ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 27 ਸਤੰਬਰ:
ਤੁਰ ਪੈਂਦਾ ਖੇਤਾਂ ਵੱਲ/ ਜੈ ਸਿੰਘ ਛਿੱਬਰ
ਜਦੋਂ ਤੇਰੀ ਸੁਰਾਹੀ ਵਰਗੀ
ਧੌਣ ਵੱਲ ਦੇਖਦਾਂ
ਤਾਂ ਜਿਹਨ ‘ਚ ਉਤਰ ਆਉਂਦੀ ਹੈ
ਸੋਭਾ ਸਿੰਘ ਦੀ ਉਕਰੀ


ਗਲ਼ ‘ਚ ਬਾਹਵਾਂ ਪਾਈ
ਸੋਹਣੀ ਮਹਿਵਾਲ ਦੀ ਤਸਵੀਰ
ਤੇ
ਡੁੱਬ ਜਾਂਦਾ ਹਾਂ
ਖਿਆਲਾਂ ਦੇ ਸਮੁੰਦਰ ‘ਚ।
ਕਲ-ਕਲ ਵਹਿੰਦੇ ਪਾਣੀ ‘ਚ
ਫੇਰਦਾ ਉਂਗਲ਼ਾਂ
ਏਦਾਂ ਲੱਗਦੀਆਂ
ਜਿਵੇਂ ਤੇਰੇ
ਸੁਨਹਿਰੀ ਵਾਲਾਂ ‘ਚ
ਫੇਰਦਾ ਹੋਵਾਂ।
ਫੇਰ ਤੇਰੇ ਪੋਲੇ ਪੋਲੇ ਬੁੱਲ੍ਹ
ਹਿੱਲਦੇ ਨੇ
ਜਿਵੇਂ ਕਹਿ ਰਹੇ ਹੋਣ
ਭੱਜ ਜਾ
ਭਜਾ ਲੈ ਬੱਕੀ
ਤਾਂ ਐਨੇ ਨੂੰ ਮੂੰਹ ਭਰਕੇ
‘ਸਰਦਾਰ’ ਮੋਟੀ ਗਾਲ਼ ਕੱਢਦਾ
‘ਜਾਹ ਬੱਕੀ ਜੋੜ
ਪੱਠੇ ਵੱਢ ਲਿਆ’
ਤਾਂ ਇਕਦਮ ਤ੍ਰਭਕ ਜਾਂਦਾ ਹਾਂ
ਤੇ ਜੋੜ ਲੈਂਦਾਂ ਬਲ਼ਦ
ਤੇ ਤੁਰ ਪੈਂਦਾ ਖੇਤਾਂ ਵੱਲ
ਮਿੱਟੀ ਤੇ ਖੇਤਾਂ ਨਾਲ ਪਿਆਰ ਕਰਨ।
ਜੈ ਸਿੰਘ ਛਿੱਬਰ

