ਨਜਾਇਜ਼ ਮਾਈਨਿੰਗ ਕਰਦੇ ਟਰੈਕਟਰਾਂ ਤੇ ਲੱਖਾਂ ਰੁਪਏ ਦੇ ਜ਼ੁਰਮਾਨੇ ਕੀਤੇ
ਚੰਡੀਗੜ੍ਹ 27 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਨਗਲੀਆਂ ਦੀ ਸ਼ਾਮਲਾਤ ਜ਼ਮੀਨ ਚੋਂ ਨਜਾਇਜ ਮਾਈਨਿੰਗ ਕਰਦੇ ਟਰੈਕਟਰ-ਟਰਾਲੇ ਫੜੇ ਗਏ ਹਨ ਤੇ ਮੌਕੇ ਤੇ ਜ਼ੁਰਮਾਨੇ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਗਲੀਆਂ ਪਿੰਡ ਦੀ ਬਰਸਾਤੀ ਨਦੀ ਤੇ ਸ਼ਾਮਲਾਤ ਜ਼ਮੀਨ ਵਿੱਚੋਂ ਪਿਛਲੇ ਲੰਬੇ ਸਮੇਂ ਤੋਂ ਗੈਰ ਕਾਨੂੰਨੀ ਢੰਗ ਨਾਲ ਰੇਤਾ-ਮਿੱਟੀ ਚੁੱਕੀ ਜਾ ਰਹੀ ਹੈ।
ਅੱਜ ਤੜਕਸਾਰ ਮਾਈਨਿੰਗ ਵਿਭਾਗ ਦੇ ਐਕਸ਼ੀਅਨ ਰਜਤ ਗਰੋਵਰ ਦੀ ਅਗਵਾਈ ਵਿੱਚ ਟੀਮ ਨੇ ਰੇਡ ਕੀਤੀ, ਜਿਸ ਵਿਚ ਤਿੰਨ ਟਰੈਕਟਰ-ਟਰਾਲੇ ਰੇਤੇ ਦੇ ਭਰੇ ਮਿਲੇ ਜੋ ਨਜਾਇਜ਼ ਸਨ। ਮੌਕੇ ਤੇ ਟਰੈਕਟਰਾਂ ਦੇ ਮਾਲਕ ਕੋਈ ਕਾਗਜ਼ਾਤ ਨਹੀਂ ਦਿਖਾ ਸਕੇ, ਜਿਸ ਨੂੰ ਗੈਰ ਕਾਨੂੰਨੀ ਮੰਨਦਿਆ ਪ੍ਰਤੀ ਟਰੈਕਟਰ ਨੂੰ ਇੱਕ ਲੱਖ ਰੁਪਏ ਜ਼ੁਰਮਾਨਾ ਕਰਦਿਆਂ ਚਲਾਨ ਕੀਤੇ ਗਏ ਹਨ, ਜਾਣੀ ਕਿ ਤਿੰਨਾਂ ਟਰੈਕਟਰਾਂ ਦੇ ਤਿੰਨ ਲੱਖ ਰੁਪਏ ਜ਼ੁਰਮਾਨਾ ਕੀਤਾ ਗਿਆ। ਵਿਭਾਗ ਦੇ ਅਧਿਕਾਰੀਆ ਨੇ ਚਲਾਨ ਕਰਨ ਉਪਰੰਤ ਉਪਰੋਕਤ ਵਾਹਨ ਮਾਜਰੀ ਪੁਲਿਸ ਦੇ ਹਵਾਲੇ ਕਰ ਦਿੱਤੇ ਹਨ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਲਾਕੇ ਵਿੱਚ ਨਜਾਇਜ਼ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਪੰਜ ਟਰੈਕਟਰਾਂ ਦੇ ਚਲਾਨ ਹੋਏ ਸਨ।

