ਗੀਤਾਂ ਵਿੱਚ ਹੁੰਦੀ ਠਾਹ ਠਾਹ ਬੰਦ ਕਰਵਾਏ ਸਰਕਾਰ : ਕੰਸਾਲਾ
ਚੰਡੀਗੜ੍ਹ 2 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਨੌਜਵਾਨ ਪੀੜ੍ਹੀ ਤੇ ਗੀਤਾਂ ਅਤੇ ਫਿਲਮਾਂ ਦਾ ਵੱਡਾ ਪ੍ਰਭਾਵ ਪੈਂਦਾ ਹੈ। ਸਮੇਂ ਸਮੇਂ ਤੇ ਗੀਤ ਅਤੇ ਫਿਲਮਾਂ ਨੌਜਵਾਨਾਂ ਨੂੰ ਪ੍ਰਭਾਵਿਤ ਕਰਦੀਆ ਰਹੀਆਂ ਹਨ। ਪਰ ਅੱਜ ਦੀ ਗਾਇਕੀ ਅਸ਼ਾਂਤੀ ਫੈਲਾਉਣ ਦਾ ਕੰਮ ਕਰ ਰਹੀ, ਕਿਉਂਕਿ ਅੱਜ ਸ਼ਰੇਆਮ ਗੀਤਾਂ ਵਿੱਚ ਹਥਿਆਰਾਂ ਦੀ ਅਜਮਾਇਸ਼ ਕੀਤੀ ਜਾਂਦੀ ਹੈ। ਬੰਦੂਕਾਂ ਰਾਹੀ ਠਾਠ ਅਤੇ ਠਾਹ-ਠਾਹ ਦਿਖਾਈ ਜਾਂਦੀ ਹੈ, ਸੋ ਇਸ ਠਾਹ ਠਾਹ ਨੂੰ ਸਰਕਾਰ ਤੁਰੰਦ ਬੰਦ ਕਰਵਾਵੇ।


ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਕਿਸਾਨ ਆਗੂ ਤੇ ਸਮਾਜ ਸੇਵੀ ਸੁਖਦੇਵ ਸਿੰਘ ਕੰਸਾਲਾ ਨੇ ਗੱਲਬਾਤ ਕਰਦਿਆਂ ਕੀਤਾ ਹੈ। ਕੰਸਾਲਾ ਨੇ ਕਿਹਾ ਕਿ ਜਦ ਤੋਂ ਸੋਸ਼ਲ ਮੀਡੀਆ ਦਾ ਦੌਰ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਪੰਜਾਬੀ ਗੀਤਾਂ ਅਤੇ ਫਿਲਮਾਂ ਵਿੱਚ ਹਥਿਆਰਾਂ ਤੇ ਨਸ਼ਿਆਂ ਨੂੰ ਪ੍ਰਮੋਟ ਕੀਤਾ ਜਾਣ ਲੱਗਿਆ ਹੈ। ਗੀਤ- ਸੰਗੀਤ ਮਨ ਨੂੰ ਸਕੂਨ ਦੇਣ ਵਾਲੇ ਹੁੰਦੇ ਹਨ ਪਰ ਅੱਜ ਦੇ ਗਾਇਕ ਕੁਰਾਹੇ ਪੈ ਕੇ ਹਥਿਆਰਾਂ ਤੇ ਨਸ਼ਿਆਂ ਨੂੰ ਲੈ ਕੇ ਗੀਤ ਗਾਉਂਦੇ ਹਨ। ਫਿਲਮਾਂਕਣ ਕਰਦੇ ਹਨ। ਇਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਪੰਜਾਬ ਵਿੱਚ ਬਹੁਤ ਕੁਝ ਗਲਤ ਚੱਲ ਰਿਹਾ ਹੈ। ਇਸ ਸਭ ਵਿੱਚ ਇਹ ਗੀਤ ਅਤੇ ਫਿਲਮਾਂ ਬਲ਼ਦੀ ਵਿੱਚ ਤੇਲ ਪਾਉਣ ਦਾ ਕੰਮ ਕਰਦੇ ਹਨ, ਜਿਸ ਮੁੱਦੇ ਨੂੰ ਲੈ ਕੇ ਗੀਤ ਜਾਂ ਫਿਲਮ ਦੀ ਸਟੋਰੀ ਹੁੰਦੀ ਹੈ, ਇਹ ਉੱਥੇ ਤੱਕ ਹੀ ਸੀਮਤ ਰਹਿਣੇ ਚਾਹੀਦੇ ਹਨ ਪਰ ਬਿਨ ਮਤਲਬ ਤੋਂ ਫੁਕਰਾਗਰਦੀ ਅਤੇ ਹੁਲੜਬਾਜ਼ੀ ਦਿਖਾ ਕੇ ਅਤੇ ਨਾਲ ਹੀ ਹਥਿਆਰਾਂ ਨੂੰ ਪ੍ਰਮੋਟ ਕਰਨਾ ਅਤੇ ਨਸ਼ਿਆਂ ਦਾ ਦਿਖਾਵਾ ਕਰਨਾ ਨੌਜਵਾਨੀ ਲਈ ਘਾਤਕ ਹੈ।
