ਪਿਆਰੇ ਮਿੱਤਰ ਮੋਹਨਜੀਤ ਸਿੰਘ ਪੁਰੀ ਹੁਰਾਂ ਦੇ ਜਨਮ ਦਿਨ ‘ਤੇ ਇਹ ਲੇਖ ਦੋ ਕੁ ਵਰ੍ਹੇ ਪਹਿਲਾਂ ਲਿਖਿਆ ਸੀ। ਅੱਜ ਉਹਨਾਂ ਦੇ ਜਨਮ ਦਿਨ ‘ਤੇ ਫਿਰ ਸਾਂਝਾ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ-ਤਰਸੇਮ ਬਸ਼ਰ
ਪੁਰੀ ਸਾਹਿਬ/ ਤਰਸੇਮ ਬਸ਼ਰ
ਬਠਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 27 ਸਤੰਬਰ:
ਪੁਰੀ ਸਾਹਿਬ ਦੀ ਦਿੱਖ ਦਾ ਅਸੀਂ ਦੋਸਤਾਂ ਨੇ ਹਮੇਸ਼ਾਂ ਹੀ ਫ਼ਾਇਦਾ ਉਠਾਇਆ ਹੈ l ਉਹ ਚਾਹੇ ਚੰਡੀਗੜ੍ਹ ਦੀ ਸੜਕ ਤੇ ਗੱਡੀ ਚਲਾਉਣ ਵੇਲੇ ਹੋਵੇ, ਮਨਾਲੀ ਵਿੱਚ ਗੈਸਟ ਹਾਊਸ ਕਿਰਾਏ ਤੇ ਲੈਣ ਵਾਸਤੇ ਹੋਵੇ ਜਾਂ ਕਿਸੇ ਪੰਚਾਇਤ ਵਿੱਚ ਆਪਣੇ ਦੋਸਤ ਦੀ ਪੈਰਵਾਈ ਕਰਨ ਵੇਲੇ ਹੋਵੇ l
ਸਲੀਕੇ ਨਾਲ ਬੰਨ੍ਹੀ ਦਾੜ੍ਹੀ, ਮੈਚਿੰਗ ਪੱਗ ਤੇ ਤਹਿਦਾਰ ਕੱਪੜੇ … ਉਹ ਆਪਣੇ ਬੂਟਾਂ ਵਾਸਤੇ ਵੀ ਚੇਤੰਨ ਹਨ l ਕੁਲ-ਮਿਲਾ ਕੇ ਇੱਕ ਰੋਅਬਦਾਰ ਦਿੱਖ, ਜਿਸ ਦਾ ਰੋਅਬ ਉਹ ਦੋਸਤ ਨਹੀਂ ਮੰਨਦੇ ਜੋ ਉਨ੍ਹਾਂ ਨੂੰ ਬਹੁਤ ਨੇੜੇ ਤੋਂ ਜਾਣਦੇ ਹਨ। ਉਨ੍ਹਾਂ ਵਾਸਤੇ ਐਡਵੋਕੇਟ ਮੋਹਨਜੀਤ ਸਿੰਘ ਪੁਰੀ ਮਹਿਜ਼ ਇੱਕ ਦੋਸਤ ਹਨ, ਸੂਖਮ ਹਿਰਦੇ ਵਾਲਾ ਸਾਥੀl ਪੁਰੀ ਸਾਹਬ ਦੇ ਦੋਸਤਾਂ ਦਾ ਘੇਰਾ ਵੱਡਾ ਹੈ। ਉਸ ਵਿੱਚ ਪਾਰਟੀ ਦੇ ਦੋਸਤ ਹਨ, ਗੁਆਂਢੀ ਹਨ, ਸੰਸਥਾਵਾਂ ਦੇ ਮੈਂਬਰ ਹਨ, ਸਾਹਿਤਕ ਦੋਸਤ ਹਨ, ਵਕੀਲ ਵੀ ਹਨ ਤੇ ਹਰ ਇੱਕ ਨੂੰ ਇਸ ਗੱਲ ਤੇ ਫਖ਼ਰ ਹੁੰਦਾ ਹੈ ਕਿ ਜੇ ਲੋੜ ਪਈ ਤਾਂ ਪੁਰੀ ਸਾਹਬ ਨੂੰ ਆਵਾਜ਼ ਮਾਰ ਲਵਾਂਗੇ।


