www.sursaanjh.com > ਚੰਡੀਗੜ੍ਹ/ਹਰਿਆਣਾ > ਪੱਤਰਕਾਰਾਂ ਦੀ ਸੁਰੱਖਿਆ ਲਈ ਮੀਡੀਆ ਕਮਿਸ਼ਨ ਬਣਾਉਣ ਦੀ ਮੰਗ

ਪੱਤਰਕਾਰਾਂ ਦੀ ਸੁਰੱਖਿਆ ਲਈ ਮੀਡੀਆ ਕਮਿਸ਼ਨ ਬਣਾਉਣ ਦੀ ਮੰਗ

ਪੱਤਰਕਾਰਾਂ ਦੀ ਸੁਰੱਖਿਆ ਲਈ ਮੀਡੀਆ ਕਮਿਸ਼ਨ ਬਣਾਉਣ ਦੀ ਮੰਗ
ਚੰਡੀਗਡ਼੍ਹ 2 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਪੰਜਾਬ ਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਨੇ ਪੱਤਰਕਾਰਾਂ ਦੀ ਸੁਰੱਖਿਆ ਅਤੇ ਕੌਮੀ ਪੱਧਰ ’ਤੇ ਮੀਡੀਆ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ। ਦੇਸ਼ ਭਰ ’ਚ ਪੱਤਰਕਾਰਾਂ ’ਤੇ ਹੋ ਰਹੇ ਹਮਲੇ ਅਤੇ ਮੀਡੀਆ ਕਮਿਸ਼ਨ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਗਾਂਧੀ ਜੈਅੰਤੀ ਮੌਕੇ ਇੰਡੀਅਨ ਜਰਨਿਲਸਟ ਯੂਨੀਅਨ (ਆਈਜੇਯੂ) ਦੇ ਸੱਦੇ ’ਤੇ ਪੰਜਾਬ ਤੇ ਚੰਡੀਗਡ਼੍ਹ ਜਰਲਿਸਟਸ ਯੂਨੀਅਨ (ਪੀਸੀਜੇਯੂ) ਨੇ ਸੂਬੇ ਭਰ ’ਚ ਮੰਗ ਤੇ ਰੋਸ ਦਿਵਸ ਮਨਾਇਆ।
ਇਸ ਮੌਕੇ ਪੰਜਾਬ ਤੇ ਚੰਡੀਗਡ਼੍ਹ ਜਰਨਲਿਸਟਸ ਯੂਨੀਅਨ ਨੇ ਸੈਕਟਰ-17 ਵਿਚ ਮੂੰਹ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਚੰਡੀਗਡ਼੍ਹ ਵਿਖੇ ਪੰਜਾਬ ਤੇ ਚੰਡੀਗਡ਼੍ਹ ਜਰਲਿਸਟ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ ਨੇ ਕਿਹਾ ਕਿ ਅਜੌਕੇ ਦੌਰ ਵਿਚ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਨਵੇਂ-ਨਵੇਂ ਕਾਨੂੰਨ ਬਣਾ ਕੇ ਮੀਡੀਆ ’ਤੇ ਆਪਣਾ ਗਲਬਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕੇ ਕੇਂਦਰ ਸਰਕਾਰ ਦੀ ਤਰਜ਼ ’ਤੇ ਸੂਬਾ ਸਰਕਾਰਾਂ ਵੀ ਮੀਡੀਆ ਦੀ ਆਵਾਜ਼ ਨੂੰ ਦਬਾਉਣ ਲੱਗੀਆਂ ਹੋਈਆਂ ਹਨ ਅਤੇ ਆਪਣੀ ਇੱਛਾ ਮੁਤਾਬਿਕ ਖ਼ਬਰ ਪ੍ਰਕਾਸ਼ਿਤ ਕਰਨ ਲਈ ਪੱਤਰਕਾਰਾਂ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਮੁਤਾਬਿਕ ਪ੍ਰੈੱਸ ਦੀ ਅਜ਼ਾਦੀ ਮਾਮਲੇ ਵਿਚ ਭਾਰਤ ਦਾ ਨਾਮ 160ਵੇਂ ਸਥਾਨ ’ਤੇ ਪੁੱਜ ਗਿਆ ਹੈ।
