ਚਨਾਲੋਂ ਫੋਕਲ ਪੁਆਇੰਟ ਵਿੱਚ ਕੈਮੀਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ
ਚੰਡੀਗੜ੍ਹ 27 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਲਗਲੀਆਂ):
ਕੁਰਾਲੀ ਨੇੜਲੇ ਫੋਕਲ ਪੁਆਇੰਟ ਚਨਾਲੋਂ ਵਿਚ ਇੱਕ ਕੈਮੀਕਲ ਫੈਕਟਰੀ ਨੂੰ ਅੱਗ ਲੱਗਣ ਨਾਲ ਆਸ-ਪਾਸ ਦੇ ਪਿੰਡਾਂ ਵਿੱਚ ਤੇ ਸ਼ਹਿਰ ਕੁਰਾਲੀ ਵਿਚ ਧੂਆਂ ਹੀ ਧੂਆਂ ਦਿਖਾਈ ਦੇ ਰਿਹਾ ਸੀ। ਲੋਕਾਂ ਦਾ ਬਹੁਤ ਭਾਰੀ ਇਕੱਠ ਫੈਕਟਰੀ ਦੇ ਆਸ-ਪਾਸ ਇਕੱਠਾ ਹੋ ਗਿਆ। ਡੀਐੱਸਪੀ ਧਰਮਵੀਰ ਸਿੰਘ ਦੀ ਅਗਵਾਈ ਵਿੱਚ ਥਾਣਾ ਸਿਟੀ ਮੁੱਖੀ ਕੁਰਾਲੀ ਗਗਨਦੀਪ ਸਿੰਘ ਦੀ ਦੇਖ-ਰੇਖ ਹੇਠ ਪ੍ਰਸ਼ਾਸਨ ਮੌਕੇ ਤੇ ਪੁੱਜਿਆ ਨਾਲ ਨਗਰ ਕੌਂਸਲ ਕੁਰਾਲੀ ਦੇ ਐਮਸੀ ਬਹਾਦਰ ਸਿੰਘ ਓਕੇ, ਕੌਂਸਲਰ ਖੁਸ਼ਬੀਰ ਹੈਪੀ, ਡਾਕਟਰ ਅਸ਼ਵਨੀ ਸ਼ਰਮਾ, ਪਰਦੀਪ ਰੂੜਾ ਤੇ ਹੋਰ ਐਮਸੀ ਕੁਰਾਲੀ ਅਤੇ ਲੋਕਾਂ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ।


ਅੱਗ ਬੁਝਾਉਣ ਲਈ ਚਮਕੌਰ ਸਾਹਿਬ, ਮੋਰਿੰਡਾ ਤੋਂ ਫਾਇਰ ਬ੍ਰਿਗੇਡ ਤੇ ਜ਼ੀਰਕਪੁਰ ਏਅਰਪੋਰਟ ਤੋਂ ਫੋਮ ਵਾਲੀਆਂ ਫਾਇਰ ਬ੍ਰਿਗੇਡ ਮੰਗਵਾਈਆਂ ਗਈਆਂ। ਇਹਨਾਂ ਤੋਂ ਇਲਾਵਾ ਪ੍ਰਭ ਆਸਰਾ ਸੰਸਥਾ ਪਡਿਆਲਾ ਦੇ ਮੁੱਖ ਸੇਵਾਦਾਰ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਵੱਲੋਂ ਵਿਸ਼ੇਸ਼ ਤੌਰ ਤੇ ਡਾਕਟਰ ਅਤੇ ਐਂਬੂਲੈਂਸ ਸੇਵਾ ਮੁਹੱਈਆ ਕਰਵਾਈ ਗਈ। ਜਾਣਕਾਰੀ ਮੁਤਾਬਕ ਇਹ ਅੱਗ ਸਵੇਰੇ 11:30 ਵਜੇ ਦੇ ਕਰੀਬ ਲੱਗੀ, ਇਸ ਫੈਕਟਰੀ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਵਿੱਚੋਂ ਪੰਜ ਦੇ ਕਰੀਬ ਲੋਕਾਂ ਦੇ ਇਸ ਅੱਗ ਦੀ ਲਪੇਟ ਵਿਚ ਆਉਣ ਦਾ ਪਤਾ ਲੱਗਾ, ਜਿਨ੍ਹਾਂ ਨੂੰ ਵੱਖ-ਵੱਖ ਸਾਧਨਾਂ ਰਾਹੀਂ ਨੇੜਲੇ ਹਸਪਤਾਲਾਂ ਵਿਚ ਇਲਾਜ ਲਈ ਭੇਜਿਆ ਗਿਆ ਹੈ। ਕੁਝ ਕੁ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿੱਚ ਕੁਝ ਔਰਤਾਂ ਵੀ ਸ਼ਾਮਲ ਹਨ।
