ਪਟਵਾਰੀਆਂ ਦੀ ਵੱਡੀ ਕਮੀ ਨੇ ਕੀਤੀਆਂ ਮੁਸ਼ਕਲਾਂ ਖੜ੍ਹੀਆਂ : ਜੈਮਲ ਮਾਜਰੀ
ਚੰਡੀਗੜ੍ਹ 1 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਅੱਜ ਪਿੰਡਾਂ ਦੇ ਲੋਕਾਂ ਨੂੰ ਇੱਕ ਵੱਡੀ ਸਮੱਸਿਆ ਆ ਰਹੀ ਹੈ ਕਿਉਂਕਿ ਬਹੁਤ ਪਿੰਡ ਪਟਵਾਰੀਆਂ ਤੋਂ ਸੱਖਣੇ ਹਨ, ਜਿਸ ਕਰਕੇ ਲੋਕਾਂ ਨੂੰ ਅਲੱਗ ਅਲੱਗ ਕਾਗਜ਼ ਤਸਦੀਕ ਕਰਾਉਣ ਵਿੱਚ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ। ਭਾਜਪਾ ਦੇ ਸੀਨੀਅਰ ਆਗੂ ਰਾਣਾ ਜੈਮਲ ਸਿੰਘ ਮਾਜਰੀ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਤਹਿਸੀਲ ਮਾਜਰੀ ਅਧੀਨ ਆਉਂਦੇ ਪਿੰਡ ਪਟਵਾਰੀਆ ਤੋਂ ਬਿਨਾਂ ਹੀ ਚੱਲ ਰਹੇ ਹਨ।
ਇਹਨਾਂ ਅਨੁਸਾਰ ਜੇਕਰ ਬਲਾਕ ਮਾਜਰੀ ਦੀ ਗੱਲ ਕਰੀਏ ਤਾਂ ਇੱਥੇ ਵੀ ਪਟਵਾਰੀਆਂ ਦੀ ਭਾਰੀ ਕਮੀ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਜਪਾ ਆਗੂ ਨੇ ਸਰਕਾਰ ਪ੍ਰਤੀ ਸ਼ਿਕਵਾ ਕਰਦਿਆਂ ਕਿਹਾ ਹੈ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਪਿੰਡ ਪਟਵਾਰੀ ਤੋਂ ਸੱਖਣੇ ਹਨ, ਉੱਥੇ ਪਹਿਲ ਦੇ ਅਧਾਰ ਤੇ ਪਟਵਾਰੀ ਲਗਾਉਣੇ ਚਾਹੀਦੇ ਤੇ ਲੋਕਾਂ ਦੀ ਸਮੱਸਿਆ ਨੂੰ ਸਮਝਣਾ ਚਾਹੀਦਾ ਹੈ।
ਕਿਉਂਕਿ ਸਰਕਾਰ ਦਾ ਜੋ ਵੀ ਝਗੜਾ ਪਟਵਾਰੀਆਂ ਨਾਲ ਸੀ, ਉਸਦਾ ਖਮਿਆਜ਼ਾ ਆਮ ਲੋਕ ਭੁਗਤ ਰਹੇ ਹਨ। ਇਸ ਆਗੂ ਨੇ ਕਿਹਾ ਕਿ ਪਿਛਲੇ ਦਿਨੀਂ ਪਟਵਾਰੀਆਂ ਦਾ ਸਰਕਾਰ ਨਾਲ ਜੋ ਟਕਰਾਅ ਹੋਇਆ ਸੀ, ਉਸ ਵਿੱਚ ਪਟਵਾਰੀਆਂ ਨੇ ਵਾਧੂ ਪਿੰਡਾਂ ਦਾ ਕੰਮ ਛੱਡ ਦਿੱਤਾ ਸੀ। ਇਸ ਕਰਕੇ ਖਾਲੀ ਪਿੰਡਾਂ ਵਿੱਚ ਕੋਈ ਵੀ ਪਟਵਾਰੀ ਨਾ ਹੋਣ ਕਰਕੇ ਕੰਮ ਨਹੀਂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾ ਕਰਕੇ ਸਰਕਾਰ ਖਾਲੀ ਪਏ ਸਰਕਲਾਂ ਵਿੱਚ ਪਟਵਾਰੀਆਂ ਦਾ ਪ੍ਰਬੰਧ ਕਰੇ ਤਾਂ ਜੋ ਲੋਕਾਂ ਨੂੰ ਸੌਖਿਆ ਕੀਤਾ ਜਾਵੇ।