ਚੰਡੀਗਡ਼੍ਹ ਤੇ ਹਰਿਆਣਾ ਜਰਨਿਲਸਟਸ ਯੂਨੀਅਨ ਦੇ ਪ੍ਰਧਾਨ ਰਾਮ ਸਿੰਘ ਬਰਾਡ਼ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਰਕਾਰਾਂ ਵੱਲੋਂ ਮੀਡੀਆ ਨੂੰ ਆਪਣੀ ਕਠਪੁਤਲੀ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵੱਲੋਂ ਮੀਡੀਆ ਦੇ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੱਤਰਕਾਰਾਂ ਦੀ ਸੁਰੱਖਿਆ ਲਈ ਕੇਂਦਰੀ ਕਾਨੂੰਨ ਤੇ ਮੀਡੀਆ ਕਮਿਸ਼ਨ ਬਣਾਇਆ ਜਾਵੇ।
ਇਸ ਮੌਕੇ ਯੂਨੀਅਨ ਦੇ ਆਗੂ ਬਿੰਦੂ ਸਿੰਘ, ਪ੍ਰੀਤਮ ਸਿੰਘ ਰੁਪਾਲ, ਨੀਸ਼ਾ ਸ਼ਰਮਾ, ਭੁਪਿੰਦਰ ਸਿੰਘ ਮਲਿਕ, ਹਰਨਾਮ ਸਿੰਘ ਡੱਲਾ, ਸੁਖਵਿੰਦਰ ਸਿੰਘ ਸਿੱਧੂ ਤੇ ਹੋਰਨਾਂ ਨੇ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ’ਤੇ ਇਕੱਠੇ ਹੋਏ ਵੱਡੀ ਗਿਣਤੀ ਵਿਚ ਪੱਤਰਕਾਰਾਂ ਨੇ ਸੂਬਾ ਤੇ ਕੇਂਦਰ ਸਰਕਾਰਾਂ ਤੋਂ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਮੀਡੀਆ ਦੇ ਖੇਤਰ ਵਿਚ ਆਈਆਂ ਤਬਦੀਲੀਆਂ ਦੇ ਅਧਿਐਨ ਲਈ ਮੀਡੀਆ ਕਮਿਸ਼ਨ ਬਨਾਉਣ ਦੀ ਮੰਗ ਕੀਤੀ। ਇਸ ਮੌਕੇ ’ਤੇ ਗੁਰਉਪਦੇਸ਼ ਭੁੱਲਰ, ਆਰ ਐੱਸ ਲਿਬਰੇਟ, ਸਰਬਜੀਤ ਭੱਟੀ, ਬਲਵੰਤ ਤਕਸ਼ਕ, ਮੇਜਰ ਸਿੰਘ, ਪ੍ਰੋ ਅਵਤਾਰ ਸਿੰਘ, ਅਮਰਪਾਲ ਸਿੰਘ ਬੈਂਸ, ਗੁਰਪ੍ਰੀਤ ਡੈਨੀ ਤੇ ਹੋਰ ਹਾਜ਼ਰ ਸਨ।
ਇਸ ਤੋਂ ਇਲਾਵਾ ਲੁਧਿਆਣਾ (ਦਿਹਾਤੀ) ਇਕਾਈ ਵੱਲੋਂ ਯੂਨੀਅਨ ਆਗੂ ਸੰਤੋਖ ਸਿੰਘ ਗਿੱਲ ਦੀ ਅਗਵਾਈ ਹੇਠ ਹਲਕਾ ਰਾਏਕੋਟ ਤੋਂ ‘ਆਪ’ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਇਸੀ ਤਰ੍ਹਾਂ ਫਤਿਹਗੜ੍ਹ ਸਾਹਿਬ ਦੀ ਇਕਾਈ ਵਲੋ ਭੂਸ਼ਨ ਸੂਦ ਅਤੇ ਰੂਪਨਗਰ ਜਿਲ੍ਹਾ ਇਕਾਈ ਵਲੋ ਕਰਨੈਲ ਸਿੰਘ ਜੀਤ ਦੀ ਅਗਵਾਈ ਹੇਠ ਮੋਰਿੰਡਾ ਵਿਖੇ ਮੀਡੀਆ ਦੀ ਆਜ਼ਾਦੀ ਤੇ ਮੀਡੀਆ ਕਮਿਸ਼ਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

Leave a Reply

Your email address will not be published. Required fields are marked *