ਕਈ ਵਾਰ ਤਾਂ ਅਸੀਂ ਸਿਤਮਜ਼ਰੀਫੀ ਦੀ ਹੱਦ ਕਰ ਦਿੰਦੇ ਹਾਂ, ਉਨ੍ਹਾਂ ਨਾਲ। ਬਠਿੰਡੇ ਤੋਂ ਚੰਡੀਗੜ੍ਹ ਜਾਣਾ ਹੈ ਤੇ ਕਹਿ ਦਿੰਦੇ ਹਾਂ ਪੁਰੀ ਸਾਹਿਬ ਜਾਣਾ ਜ਼ਰੂਰੀ ਹੈ, ਪਲੀਜ਼ ਘੰਟੇ ਬਾਅਦ ਚਲਦੇ ਹਾਂ …. ਘੰਟੇ ਬਾਅਦ ਉਹ ਗੱਡੀ ਵਿਚ ਬੈਠੇ ਹੁੰਦੇ ਹਨl ਮੇਰੀ ਪੁਰੀ ਸਾਹਿਬ ਨਾਲ ਦੋਸਤੀ ਨੂੰ ਲਗਪਗ ਵੀਹ ਵਰ੍ਹੇ ਹੋ ਗਏ ਹਨ। ਸਾਡਾ ਕਈ ਵਾਰ ਝਗੜਾ ਹੋਇਆ। ਇੱਕ ਦੋ ਵਾਰ ਤਾਂ ਅਜਿਹਾ ਹੋਇਆ ਕਿ ਨਾਲ ਵਾਲਾ ਸੋਚਣ ਲੱਗ ਜਾਵੇ ਕਿ ਹੁਣ ਇਹ ਕਦੇ ਨਹੀਂ ਬੋਲਣਗੇ, ਪਰ ਅਜਿਹਾ ਹੋਇਆ ਕਦੇ ਨਹੀਂ। ਲੜਦੇ ਹਾਂ ਤੇ ਇਕ ਦੋ ਦਿਨ ਬੋਲਦੇ ਵੀ ਨਹੀਂ ਤੇ ਫਿਰ ਜਲਦੀ ਹੀ ਕੋਈ ਨਾ ਕੋਈ ਫ਼ੋਨ ਕਰ ਲਵੇਂਗਾ। ਮੈਂ ਕਰਾਂ ਜਾਂ ਫਿਰ ਉਹ।
ਇਸ ਦੇ ਬਾਵਜੂਦ ਇਹ ਦੋਸਤੀ ਜਾਰੀ ਹੈ ਕਿਉਂਕਿ ਬਹੁਤ ਸਾਰੀਆਂ ਆਦਤਾਂ ਸਾਡੀਆਂ ਇਕ ਦੂਜੇ ਨਾਲ ਨਹੀਂ ਮਿਲਦੀਆਂ। ਮੈਂ ਬਾਹਰੀ ਦਿੱਖ ਪ੍ਰਤੀ ਇੰਨਾ ਚੇਤੰਨ ਨਹੀਂ, ਪੁਰੀ ਸਾਹਿਬ ਬਾਹਰੀ ਦਿੱਖ ਪ੍ਰਤੀ ਵੀ ਚੇਤੰਨ ਹਨ ਤੇ ਉਸ ਤੋਂ ਵੀ ਵੱਧ ਸਾਵਧਾਨ ਹਨ, ਸਮਾਜਿਕ ਦਿੱਖ ਵਾਸਤੇ। ਅਕਸਰ ਅਸੀਂ ਦੋਵੇਂ ਬਾਹਰ ਜਾਂਦੇ ਰਹਿੰਦੇ ਹਾਂ। ਮੈਂ ਜਿਹੋ ਜਿਹੀ ਚਾਹ ਮਿਲੇ ਪੀ ਲਵਾਂਗਾ। ਜਿਹੋ ਜਿਹਾ ਪਰੌਂਠਾ ਮਿਲੇ ਖਾ ਲਵਾਂਗਾ … ਪਰ ਪੁਰੀ ਸਾਹਿਬ ਚਾਹ ਵਾਲੀ ਫਰਮਾਇਸ਼ ਤੋਂ ਚਾਹ ਵਾਲਾ ਵੀ ਔਖਾ ਹੋ ਜਾਂਦਾ ਹੈ।
“ਦੁੱਧ ਘਰ ਦਾ ਹੈ ਕਿ ਕੰਪਨੀ ਦਾ? ਚਾਹ ਦੀਆਂ ਦੋ ਚੂੰਡੀਆਂ … ਖੰਡ ਦੀਆਂ ਤਿੰਨ ਚੂੰਡੀਆਂ … ਉਬਾਲੇ ਚਾਰ … ਮਿੱਠਾ ਇਸ ਤਰ੍ਹਾਂ ਹੋਵੇ ਕਿ ਮਹਿਸੂਸ ਵੀ ਨਾ ਹੋਵੇ ਤੇ ਸਵਾਦ ਵੀ ਆ ਜਾਵੇ।” ਅਕਸਰ ਚਾਹ ਵਾਲਾ ਪੁਰੀ ਸਾਹਬ ਵੱਲ ਹੈਰਾਨੀ ਨਾਲ ਦੇਖਦਾ ਹੈ … ਇਹ ਚਾਹ ਬਣਵਾ ਰਹੇ ਹਨ ਕਿ ਕਿਸੇ ਫਲੈਟ ਦਾ ਆਰਡਰ ਦੇ ਰਹੇ ਹਨ, ਪਰ ਫਿਰ ਉਨ੍ਹਾਂ ਮੁਤਾਬਕ ਹੀ ਚਾਹ ਬਣਾ ਕੇ ਉਨ੍ਹਾਂ ਨੂੰ ਦੇ ਦਿੰਦਾ ਹੈ l ਉਹ ਸਰਦਾਰ ਜੀ ਨੂੰ ਮਨ੍ਹਾ ਕਰਨ ਦੀ ਹਿੰਮਤ ਨਹੀਂ ਕਰਦਾ … ਖੌਰੇ ਕੌਣ ਹੋਵੇ। ਕੋਈ ਪੁਲਸ ਅਫਸਰ … ਕੋਈ ਲੀਡਰ ਜਾਂ ਕੋਈ ਵੱਡਾ ਬੰਦਾ।
ਇਹੀ ਹਾਲ ਪਰੌਂਠੇ ਵੇਲੇ ਹੁੰਦਾ ਹੈ … ਨਮਕ ਜ਼ਿਆਦਾ ਨਹੀਂ ਹੋਣਾ ਚਾਹੀਦਾ … ਹਰੀ ਮਿਰਚ ਕੌੜੀ ਹੋਵੇ … ਘਿਓ ਮਾੜਾ ਨਾ ਹੋਵੇ … ਪਿਆਜ਼ ਬੇਹੇ ਨਾ ਹੋਣ … ਗੋਭੀ ਤਾਜ਼ੀ ਹੋਵੇ। ਇਹ ਤਾਂ ਪੱਕਾ ਹੈ ਕਿ ਪੁਰੀ ਸਾਹਿਬ ਦੇ ਪਰੌਂਠਾ ਖਾ ਚੁੱਕਣ ਬਾਅਦ, ਪਰੌਂਠਾ ਬਣਾਉਣ ਵਾਲਾ ਸੁਖ ਦਾ ਲੰਮਾ ਸਾਹ ਲੈਂਦਾ ਹੈ … ਸ਼ੁਕਰ ਹੈ, ਸਰਦਾਰ ਜੀ ਦੀ ਫਰਮਾਇਸ਼ ਮੁਤਾਬਕ ਪਰੌਂਠਾ ਬਣਾ ਸਕਿਆ ਹਾਂl
ਮੈਂ ਨਹੀਂ ਦੇਖਿਆ ਕਿ ਪਿੱਠ ਪਿੱਛੇ ਵੀ ਪੁਰੀ ਸਾਹਿਬ ਨੂੰ ਕੋਈ ਇਕੱਲਾ ਪੁਰੀ ਕਹਿ ਦਿੰਦਾ ਹੋਵੇ … ਇਹ ਪੁਰੀ ਸਾਹਿਬ ਹੈ … ਪੁਰੀ ਨਾਲ ਜੋ ਸਾਹਬ ਲੱਗਿਆ ਹੈ, ਇਹ ਉਨ੍ਹਾਂ ਨੇ ਖੱਟਿਆ ਹੈ। ਕਮਾਇਆ ਹੈ। ਪੁਰੀ ਸਾਹਿਬ ਨੇ ਵਕਾਲਤ ਕੀਤੀ, ਪਰ ਪੇਸ਼ਾ ਵਕਾਲਤ ਨੂੰ ਨਹੀਂ ਚੁਣਿਆ। ਉਨ੍ਹਾਂ ਦਾ ਪਿੱਛਾ ਪਿੰਡ ਬਰਗਾੜੀ ਦਾ ਹੈ ਤੇ ਸ਼ੁਰੂਆਤ ਵਿਚ ਉਨ੍ਹਾਂ ਨੇ ਕੋਟਕਪੂਰੇ ਦੀ ਰਾਜਨੀਤੀ ਵਿੱਚ ਪੈਰ ਧਰਿਆ। ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਰਹੇ। ਫੇਰ ਕਈ ਕਾਰਨਾਂ ਕਰਕੇ ਬਠਿੰਡੇ ਆ ਗਏ। ਬਠਿੰਡਾ ਬੇਸ਼ੱਕ ਨਵਾਂ ਇਲਾਕਾ ਸੀ। ਪਰ ਪੁਰੀ ਸਾਹਿਬ ਨੇ ਬਹੁਤ ਛੇਤੀ ਇੱਥੇ ਆਪਣੇ ਦੋਸਤ ਬਣਾ ਲਏ ਸਨ … ਮੈਨੂੰ ਲੱਗਦਾ ਹੈ ਕਿ ਪੁਰੀ ਸਾਹਿਬ ਨੂੰ ਦੋਸਤ ਬਣਾਉਣ ਵਾਸਤੇ ਮਿਹਨਤ ਕਦੇ ਵੀ ਨਹੀਂ ਕਰਨੀ ਪਈ ਹੋਣੀ … ਉਹ ਬਣ ਹੀ ਜਾਂਦੇ ਹੋਣਗੇ।
ਦੋਸਤਾਂ ਦੀ ਵਿਭਿੰਨਤਾ ਦੇਖਣੀ ਹੋਵੇ ਤਾਂ ਪੂਰੀ ਸਾਬ੍ਹ ਦੇ ਦੋਸਤਾਂ ਦੀ ਸੂਚੀ ਨੂੰ ਦੇਖਣ ਵਾਲਾ ਹੁੰਦਾ ਹੈ। ਉਸ ਵਿੱਚ ਜੇ ਕਈ ਵਿਧਾਇਕਾਂ ਦਾ ਨਾਂ ਹੋਵੇਗਾ ਤਾਂ ਉਸ ਵਿਚ ਅਸ਼ੋਕ ਹੁਸ਼ਿਆਰਪੁਰੀ ਦਾ ਵੀ ਜ਼ਿਕਰ ਸ਼ਾਮਲ ਹੋਵੇਗਾ। ਉਹੀ ਹੁਸ਼ਿਆਰਪੁਰੀ ਜੋ ਢੋਲਕ ਮਾਸਟਰ ਹੈ, ਜਿਸ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ। ਜੇ ਕਿਸੇ ਫੈਕਟਰੀ ਮਾਲਕ ਨਾਲ ਦੋਸਤੀ ਹੈ ਤਾਂ ਉਨ੍ਹਾਂ ਦੀ ਦੋਸਤੀ ਸਿਕਲੀਗਰ ਬਸਤੀ, ਛੋਟੀ ਜਿਹੀ ਦੁਕਾਨ ਕਰ ਰਹੇ ਭੋਲੇ ਨਾਲ ਵੀ ਹੈ।