ਪਤਾ ਲੱਗਾ ਹੈ ਕਿ ਇਹ ਫੈਕਟਰੀ ਤਕਰੀਬਨ ਦਸ ਸਾਲ ਦੇ ਕਰੀਬ ਇਸ ਫੋਕਲ ਪੁਆਇੰਟ ਵਿਚ ਚੱਲਦੀ ਆ ਰਹੀ ਹੈ। ਇਸ ਦੇ ਮਾਲਕ ਜੋ ਚੰਡੀਗੜ੍ਹ ਦੇ ਸੈਕਟਰ ਅਠੱਤੀ ਦੇ ਵਸਨੀਕ ਦੱਸੇ ਜਾ ਰਹੇ ਹਨ ਅੱਜ ਮੌਕੇ ਤੇ ਮੌਜੂਦ ਨਹੀਂ ਸਨ ਅਤੇ ਨਾ ਹੀ ਜਦੋਂ ਦੀ ਫੈਕਟਰੀ ਨੂੰ ਅੱਗ ਲੱਗੀ ਉਸ ਸਮੇਂ ਓਥੇ ਪਹੁੰਚੇ। ਮੌਕੇ ਤੇ ਪਹੁੰਚ ਕੇ ਐੱਸ ਡੀ ਐਮ ਖਰੜ ਰਵਿੰਦਰ ਸਿੰਘ ਵੱਲੋਂ ਜ਼ਾਇਜ਼ਾ ਲੈਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਇਸ ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗਾ , ਅਜੇ ਸਿਰਫ ਰਾਹਤ ਕਾਰਜ ਜ਼ਰੂਰੀ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕੀ ਇਹ ਫੈਕਟਰੀ ਜਾਇਜ਼ ਤਰੀਕੇ ਨਾਲ ਚੱਲ ਰਹੀ ਸੀ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਵੀ ਜਾਂਚ ਕੀਤੀ ਜਾਵੇਗੀ।
ਪੰਜਾਬੀ ਲੋਕ ਗਾਇਕ ਕੰਵਰ ਗਰੇਵਾਲ ਜੋ ਨੇੜੇ ਹੀ ਪ੍ਰਭ ਆਸਰਾ ਸੰਸਥਾ ਪਡਿਆਲਾ ਵਿਖੇ ਆਪਣੇ ਗੀਤ ਦੀ ਵੀਡੀਓ ਸ਼ੂਟ ਕਰ ਰਹੇ ਸਨ । ਉਹ ਵੀ ਮੌਕੇ ਤੇ ਪਹੁੰਚੇ ਅਤੇ ਹਲਾਤਾਂ ਦੇ ਅਧਾਰ ਤੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਨੂੰ ਇਸ ਔਖੀ ਘੜੀ ਵਿੱਚ ਪ੍ਰਸ਼ਾਸਨ ਦਾ ਸਾਥ ਦੇਣ ਲਈ ਵੀ ਕਿਹਾ। ਉਨ੍ਹਾਂ ਤੋਂ ਇਲਾਵਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੀ ਮੌਕੇ ਤੇ ਪੁੱਜੇ। ਉਨ੍ਹਾਂ ਵੱਲੋਂ ਵੀ ਮੌਕੇ ਤੇ ਹਲਾਤਾਂ ਦਾ ਜਾਇਜ਼ਾ ਲਿਆ ਗਿਆ। ਗੱਲਬਾਤ ਕਰਦਿਆਂ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਵਾਪਰ ਗਈ ਹੈ। ਇਸ ਦੀ ਜਾਂਚ ਕੀਤੀ ਜਾਵੇਗੀ, ਇਸ ਵਿੱਚ ਜਿਸ ਦੀ ਵੀ ਗਲਤੀ ਹੋਈ ਉਸ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਅਪੀਲ ਕੀਤੀ। ਇਸ ਤੋਂ ਬਾਅਦ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਵਰਕਰਾਂ ਨੂੰ ਮਿਲਣ ਹਸਪਤਾਲ ਵਿੱਚ ਵੀ ਗਏ। ਮੌਕੇ ਤੇ ਡੀਸੀ ਮੋਹਾਲੀ ਆਸ਼ਿਕਾ ਜੈਨ ਵੀ ਪਹੁੰਚੇ। ਉਨ੍ਹਾਂ ਵੱਲੋਂ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਵਰਕਰਾਂ ਨੂੰ ਮੁਆਵਜ਼ਾ ਦੇਣ ਦੀ ਵੀ ਗੱਲ ਕੀਤੀ ਗਈ।
ਇਸ ਥਾਂ ਤੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਸੰਦੀਪ ਗਰਗ ਆਈਪੀਐੱਸ ਵੀ ਪਹੁੰਚੇ। ਇਸ ਭਿਆਨਕ ਹਾਦਸੇ ਤੋਂ ਬਾਅਦ ਪ੍ਰਸ਼ਾਸ਼ਨ ਨੂੰ ਸ਼ਹਿਰ ਕੁਰਾਲੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਕਿ ਕੁਰਾਲੀ ਸ਼ਹਿਰ ਵਿੱਚ ਇਸ ਸਮੇਂ ਦੀਵਾਲੀ ਕਰ ਕੇ ਕ੍ਰੈਕਰਜ਼ ਬੜੀ ਮਾਤਰਾ ਵਿੱਚ ਰੱਖਿਆ ਜਾਂਦਾ ਹੈ। ਜੇਕਰ ਰੱਬ ਨਾ ਕਰੇ ਕਿ ਇਹੋ ਜਿਹਾ ਹਾਦਸਾ ਕੁਰਾਲੀ ਵਿੱਚ ਹੁੰਦਾ ਤਾਂ ਕੀ ਹੁੰਦਾ? ਗੱਲ ਗੰਭੀਰਤਾ ਨਾਲ ਸੋਚਣ ਵਾਲੀ ਹੈ। ਖ਼ਬਰ ਲਿਖੇ ਜਾਣ ਤੱਕ ਆਸ ਪਾਸ ਦੇ ਕਈ ਪਿੰਡਾਂ ਵਿੱਚ ਰਹਿ ਰਹੇ ਪ੍ਰਵਾਸੀ ਅਪਣੀਆਂ ਘਰ ਵਾਲੀਆਂ ਦੀ ਭਾਲ ਕਰਨ ਲਈ ਵੀ ਪਹੁੰਚੇ। ਕਈਆਂ ਸਮਾਜ ਸੇਵੀ ਵੀਰਾਂ ਦੇ ਫੋਨ ਵੀ ਆਏ, ਕੁਝ ਨੇ ਦੱਸਿਆ ਕਿ ਅਸੀਂ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਵਿੱਚ ਵੀ ਭਾਲਿਆ ਪਰ ਲਾ ਪਤਾ ਔਰਤਾਂ ਬਾਰੇ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਅਜੇ ਤੱਕ ਨਹੀਂ ਮਿਲੀ। ਇਹ ਲੱਗੀ ਅੱਗ ਸਵਾਲ ਖੜ੍ਹੇ ਕਰ ਗਈ ਕੀ ਹੋਵੇਗੀ? ਉੱਚ ਪੱਧਰੀ ਜਾਂਚ ਕਿ ਕੀ ਇਹ ਏਨਾ ਖ਼ਤਰਨਾਕ ਕੈਮੀਕਲ ਪਰਮੀਸ਼ਨ ਨਾਲ ਰੱਖਿਆ ਗਿਆ ਸੀ ਜਾਂ ਗੈਰ-ਕਾਨੂੰਨੀ? ਇਸ ਤੋਂ ਇਲਾਵਾ
ਖ਼ਬਰ ਲਿਖੇ ਜਾਣ ਤਕ ਪੁਲੀਸ ਪ੍ਰਸ਼ਾਸ਼ਨ ਅੱਗੇ ਫੈਕਟਰੀ ਦਾ ਮਾਲਿਕ ਕਿਉਂ ਨਹੀਂ ਆਇਆ? ਪੁਲਿਸ ਇਹ ਜਾਂਚ ਵੀ ਕਰ ਰਹੀ ਹੈ।

