਰ ਵਿੱਚ ਆਊਟ ਆਫ ਡੇਟ ਹੋ ਚੁੱਕੀ ਹੈ। ਬੱਸ ਹੁਣ ਇਸ ਵਿੱਚ ਮੇਰੀਆਂ ਲਿਖੀਆਂ ਹੋਈਆਂ ਲਿੱਖਤਾਂ ਵਾਲੀਆਂ ਡਾਈਰੀਆਂ, ਕਈ ਲੇਖਕਾਂ ਦੁਆਰਾ ਲਿਖਾਏ ਹੋਏ ਮੁੱਖ ਬੰਦ ਤੇ ਕੁਝ ਕਿਤਾਬਾਂ ਪਈਆਂ ਹਨ। ਮੇਰੀਆਂ ਹੱਡ-ਬੀਤੀਆਂ ਦੇ ਆਧਾਰ ਤੇ ਲਿਖੀਆਂ ਹੱਥ ਲਿਖਤਾਂ ਦਿਨ ਪ੍ਰਤੀ ਦਿਨ ਰੱਦੀ ਬਣਦੀਆਂ, ਕਿਤਾਬਾਂ ਦਾ ਰੂਪ ਧਾਰਨ ਕਰਨ ਦਾ ਖ਼ੁਆਬ ਦੇਖਦੀਆਂ ਰਹਿੰਦੀਆਂ ਹਨ।
ਦੀਵਾਰ ਤੇ ਇੱਕ ਛੋਟਾ ਜਿਹਾ ਟਾਇਮ ਪੀਸ ਲਟਕ ਰਿਹਾ ਹੈ। ਇਸ ਤੋਂ ਇਲਾਵਾ ਦੀਵਾਰਾਂ ਤੇ ਕਿਸੇ ਵੀ ਗੁਰੂ, ਪੀਰ ਤੇ ਦੇਵੀ ਦੇਵਤੇ ਜਾ ਪਰਿਵਾਰਿਕ ਮੈਂਬਰ ਦੀ ਕੋਈ ਤਸਵੀਰ ਨਹੀਂ ਹੈ। ਮੇਰੇ ਕਮਰੇ ਦੇ ਨਾਲ ਹੀ ਇੱਕ ਹੋਰ ਛੋਟਾ ਜਿਹਾ ਕਮਰਾ ਹੈ। ਇਸ ਕਮਰੇ ਵਿੱਚ ਮੇਰੀ ਮਾਂ ਦਾ ਪੁਰਾਣਾ ਸੰਦੂਕ, ਇੱਕ ਟਰੰਕ, ਅਨਾਜ ਦੀ ਟੈਂਕੀ ਤੇ ਆਲੂ-ਪਿਆਜ ਪਏ ਹਨ। ਫਰਿੱਜ, ਟੀਵੀ, ਸੋਫਾ ਤੇ ਵਾਸ਼ਿੰਗ ਮਸ਼ੀਨ ਮੇਰੇ ਘਰ ਵਿੱਚ ਨਹੀਂ ਹਨ। ਤੁਹਾਨੂੰ ਘਰ ਵਿੱਚ ਕਿਡਨੀ ਦੀ ਬਿਮਾਰੀ ਤੋਂ ਪੀੜਤ, ਖੇਡਦੀ ਹੋਈ ਮੇਰੀ ਛੋਟੀ ਜਿਹੀ ਬੱਚੀ ਸਮਰੀਤ ਦਿਖਾਈ ਦੇਵੇਗੀ, ਜੋ ਪਾਪਾ, ਦਾਦੀ, ਮੰਮਾ, ਡਾਈ ਕਰਦੀ ਕਰਦੀ ਇਧਰ-ਉਧਰ ਭੱਜਦੀ ਰਹਿੰਦੀ ਹੈ। ਉਸਦੇ ਪਿੱਛੇ ਪਿੱਛੇ ਮੇਰੀ ਘਰਵਾਲੀ (ਸੁੰਨੇ ਕੰਨ ਤੇ ਗਲਾ, ਪੈਰਾਂ ਵਿੱਚ ਝਾਂਜਰਾਂ ਵੀ ਨਾ ਗਹਿਣਿਆਂ ਤੋਂ ਸੱਖਣੀ) ਜੋ ਕਦੇ ਕੰਮ ਦੇਖਦੀ ਤੇ ਕਦੇ ਬੱਚੇ ਨੂੰ ਸੰਭਾਲਦੀ ਤੇ ਮੈਂ ਤੇ ਮੇਰਾ ਉਦਾਸ ਤੇ ਚਿੰਤਤ ਚਿਹਰਾ ਜੋ ਲਗਾਤਾਰ ਸੰਘਰਸ਼ ਕਰਦਾ ਰਹਿੰਦਾ ਹੈ, ਦਿਖਾਈ ਦੇਵੇਗਾ।
ਪੋੜੀ ਚੜ੍ਹ ਕੇ ਉਪਰ ਜਾਵੋਗੇ ਤਾਂ ਦੇਖੋਗੇ ਕਿ ਛੋਟੇ ਛੋਟੇ ਦੋ ਕਮਰੇ ਹਨ। ਇੱਕ ਕਮਰੇ ਵਿੱਚ ਸੈਲਫ ਤੇ ਇੱਕ ਪੁਰਾਣਾ ਡੈੱਕ ਪਿਆ ਹੈ, ਜਿਸ ਉੱਤੇ ਕਾਫੀ ਸਾਰੀਆਂ ਕੈਸਟਾਂ ਪਈਆਂ ਹਨ, ਜਿਨ੍ਹਾਂ ਨੂੰ ਦੇਖ ਅਕਸਰ ਹੀ ਮੇਰੀ ਪੰਜ ਸਾਲ ਦੀ ਭਤੀਜੀ ਕਹਿੰਦੀ ਹੈ “ਚਾਚੂ ਇਹ ਨੋਟ-ਬੁੱਕਾਂ ਕਿਸ ਦੀਆਂ ਹਨ?” ਦੂਜੇ ਕਮਰੇ ਵਿੱਚ ਦੋ ਮੰਜੇ ਚੰਗੀ ਤਰ੍ਹਾਂ ਵਿਛਾ ਕੇ ਰੱਖੇ ਹੋਏ ਹਨ ਤਾਂ ਜੋ ਕੋਈ ਮਹਿਮਾਨ ਆਵੇ ਤਾਂ ਉਹਨਾਂ ਨੂੰ ਬਿਠਾ ਸਕਾਂ। ਚੁਬਾਰੇ ਤੇ ਚੜ੍ਹ, ਤੁਸੀਂ ਸਾਰਾ ਪਿੰਡ ਤੇ ਆਲਾ-ਦੁਆਲਾ ਦੇਖ ਸਕਦੇ ਹੋ, ਕਿਉਂਕਿ ਮੇਰਾ ਘਰ ਸਭ ਤੋਂ ਵੱਧ ਉਚਾਈ ਤੇ ਸਥਿਤ ਹੈ। ਦਰਅਸਲ ਇਹ ਇੱਕ ਲੇਖਕ ਦਾ ਘਰ ਹੈ ਤੇ ਮੇਰੇ ਵਰਗੇ ਲੇਖਕਾਂ ਦੇ ਘਰ ਅਕਸਰ ਅਜਿਹੇ ਹੀ ਹੁੰਦੇ ਹਨ।
ਜੇ.ਐੱਸ. ਮਹਿਰਾ, ਪਿੰਡ ਤੇ ਡਾਕਘਰ ਬੜੌਦੀ, ਤਹਿਸੀਲ ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਬਾਈਲ ਨੰਬਰ 9592430420

