www.sursaanjh.com > ਚੰਡੀਗੜ੍ਹ/ਹਰਿਆਣਾ > ਝੋਨੇ ਦੇ ਖਰੀਦ ਸੀਜ਼ਨ ਦੀ ਸ਼ੁਰੂਆਤ

ਝੋਨੇ ਦੇ ਖਰੀਦ ਸੀਜ਼ਨ ਦੀ ਸ਼ੁਰੂਆਤ

ਝੋਨੇ ਦੇ ਖਰੀਦ ਸੀਜ਼ਨ ਦੀ ਸ਼ੁਰੂਆਤ 
ਸੂਬੇ ਦੀਆਂ ਸਾਰੀਆਂ ਮੰਡੀਆਂ ’ਚ ਕੀਤੇ ਗਏ ਹਨ ਪੁਖਤਾ ਪ੍ਰਬੰਧ
ਪੰਜਾਬ ਸਰਕਾਰ ਅਨਾਜ ਦੇ ਦਾਣੇ-ਦਾਣੇ ਦੀ ਖਰੀਦ ਲਈ ਵਚਨਬੱਧ 
ਕਿਸਾਨਾਂ ਦੇ ਫ਼ੋਨਾਂ ’ਤੇ ਸਿੱਧੇ ਭੇਜੇ ਜਾ ਰਹੇ ਹਨ ਜੇ-ਫਾਰਮ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਅਕਤੂਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਵਿੱਚ ਸੂਬੇ ਦੀਆਂ ਸਾਰੀਆਂ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿੱਥੇ ਅੱਜ 2023-24 ਸੀਜ਼ਨ ਲਈ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ।  ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਖਰੀਦ ਤੇ ਚੁਕਾਈ (ਲਿਫਟਿੰਗ) ਦੀ ਸਮੁੱਚੀ ਪ੍ਰਕਿਰਿਆ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹੀ ਜਾਵੇ।
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਦੱਸਿਆ ਕਿ ਮੰਡੀਆਂ ਵਿੱਚ ਸਫਾਈ, ਪਾਣੀ ਅਤੇ ਪਖਾਨਿਆਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਕੱਤਰ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਵੱਲੋਂ ਹੱਡ-ਭੰਨਵੀਂ ਮਿਹਨਤ ਨਾਲ ਪੈਦਾ ਕੀਤੇ ਅਨਾਜ ਦੇ ਦਾਣੇ-ਦਾਣੇ  ਦੀ ਖ਼ਰੀਦ ਕਰਨ ਤੋਂ ਇਲਾਵਾ ਫੌਰੀ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਵੀ ਪੂਰੀ ਤਰ੍ਹਾਂ ਵਚਨਬੱਧ ਹੈ।
ਕਿਸਾਨਾਂ ਨੂੰ ਜਿਣਸ (ਫਸਲ) ਦੀ ਅਦਾਇਗੀ ਕਰਨ ਦੇ ਮੱਦੇਨਜ਼ਰ ਸਕੱਤਰ ਨੇ ਕਿਹਾ ਕਿ ਭਾਵੇਂ ਕਿਸਾਨਾਂ ਦੇ ਖਾਤਿਆਂ ਵਿੱਚ 24 ਘੰਟੇ ਜਾਂ ਇਸ ਤੋਂ ਵੀ ਘੱਟ ਸਮੇਂ ਵਿੱਚ ਅਦਾਇਗੀ  ਹੋ ਜਾਂਦੀ ਹੈ, ਪਰ ਅੱਜ (1 ਅਕਤੂਬਰ) ਅਤੇ ਕੱਲ੍ਹ (2 ਅਕਤੂਬਰ) ਨੂੰ ਛੁੱਟੀ ਹੋਣ ਕਰਕੇ ਬੈਂਕ ਬੰਦ ਹਨ, ਇਸ ਲਈ ਪਹਿਲੇ ਦਿਨ ਦੀ ਖਰੀਦ ਦੀ ਅਦਾਇਗੀ 3 ਅਕਤੂਬਰ ਨੂੰ ਕੀਤੀ ਜਾਵੇਗੀ। ਹਾਲਾਂਕਿ, ਬਿੱਲਾਂ ਨੂੰ ਤਿਆਰ ਕਰਵਾਉਣ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰ ਲਈਆਂ ਗਈਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ 3 ਅਕਤੂਬਰ ਨੂੰ ਅਦਾਇਗੀਆਂ ਤੁਰੰਤ ਜਾਰੀ ਕੀਤੀਆਂ ਜਾ ਸਕਣ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੱਤਰ ਨੇ ਦੱਸਿਆ ਕਿ ਮੰਡੀ ਬੋਰਡ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਵੀ ਯਕੀਨੀ ਬਣਾ ਰਿਹਾ ਹੈ।  ਕਿਸਾਨਾਂ ਦੇ ਫ਼ੋਨਾਂ ’ਤੇ ਜੇ-ਫਾਰਮ ਸਿੱਧਾ ਭੇਜਿਆ ਜਾਵੇਗਾ ਤਾਂ ਜੋ ਜੇ-ਫਾਰਮ ਲੈਣ ਲਈ ਦਫ਼ਤਰਾਂ ਦੇ ਚੱਕਰ ਕੱਢਣ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਸ਼ੈਲਰ ਦੀ ਅਲਾਟਮੈਂਟ, ਰਜਿਸਟਰੇਸ਼ਨ ਅਤੇ ਲਿੰਕੇਜ ਸਬੰਧੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ ਅਤੇ ਹਰੇਕ ਮੰਡੀ ਨੂੰ ਇੱਕ ਸ਼ੈਲਰ ਨਾਲ ਜੋੜ ਦਿੱਤਾ ਗਿਆ ਹੈ। ਸਕੱਤਰ ਨੇ ਅੱਗੇ ਦੱਸਿਆ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਨਮੀ ਖ਼ਤਮ ਹੋਣ ਤੋਂ ਬਾਅਦ ਹੀ ਮੰਡੀਆਂ ਵਿੱਚ ਆਪਣੀ ਫਸਲ ਲਿਆਉਣ ਕਿਉਂਕਿ ਨਮੀ ਦੀ ਮਾਤਰਾ ਫਸਲ ਦੇ ਸੁੱਕਣ ਵਿੱਚ ਬੇਲੋੜੀ ਦੇਰੀ ਦਾ ਕਾਰਨ ਬਣਦੀ ਹੈ, ਜਿਸ ਨਾਲ ਮੰਡੀਆਂ ਵਿੱਚ ਸੁਚੱਜੇ ਢੰਗ ਨਾਲ ਫਸਲ ਸਾਂਭਣ ਵਿੱਚ ਪਰੇਸ਼ਾਨੀ ਪੇਸ਼ ਆਉਂਦੀ ਹੈ।

Leave a Reply

Your email address will not be published. Required fields are marked *