ਕੰਸਾਲਾ ਨੇ ਕਿਹਾ ਕਿ ਗਾਇਕ, ਐਕਟਰ ਅਤੇ ਖਿਡਾਰੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੁੰਦੇ ਹਨ ਪਰ ਅੱਜ ਦੇ ਗਾਇਕ ਜਲਦੀ ਸ਼ੋਹਰਤ ਪਾਉਣ ਦੇ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਹਨ। ਪਹਿਲਾਂ ਹੀ ਗੀਤਾਂ ਵਿੱਚ ਲੱਚਰਤਾ ਭਾਰੂ ਹੋਣ ਕਰਕੇ ਔਰਤ ਜਾਤ ਨੂੰ ਨੀਵਾਂ ਦਿਖਾਉਣ ਸਮੇਤ ਹੋਰ ਘਟੀਆ ਕਿਸਮ ਦਾ ਵੀਡੀਓ ਬਣਾਇਆ ਜਾਂਦਾ ਸੀ, ਪਰ ਥੋੜੇ ਸਮੇਂ ਤੋਂ ਹਥਿਆਰਾਂ ਅਤੇ ਨਸ਼ਿਆਂ ਵਾਲੇ ਗੀਤ ਦੀ ਕੋਈ ਚੰਗੀ ਪਹਿਲ ਕਦਮੀ ਨਹੀਂ ਹੈ। ਇਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮੌਕੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਕਾਰ, ਗਾਇਕ, ਸੰਗੀਤਕਾਰ ਅਤੇ ਵੀਡੀਓ ਡਾਇਰੈਕਟਰਾਂ ‘ਤੇ ਕਾਰਵਾਈ ਹੋਵੇਗੀ, ਪਰ ਇਹ ਗੱਲਾਂ ਅਖਬਾਰੀ ਬਿਆਨਾਂ ਤੱਕ ਹੀ ਸੀਮਤ ਰਹਿ ਗਈਆਂ ਹਨ।
ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਗੀਤ ਗਾਏ, ਫਲਮਾਏ ਤੇ ਵੀਡੀਓ ‘ਤੇ ਫਿਲਮਾਂ ਬਣਾਈਆਂ ਜਾਂਦੀਆਂ ਹਨ, ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਗਾਇਕ-ਐਕਟਰ, ਮਾਰੂ ਹਥਿਆਰਾਂ ਦਾ ਪ੍ਰਦਰਸ਼ਨ ਕਰਦੇ ਹਨ। ਉਹ ਹਥਿਆਰ ਅਤੇ ਉਹ ਗੀਤ ਨੌਜਵਾਨਾਂ ‘ਤੇ ਸਿੱਧਾ ਸਿੱਧਾ ਅਸਰ ਕਰਦੇ ਹਨ। ਇਹਨਾਂ ਕਿਹਾ ਕਿ ਲੱਖਾਂ ਰੁਪਏ ਲੈਣ ਵਾਲੇ ਗਾਇਕ ਨੌਜਵਾਨਾਂ ਨੂੰ ਕੀ ਪਰੋਸ ਰਹੇ ਹਨ? ਕਿਸਾਨ ਆਗੂ ਕੰਸਾਲਾ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਅਤੇ ਜੋ ਅਜਿਹਾ ਕੁਝ ਕਰਦੇ ਹਨ, ਉਹਨਾਂ ‘ਤੇ ਕਾਨੂੰਨੀ ਕਾਰਵਾਈ ਕਰਦਿਆਂ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਨੌਜਵਾਨਾਂ ਨੂੰ ਨਾ ਭੜਕਾ ਸਕਣ ਅਤੇ ਗੀਤਾਂ ਫਿਲਮਾਂ ਰਾਹੀਂ ਨਵੀਂ ਪੀੜੀ ਨੂੰ ਕੋਈ ਸੇਧ ਮਿਲ ਸਕੇ ਤੇ ਪੰਜਾਬ ਖੁਸ਼ੀਆਂ ਸੰਗ ਹੱਸਦਾ – ਵੱਸਦਾ ਰਹੇ।