ਜਦੋਂ ਕਦੇ ਵੀ ਕੋਈ ਸਮਾਜਿਕ ਕੰਮ ਕਰਨ ਦੀ ਸੋਚਦਾ ਹਾਂ ਤਾਂ ਸਾਥੀ ਵਜੋਂ ਮੈਂ ਪਹਿਲਾਂ ਹੀ ਇੱਕ ਨਾਂ ਸੋਚ ਚੁੱਕਿਆ ਹੁੰਦਾ ਹਾਂ, ਉਹ ਹਨ ਪੁਰੀ ਸਾਹਿਬ। ਬਾਬਾ ਕਾਸ਼ੀ ਨਾਥ ਨੂੰ ਉਹਦੇ ਪਿੰਡ ਮਿਲਣ ਦੀ ਸੋਚੀ ਤਾਂ ਮੈਂ ਅਤੇ ਪੂਰੀ ਸਾਬ੍ਹ ਉਹਦੇ ਪਿੰਡ ਜਾ ਪਹੁੰਚੇ ਸਾਂ। ਅਤਿਅੰਤ ਗ਼ਰੀਬੀ ਵਿੱਚ ਰਹਿ ਰਹੇ ਬਾਬਾ ਕਾਸ਼ੀ ਨਾਥ ਦਾ ਲੇਖ ਜਦੋਂ ਅਖ਼ਬਾਰਾਂ ਵਿੱਚ ਛਪਿਆ ਤਾਂ ਚਰਚਾ ਦਾ ਵਿਸ਼ਾ ਬਣ ਗਿਆ ਸੀ। ਬਠਿੰਡੇ ਲਾਗਲੇ ਪਿੰਡ ਕੋਟਸ਼ਮੀਰ ਵਿਚ ਨੇਤਰਹੀਨ ਪਰਿਵਾਰ ਬਾਰੇ ਆਰਟੀਕਲ ਲਿਖਣਾ ਸੀ। ਪੁਰੀ ਸਾਹਿਬ ਉਦੋਂ ਵੀ ਮੇਰੇ ਨਾਲ ਗਏ ਸਨ। ਸਿਕਲੀਗਰ ਬਸਤੀ ਵਿਚ ਗ਼ਰੀਬ ਪਰਿਵਾਰ ਬੜੀ ਤਰਸਯੋਗ ਹਾਲਤ ਵਿੱਚ ਰਹਿ ਰਹੇ ਸਨ। ਮੈਂ ਤੇ ਪੁਰੀ ਸਾਹਿਬ ਨੇ ਉਨ੍ਹਾਂ ਦੀ ਮਦਦ ਕਰਨ ਦੀ ਸੋਚੀ ਤੇ ਉਨ੍ਹਾਂ ਦੀ ਮੱਦਦ ਹੋਈ ਵੀ। ਪੁਰੀ ਸਾਹਿਬ ਆਪਣੇ ਦੋਸਤਾਂ ਨੂੰ ਉੱਥੇ ਲੈ ਕੇ ਗਏ ਉਨ੍ਹਾਂ ਨੂੰ ਹਾਲਾਤ ਦਿਖਾਏ ਤੇ ਮਦਦ ਲਈ ਤਿਆਰ ਕਰ ਲਿਆ। ਅਖ਼ਬਾਰਾਂ ਵਿੱਚ ਚਰਚਾ ਹੋਈ ਤਾਂ ਹਲਕਾ ਵਿਧਾਇਕ ਨੇ ਵੀ ਉਨ੍ਹਾਂ ਦੀ ਬਣਦੀ-ਸਰਦੀ ਮੱਦਦ ਕੀਤੀ। ਪਿੱਛੇ ਜੇ ਅਸੀਂ ਮਾਸਟਰ ਸਰਗਮ ਦਾ ਸਨਮਾਨ ਕਰਨਾ ਸੀ। ਸਹੀ ਗੱਲ ਤਾਂ ਇਹ ਹੈ ਕਿ ਅਸੀਂ ਸਿਰਫ ਮਹਿਫ਼ਲ ਵਾਸਤੇ ਤਿਆਰ ਸਾਂ, ਉਸ ਨੂੰ ਸਨਮਾਨ ਸਮਾਰੋਹ ਦੀ ਸ਼ਕਲ ਪੁਰੀ ਸਾਹਿਬ ਨੇ ਆਪਣੀ ਲਿਆਕਤ ਨਾਲ ਦਿੱਤੀ। ਇਕ ਸਧਾਰਨ ਮਹਿਫ਼ਲ ਪੁਰੀ ਸਾਹਿਬ ਨੇ ਇੱਕ ਵਧੀਆ ਸਨਮਾਨ ਸਮਾਰੋਹ ਵਿਚ ਬਦਲ ਦਿੱਤੀ ਸੀ।
ਪੁਰੀ ਸਾਹਬ ਜਨਮ ਦਿਨ ਮੁਬਾਰਕ ਹੋਵੇ , ਹਮੇਸ਼ਾ ਤੰਦਰੁਸਤ ਰਹੋ, ਖੁਸ਼ ਰਹੋ।

